ਪੋਪ ਫਰਾਂਸਿਸ ਵਲੋਂ ਇਜ਼ਰਾਈਲ-ਫਿਲਸਤੀਨ ਦਰਮਿਆਨ ਜੰਗਬੰਦੀ ਦੀ ਅਪੀਲ

TeamGlobalPunjab
2 Min Read

ਵੇਟਿਕਨ ਸਿਟੀ : ਪੋਪ ਫਰਾਂਸਿਸ ਨੇ ਇਜ਼ਰਾਈਲ ਅਤੇ ਫਿਲਸਤੀਨੀਆਂ ਵਿਚਾਲੇ ਜਾਰੀ ਹਿੰਸਾ ਨੂੰ ‘ਅਸਵੀਕਾਰਯੋਗ’ ਆਖਦਿਆਂ ਇਸਦੀ ਸਖ਼ਤ ਨਿਖੇਧੀ ਕੀਤੀ ਹੈ। ਪੋਪ ਨੇ ਕਿਹਾ ਕਿ ਖ਼ਾਸਕਰ ਬੱਚਿਆਂ ਦੀ ਮੌਤ, ਇਸ ਗੱਲ ਦਾ ਸੰਕੇਤ ਹੈ ਕਿ ਉਹ ਭਵਿੱਖ ਦਾ ਨਿਰਮਾਣ ਨਹੀਂ ਕਰਨਾ ਚਾਹੁੰਦੇ ਬਲਕਿ ਇਸ ਨੂੰ ਢਾਹੁਣ ਦੀ ਇੱਛਾ ਰੱਖਦੇ ਹਨ। ਪੋਪ ਫਰਾਂਸਿਸ ਨੇ ਐਤਵਾਰ ਨੂੰ ਸੇਂਟ ਪੀਟਰਜ਼ ਸਕੁਏਰ ਵੱਲ ਖੁੱਲ੍ਹਦੀ ਖਿੜਕੀ ਤੋਂ ਅਸ਼ੀਰਵਾਦ ਦੇਣ ਦੇ ਪ੍ਰੋਗਰਾਮ ‘ਚ ਸ਼ਾਂਤੀ, ਸੰਜਮ ਅਤੇ ਗੱਲਬਾਤ ਲਈ ਅੰਤਰਰਾਸ਼ਟਰੀ ਸਹਾਇਤਾ ਲਈ ਪ੍ਰਾਰਥਨਾ ਕੀਤੀ ।

 ਪੋਪ ਨੇ ਕਿਹਾ, ”ਮੈਂ ਆਪਣੇ ਆਪ ਨੂੰ ਪੁੱਛਿਆ, ਸਾਨੂੰ ਇਸ ਨਫ਼ਰਤ ਅਤੇ ਬਦਲੇ ਤੋਂ ਕੀ ਹਾਸਲ ਹੋਏਗਾ? ਕੀ ਅਸੀਂ ਸੱਚਮੁੱਚ ਵਿਸ਼ਵਾਸ ਕਰਦੇ ਹਾਂ ਕਿ ਅਸੀਂ ਦੂਜਿਆ ਨੂੰ ਨਸ਼ਟ ਕਰ ਕੇ ਸ਼ਾਂਤੀ ਪ੍ਰਾਪਤ ਕਰ ਸਕਦੇ ਹਾਂ?”

ਪੋਪ ਫਰਾਂਸਿਸ ਨੇ ਅੱਗੇ ਕਿਹਾ, “ਰੱਬ ਦੇ ਨਾਮ ਤੇ ਜਿਸਨੇ ਸਾਨੂੰ ਸਾਰਿਆਂ ਨੂੰ ਬਰਾਬਰ ਅਧਿਕਾਰ, ਫਰਜ਼ ਅਤੇ ਸਨਮਾਨ ਨਾਲ ਬਣਾਇਆ ਅਤੇ ਇਕ ਭਰਾ ਵਾਂਗ ਜੀਣ ਦੀ ਹਿਦਾਇਤ ਦਿੱਤੀ, ਮੈਂ ਅਪੀਲ ਕਰਦਾ ਹਾਂ ਕਿ ਇਸ ਹਿੰਸਾ ਨੂੰ ਜਲਦੀ ਤੋਂ ਜਲਦੀ ਬੰਦ ਕੀਤਾ ਜਾਵੇ ।”

ਜ਼ਿਕਰਯੋਗ ਹੈ ਕਿ ਇਜ਼ਰਾਈਲ ਪਿਛਲੇ ਕੁਝ ਦਿਨਾਂ ਤੋਂ ਗਾਜ਼ਾ ਸਿਟੀ  ‘ਤੇ ਹਵਾਈ ਹਮਲੇ ਕਰ ਰਿਹਾ ਹੈ। ਇਹ ਲੜਾਈ ਇਜ਼ਰਾਈਲ ਅਤੇ ਗਾਜ਼ਾ ਤੇ ਕਾਬਜ਼ ‘ਹਮਾਸ’ ਦੇ ਅੱਤਵਾਦੀਆਂ ਵਿਚਕਾਰ ਹੋ ਰਹੀ ਹੈ। ਗਾਜ਼ਾ ਦੇ ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਐਤਵਾਰ ਦੇ ਹਮਲੇ ਵਿੱਚ ਮਾਰੇ ਗਏ 26 ਵਿਅਕਤੀਆਂ ਵਿੱਚ 10 ਔਰਤਾਂ ਅਤੇ ਅੱਠ ਬੱਚੇ ਵੀ ਸ਼ਾਮਲ ਹਨ ।

- Advertisement -

Share this Article
Leave a comment