ਪਾਕਿਸਤਾਨ ‘ਚ ਸੁਰੱਖਿਆ ਬਲਾਂ ਦੀਆਂ ਕਈ ਬੱਸਾਂ ਵਿੱਚ ਜ਼ਬਰਦਸਤ ਧਮਾਕਾ

Global Team
3 Min Read

ਨਿਊਜ਼ ਡੈਸਕ: ਟਰੇਨ ਹਾਈਜੈਕਿੰਗ ਤੋਂ ਬਾਅਦ ਪਾਕਿਸਤਾਨ ‘ਚ ਲਗਾਤਾਰ ਅੱਤਵਾਦੀ ਹਮਲੇ ਹੋ ਰਹੇ ਹਨ। ਪਾਕਿਸਤਾਨ ਇੱਕ ਹੋਰ ਨਵੇਂ ਧਮਾਕੇ ਨਾਲ ਹਿੱਲ ਗਿਆ ਹੈ। ਇਸ ਧਮਾਕੇ ਵਿੱਚ ਪਾਕਿਸਤਾਨੀ ਸੁਰੱਖਿਆ ਬਲਾਂ ਦੇ 90 ਜਵਾਨਾਂ ਦੇ ਮਾਰੇ ਜਾਣ ਦਾ ਦਾਅਵਾ ਕੀਤਾ ਗਿਆ ਹੈ। ਇਹ ਦਾਅਵਾ ਪਾਕਿਸਤਾਨ ਮੁਸਲਿਮ ਲੀਗ (ਨਵਾਜ਼) ਦੇ ਇੱਕ ਨੌਜਵਾਨ ਆਗੂ ਨੇ ਕੀਤਾ ਹੈ। ਇਹ ਧਮਾਕਾ ਐਤਵਾਰ ਨੂੰ ਅਸ਼ਾਂਤ ਦੱਖਣ-ਪੱਛਮੀ ਪਾਕਿਸਤਾਨ ਵਿੱਚ ਹੋਇਆ, ਜਿੱਥੇ ਸੁਰੱਖਿਆ ਬਲਾਂ ਨੂੰ ਲਿਜਾ ਰਹੀ ਇੱਕ ਬੱਸ ਦੇ ਨੇੜੇ ਸੜਕ ਕਿਨਾਰੇ ਇੱਕ ਬੰਬ ਧਮਾਕਾ ਹੋਇਆ। ਇਸ ‘ਚ ਘੱਟੋ-ਘੱਟ ਪੰਜ ਅਧਿਕਾਰੀਆਂ ਦੀ ਮੌਤ ਅਤੇ 10 ਹੋਰਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ।

ਸਥਾਨਿਕ ਪੁਲਿਸ ਮੁਖੀ ਜ਼ਫ਼ਰ ਜ਼ਮਾਨਾਨੀ ਨੇ ਦੱਸਿਆ ਕਿ ਇਹ ਹਮਲਾ ਬਲੋਚਿਸਤਾਨ ਦੇ ਨੌਸ਼ਕੀ ਜ਼ਿਲ੍ਹੇ ਵਿੱਚ ਹੋਇਆ ਹੈ। ਉਨ੍ਹਾਂ ਦੱਸਿਆ ਕਿ ਧਮਾਕੇ ਨਾਲ ਨੇੜਲੀ ਇੱਕ ਹੋਰ ਬੱਸ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ। ਮ੍ਰਿਤਕਾਂ ਅਤੇ ਜ਼ਖਮੀਆਂ ਨੂੰ ਨੇੜੇ ਦੇ ਹਸਪਤਾਲ ਲਿਜਾਇਆ ਗਿਆ ਹੈ। ਬਲੋਚਿਸਤਾਨ ਦੇ ਮੁੱਖ ਮੰਤਰੀ ਸਰਫਰਾਜ਼ ਬੁਗਤੀ ਨੇ ਹਮਲੇ ਦੀ ਨਿੰਦਾ ਕੀਤੀ ਹੈ। ਕਿਸੇ ਨੇ ਤੁਰੰਤ ਜ਼ਿੰਮੇਵਾਰੀ ਨਹੀਂ ਲਈ, ਪਰ ਸ਼ੱਕ ਗੈਰ-ਕਾਨੂੰਨੀ ਬਲੋਚ ਲਿਬਰੇਸ਼ਨ ਆਰਮੀ ‘ਤੇ ਪੈ ਰਿਹਾ ਹੈ, ਜਿਸ ਨੇ ਕੁਝ ਦਿਨ ਪਹਿਲਾਂ ਇਕ ਰੇਲਗੱਡੀ ‘ਤੇ ਹਮਲਾ ਕਰਕੇ, ਲਗਭਗ 400 ਲੋਕਾਂ ਨੂੰ ਬੰਧਕ ਬਣਾ ਲਿਆ ਸੀ ਅਤੇ 26 ਨੂੰ ਮਾਰ ਦਿੱਤਾ ਸੀ।

ਰਿਪੋਰਟ ‘ਚ ਕਿਹਾ ਗਿਆ ਹੈ ਕਿ ਇਸ ਹਮਲੇ ਵਿੱਚ ਪਾਕਿਸਤਾਨੀ ਸੁਰੱਖਿਆ ਬਲਾਂ ਦੇ 90 ਜਵਾਨ ਮਾਰੇ ਗਏ ਹਨ। ਬਲੋਚਿਸਤਾਨ ਨੇ ਬੀਐੱਲਏ ਦੇ ਹਵਾਲੇ ਨਾਲ ਇਹ ਦਾਅਵਾ ਕੀਤਾ ਹੈ। ਨਾਲ ਹੀ ਐਕਸ ‘ਤੇ ਧਮਾਕੇ ਤੋਂ ਬਾਅਦ ਦੀਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ ਗਈਆਂ ਹਨ। ਪਾਕਿਸਤਾਨ ਨੂੰ ਇਸ ਧਮਾਕੇ ਪਿੱਛੇ ਬਲੋਚ ਆਰਮੀ ਦਾ ਹੱਥ ਹੋਣ ਦਾ ਸ਼ੱਕ ਹੈ। ਤੇਲ ਅਤੇ ਖਣਿਜਾਂ ਨਾਲ ਭਰਪੂਰ ਬਲੋਚਿਸਤਾਨ ਪਾਕਿਸਤਾਨ ਦਾ ਸਭ ਤੋਂ ਵੱਡਾ ਅਤੇ ਘੱਟ ਆਬਾਦੀ ਵਾਲਾ ਸੂਬਾ ਹੈ। ਨਸਲੀ ਬਲੋਚ ਨਿਵਾਸੀਆਂ ਨੇ ਲੰਬੇ ਸਮੇਂ ਤੋਂ ਕੇਂਦਰ ਸਰਕਾਰ ‘ਤੇ ਵਿਤਕਰੇ ਦਾ ਦੋਸ਼ ਲਗਾਇਆ ਹੈ। ਇਸਲਾਮਾਬਾਦ ਇਸ ਦੋਸ਼ ਤੋਂ ਇਨਕਾਰ ਕਰਦਾ ਹੈ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment