ਵਿਕਟੋਰੀਆ : ਕੈਨੇਡਾ ਦੀ ਸੱਤਾ ‘ਚ ਮੁੜ ਆਈ ਲਿਬਰਲ ਸਰਕਾਰ ਅੱਗੇ ਮੰਗ ਰੱਖਦਿਆਂ ਵੱਖ-ਵੱਖ ਸੂਬਿਆਂ ਦੇ ਪ੍ਰੀਮੀਅਰਜ਼ ਨੇ ਕਿਹਾ ਕਿ ਫੈਡਰਲ ਸਰਕਾਰ ਹੈਲਥ-ਕੇਅਰ ਫੰਡਿੰਗ ਵਿੱਚ ਜਲਦ ਤੋਂ ਜਲਦ ਵਾਧਾ ਕਰੇ। ਇਸ ਤੋਂ ਇਲਾਵਾ ਉਨ੍ਹਾਂ ਨੇ ਇਸ ਸਾਲ ਦੇ ਅੰਤ ਤੋਂ ਪਹਿਲਾਂ ਨਵੇਂ ਮੰਤਰੀਆਂ ਦੀ ਪਹਿਲੀ ਬੈਠਕ ਕਰਵਾਉਣ ਦੀ ਵੀ ਮੰਗ ਕੀਤੀ ਹੈ।
10 ਸੂਬਿਆਂ ਅਤੇ 2 ਟੈਰੀਟਰੀਜ਼ ਦੇ ਪ੍ਰੀਮੀਅਰਜ਼ ਨੇ ਕੌਂਸਲ ਆਫ਼ ਫੈਡਰੇਸ਼ਨ ਦੀ ਟੈਲੀ ਕਾਨਫਰੰਸ ਵਿੱਚ ਇਹ ਮੁੱਦਾ ਚੁੱਕਿਆ। ਇਸ ਕਾਨਫਰੰਸ ਦੌਰਾਨ ਕੋਰੋਨਾ ਮਹਾਂਮਾਰੀ ਤੇ ਆਰਥਿਕ ਸੁਧਾਰਾਂ ਸਣੇ ਵੱਖ-ਵੱਖ ਮੁੱਦਿਆਂ ’ਤੇ ਚਰਚਾ ਹੋਈ, ਪਰ ਸਭ ਤੋਂ ਵੱਧ ਹੈਲਥ-ਕੇਅਰ ਫੰਡਿੰਗ ਦੇ ਮੁੱਦੇ ’ਤੇ ਜ਼ੋਰ ਦਿੱਤਾ ਗਿਆ।
ਇਸ ਮੌਕੇ ਸੰਬੋਧਨ ਕਰਦਿਆਂ ਕੌਂਸਲ ਆਫ਼ ਫੈਡਰੇਸ਼ਨ ਦੇ ਚੇਅਰ ਤੇ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਜੌਨ ਹੌਰਗਨ ਨੇ ਕਿਹਾ ਕਿ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦਾ ਹੈਲਥ-ਕੇਅਰ ਸਿਸਟਮ ਇਸ ਵੇਲੇ ਕਈ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ। ਇਨ੍ਹਾਂ ਚੁਣੌਤੀਆਂ ਨਾਲ ਨਜਿੱਠਣ ਲਈ ਨਵੀਂ ਚੁਣੀ ਗਈ ਫੈਡਰਲ ਸਰਕਾਰ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਬਾਂਹ ਫੜ੍ਹਦੇ ਹੋਏ ਉਨ੍ਹਾਂ ਨੂੰ ਦਿੱਤੀ ਜਾਂਦੀ ਹੈਲਥ-ਕੇਅਰ ਫੰਡਿੰਗ ਵਿੱਚ ਵਾਧਾ ਕਰੇ ਤਾਂ ਜੋ ਉਹ ਇਨ੍ਹਾਂ ਮਾੜੇ ਹਾਲਾਤ ’ਚੋਂ ਬਾਹਰ ਨਿਕਲ ਸਕਣ।
ਉਨ੍ਹਾਂ ਕਿਹਾ ਕਿ ਟਰੂਡੋ ਸਰਕਾਰ ਕੈਨੇਡਾ ਹੈਲਥ ਟਰਾਂਸਫਰ ਰਾਹੀਂ ਸੂਬਿਆਂ ਤੇ ਕੇਂਦਰ ਸਾਸ਼ਿਤ ਪ੍ਰਦੇਸ਼ਾਂ ਨੂੰ ਦਿੱਤੀ ਜਾਂਦੀ ਹੈਲਥ-ਕੇਅਰ ਫੰਡਿੰਗ ਵਿੱਚ ਤੁਰੰਤ ਵਾਧਾ ਕਰੇ। ਜੌਹਨ ਹੌਰਗਨ ਨੇ ਕਿਹਾ ਕਿ ਪ੍ਰੀਮੀਅਰ ਚਾਹੁੰਦੇ ਨੇ ਕਿ ਹੈਲਥ-ਕੇਅਰ ਲਈ ਦਿੱਤਾ ਜਾਂਦਾ ਫੈਡਰਲ ਸ਼ੇਅਰ 22 ਫੀਸਦੀ ਤੋਂ ਵਧਾ ਕੇ 35 ਫੀਸਦੀ ਕੀਤਾ ਜਾਵੇ।