ਬਠਿੰਡਾ: ਸਿਰਸਾ ਬਠਿੰਡਾ ਸਰਹੱਦ ਨੇੜੇ ਡੱਬਵਾਲੀ ‘ਚ ਹਰਿਆਣਾ ਪੁਲਿਸ ਵੱਲੋਂ ਬੀਤੇ ਦਿਨ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੂੰ ਡੱਕ ਲਿਆ ਗਿਆ ਸੀ। ਜਿਸ ਤੋਂ ਬਾਅਦ ਅੱਜ ਇਸ ਜਥੇਬੰਦੀ ਨੇ ਦਿੱਲੀ ਨੂੰ ਕੂਚ ਕਰਨੀ ਸ਼ੁਰੂ ਕਰ ਦਿੱਤੀ ਹੈ। ਕਿਸਾਨਾਂ ਦੇ ਵਧਦੇ ਕਦਮਾਂ ਨੂੰ ਦੇਖਦੇ ਹੋਏ ਹਰਿਆਣਾ ਪੁਲਿਸ ਨੇ ਵੀ ਸਖ਼ਤੀ ਵਧਾ ਦਿੱਤੀ ਹੈ। ਡੱਬਵਾਲੀ ਸਰਹੱਦ ‘ਤੇ ਹਰਿਆਣਾ ਪੁਲਿਸ ਨੇ ਚਾਰ ਲੇਅਰਾਂ ਵਿੱਚ ਸੁਰੱਖਿਆ ਵਧਾਈ ਹੈ।
ਸਰਹੱਦ ਸ਼ੁਰੂ ਹੁੰਦੇ ਹੀ ਹਰਿਆਣਾ ਪੁਲੀਸ ਵੱਲੋਂ ਵੱਡੇ ਵੱਡੇ ਪੱਥਰ ਰੱਖੇ ਗਏ ਹਨ ਉਸ ਤੋਂ ਬਾਅਦ ਜ਼ਬਰਦਸਤ ਬੈਰੀਕੇਡਿੰਗ ਕੀਤੀ ਗਈ ਹੈ। ਬੈਰੀਕੇਡ ਤੋਂ ਬਾਅਦ ਚਾਰ ਘੇਰਿਆਂ ਵਿੱਚ ਪੁਲੀਸ ਫੋਰਸ ਤਾਇਨਾਤ ਕੀਤੀ ਹੋਈ ਹੈ। ਇਸ ਦੇ ਨਾਲ ਹੀ ਹਰਿਆਣਾ ਪੁਲਿਸ ਨੇ ਵਾਟਰ ਕੈਨਨ ਦਾ ਪ੍ਰਬੰਧ ਵੀ ਕੀਤਾ ਹੈ ਜੇਕਰ ਕਿਸਾਨ ਇੱਥੋਂ ਬੈਰੀਕੇਡ ਤੋੜ ਕੇ ਅੱਗੇ ਵਧਣ ਦੀ ਕੋਸ਼ਿਸ਼ ਕਰਦੇ ਹਨ।
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਬੀਤੇ ਦਿਨ ਡਬਵਾਲੀ ਸਰਹੱਦ ‘ਤੇ ਪਹੁੰਚ ਗਈ ਸੀ ਜਿਸ ਤੋਂ ਬਾਅਦ ਉਨ੍ਹਾਂ ਨੇ ਉਥੇ ਪੱਕਾ ਮੋਰਚਾ ਲਗਾ ਲਿਆ ਸੀ। ਦੇਰ ਰਾਤ ਕਿਸਾਨ ਯੂਨੀਅਨ ਨੇ ਮੀਟਿੰਗ ਕੀਤੀ ਅਤੇ ਫ਼ੈਸਲਾ ਲਿਆ ਕਿ ਸਵੇਰੇ 11 ਵਜੇ ਦਿੱਲੀ ਨੂੰ ਕੂਚ ਕਰਨਾ ਹੈ। ਜਿਸ ਤੋਂ ਬਾਅਦ ਡਬਵਾਲੀ ਸਰਹੱਦ ‘ਤੇ ਵੀ ਮਾਹੌਲ ਭਖ ਗਿਆ।