ਚੰਡੀਗੜ੍ਹ: ਪੰਜਾਬ ‘ਚ ਕਿਸਾਨਾਂ ਵੱਲੋਂ ਲਗਾਏ ਗਏ ਧਰਨੇ ਨਾਲ ਸੂਬੇ ‘ਚ ਬਿਜਲੀ ਸੰਕਟ ਪੈਦਾ ਹੋ ਸਕਦਾ ਹੈ। ਅਗਲੇ ਦੋ ਤੋਂ ਤਿੰਨ ਦਿਨਾਂ ਤੱਕ ਬਿਜਲੀ ਸਪਲਾਈ ਦੀ ਮੁਸ਼ਕਲ ਆ ਸਕਦੀ ਹੈ, ਕਿਉਂਕਿ ਕਿਸਾਨਾਂ ਵੱਲੋਂ ਪਿਛਲੇ 15 ਦਿਨਾਂ ਤੋਂ ਵੱਧ ਰੇਲ ਟਰੈਕ ਜਾਮ ਕੀਤੇ ਹੋਏ ਹਨ। ਇਸ ਕਾਰਨ ਸੂਬੇ ਵਿੱਚ ਨਾ ਤਾਂ ਯਾਤਰੀ ਰੇਲ ਗੱਡੀਆਂ ਚੱਲ ਰਹੀਆਂ ਹਨ ਅਤੇ ਨਾ ਹੀ ਮਾਲ ਗੱਡੀਆਂ ਆ ਜਾ ਰਹੀਆਂ ਹਨ।
ਇਹ ਕਾਰਨ ਹੈ ਕਿ ਨਿੱਜੀ ਅਤੇ ਸਰਕਾਰੀ ਪਾਵਰ ਪਲਾਂਟਾ ‘ਚ ਕੋਲੇ ਦਾ ਭੰਡਾਰ ਮੁੱਕਣ ਵਾਲ ਹੈ ਤੇ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਥਰਮਲ ਪਲਾਂਟਾ ‘ਚ ਸਿਰਫ਼ ਦੋ ਤੋਂ ਤਿੰਨ ਦਿਨ ਦਾ ਹੀ ਕੋਲਾ ਬਚਿਆ ਹੈ। ਇਸ ਤਹਿਤ ਗੋਇੰਦਵਾਲ ਸਾਹਿਬ ਅਤੇ ਤਲਵੰਡੀ ਸਾਬੋ ਪਾਵਰ ਪਲਾਂਟ ਵਿੱਚ ਇੱਕ-ਇੱਕ ਯੁਨਿਟ ਬੰਦ ਕਰ ਦਿੱਤੀ ਗਈ ਹੈ।
ਕਿਸਾਨ ਅੰਦੋਲਨ ਕਾਰਨ ਰੇਲ ਸੇਵਾ ਬੰਦ ਹੋਣ ਦਾ ਅਸਰ ਅਨਾਜ ਦੀ ਸਪਲਾਈ ‘ਤੇ ਵੀ ਪੈ ਰਿਹਾ ਹੈ। ਪੰਜਾਬ ਦੇ ਗੋਦਾਮਾਂ ‘ਚ ਇਸ ਸਮੇਂ 142.75 ਲੱਖ ਟਨ ਅਨਾਜ ਪਿਆ ਹੈ। ਅਕਤੂਬਰ ਅਤੇ ਨਵੰਬਰ ਮਹੀਨੇ ਤਕ 175 ਲੱਖ ਟਨ ਧਾਨ ਦੀ ਖਰੀਦ ਹੋਣ ਦਾ ਅਨੁਮਾਨ ਹੈ।