ਨਵੀਂ ਦਿੱਲੀ : ਇਸ ਸਮੇਂ ਪੂਰੀ ਦੁਨੀਆ ਜਾਨਲੇਵਾ ਕੋਰੋਨਾ ਮਹਾਮਾਰੀ ਨਾਲ ਜੂਝ ਰਹੀ ਹੈ। ਪਰ ਕੁਝ ਲੋਕਾਂ ਵੱਲੋਂ ਇਸ ਸਮੇਂ ਦੌਰਾਨ ਮਹਾਮਾਰੀ ਲਈ ਜ਼ਰੂਰੀ ਕਾਨੂੰਨਾਂ ਦੀਆਂ ਖੂਬ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਅਜਿਹਾ ਹੀ ਇੱਕ ਮਾਮਲਾ ਪੁਣੇ ਦੇ ਹਿੰਜਵਾੜੀ ਇਲਾਕੇ ਤੋਂ ਸਾਹਮਣੇ ਆਇਆ ਹੈ। ਇਥੋਂ ਦੀ ਇੱਕ 30 ਸਾਲਾ ਕੋਰੋਨਾ ਪਾਜ਼ੀਟਿਵ ਮਹਿਲਾ ਹੋਮ ਕੁਆਰੰਟੀਨ ਦੇ ਜ਼ਰੂਰੀ ਨਿਯਮ ਤੋੜ ਕੇ ਆਪਣੇ ਪਤੀ ਕੋਲ ਯੂਏਈ ਪਹੁੰਚ ਗਈ। ਪੁਲਿਸ ਨੇ ਉਕਤ ਮਹਿਲਾ ਦੇ ਖਿਲਾਫ ਪਿੰਪਰੀ ਚਿੰਚਵਾੜ ਸਿਹਤ ਵਿਭਾਗ ਦੇ ਅਧਿਕਾਰੀ ਦੀ ਸ਼ਿਕਾਇਤ ‘ਤੇ ਮਹਾਮਾਰੀ ਕਾਨੂੰਨ ਦੇ ਤਹਿਤ ਕੇਸ ਦਰਜ ਕੀਤਾ ਹੈ। ਪੁਲਿਸ ਅਨੁਸਾਰ ਔਰਤ ਦਾ ਪਤੀ ਯੂਏਈ ਵਿੱਚ ਰਹਿੰਦਾ ਹੈ।
ਦੱਸ ਦਈਏ ਕਿ 11 ਜੁਲਾਈ ਨੂੰ ਉਕਤ ਮਹਿਲਾ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ ਤੋਂ ਬਾਅਦ ਉਸ ਨੂੰ ਘਰ ‘ਚ ਹੀ ਕੁਆਰੰਟੀਨ ਕੀਤਾ ਗਿਆ ਸੀ। ਉਕਤ ਮਹਿਲਾ ਬੀਤੀ 17 ਜੁਲਾਈ ਨੂੰ ਮੁੰਬਈ ਦੇ ਕੌਮਾਂਤਰੀ ਹਵਾਈ ਅੱਡੇ ਤੋਂ ਇੱਕ ਵਿਸ਼ੇਸ਼ ਉਡਾਣ ਰਾਹੀਂ ਯੂਏਈ ਚਲੀ ਗਈ। ਸ਼ਾਰਜਾਹ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਜਾ ਕੇ ਮਹਿਲਾ ਨੇ ਪੁਣੇ ਸਥਿਤ ਸਰਕਾਰੀ ਡਾਕਟਰ ਨੂੰ ਮੈਸੇਜ ਰਾਹੀਂ ਜਾਣਕਾਰੀ ਦਿੱਤੀ ਕਿ ਉਹ ਇਸ ਸਮੇਂ ਯੂਏਈ ‘ਚ ਹੈ ਅਤੇ ਜਾਣ ਲੱਗਿਆ ਏਅਰਪੋਰਟ’ ਤੇ ਉਸਦੀ ਕੋਰੋਨਾ ਰਿਪੋਰਟ ਨਕਾਰਾਤਮਕ ਆਈ ਹੈ।
ਪੁਲਿਸ ਨੇ ਦੱਸਿਆ ਕਿ ਉਕਤ ਮਹਿਲਾ ਨੇ ਆਪਣੀ ਨੈਗੇਟਿਵ ਰਿਪੋਰਟ ਦਾ ਸਕਰੀਨਸ਼ਾਟ ਵੀ ਸਾਂਝਾ ਕੀਤਾ ਹੈ। ਪਿੰਪਰੀ ਚਿੰਚਵਾੜ ਦੇ ਚੀਫ ਮੈਡੀਕਲ ਅਫਸਰ ਡਾ. ਪ੍ਰਵੀਨ ਸਾਲਵੇ ਨੇ ਕਿਹਾ ਕਿ ਮਹਿਲਾ ਖਿਲਾਫ ਹੋਮ ਕੁਆਰਟੰਨੀ ਦੇ ਜ਼ਰੂਰੀ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਗਿਆ ਹੈ।