ਵਿਵੇਕ ਸ਼ਰਮਾ ਦੀ ਰਿਪੋਰਟ:-
ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਦੀ ਅੱਜ ਹੋਈ ਮੀਟਿੰਗ ਲਗਾਤਾਰ ਸੁਰਖੀਆਂ ਬਟੋਰ ਰਹੀ ਹੈ। ਪੰਜਾਬ ਕਾਂਗਰਸ ਦੇ ਦੋ ਵੱਡੇ ਵਿਰੋਧੀਆਂ ਦੀ ਇਸ ਮੀਟਿੰਗ ਦੇ ਕਈ ਮਾਇਨੇ ਕੱਢੇ ਜਾ ਰਹੇ ਹਨ। ਸਿਆਸੀ ਮਾਹਿਰ ਇਸ ਨੂੰ ਕੈਪਟਨ ਦੀ ਕੂਟਨੀਤੀ ਦਾ ਅਹਿਮ ਹਿੱਸਾ ਮੰਨ ਰਹੇ ਹਨ।
ਮੁੱਖ ਮੰਤਰੀ ਦੇ ਸਿਸਵਾਂ ਫਾਰਮ ਵਿਖੇ ਕੈਪਟਨ ਅਤੇ ਬਾਜਵਾ ਦੀ ਮੁਲਾਕਾਤ ਸਮੇਂ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਅਤੇ ਸਪੀਕਰ ਰਾਣਾ ਕੇ ਪੀ ਸਿੰਘ ਵੀ ਮੌਜੂਦ ਸਨ।
ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਇਸ ਮੀਟਿੰਗ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ ।
ਜ਼ਿਕਰਯੋਗ ਹੈ ਕਿ ਪ੍ਰਤਾਪ ਸਿੰਘ ਬਾਜਵਾ ਪਿਛਲੇ ਚਾਰ ਸਾਲਾਂ ਤੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕਾਰਜ ਸ਼ੈਲੀ ਦੀ ਲਗਾਤਾਰ ਨੁਕਤਾਚੀਨੀ ਕਰਦੇ ਆਏ ਹਨ। ਉਹ ਇਸ ਬਾਰੇ ਹਾਈ ਕਮਾਂਡ ਨਾਲ ਵੀ ਗੱਲ ਕਰ ਚੁੱਕੇ ਹਨ। ਪਰ ਇਸ ਸਮੇਂ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਥਾਪੇ ਜਾਣ ਦੀਆਂ ਸੰਭਾਵਨਾਵਾਂ ਵਿਚਾਲੇ ਪਾਰਟੀ ਦੇ ਅੰਦਰ ਭਾਰੀ ਹਲਚਲ ਮਚੀ ਹੋਈ ਹੈ। ਨਵਜੋਤ ਸਿੰਘ ਸਿੱਧੂ ਪਾਰਟੀ ਦੇ ਆਗੂਆਂ ਨੂੰ ਆਪਣੇ ਪੱਖ ਵਿੱਚ ਕਰਨ ਲਈ ਜੀ-ਜਾਨ ਨਾਲ ਜੁਟੇ ਹੋਏ ਹਨ।
ਦੱਸਣਯੋਗ ਹੈ ਕਿ ਨਵਜੋਤ ਸਿੰਘ ਸਿੱਧੂ ਵੀ ਪ੍ਰਤਾਪ ਸਿੰਘ ਬਾਜਵਾ ਨਾਲ ਮੁਲਾਕਾਤ ਕਰ ਚੁੱਕੇ ਹਨ।