ਅਦਾਕਾਰ ਦੀਪ ਸਿੱਧੂ ਨੇ ਕਿਸਾਨਾਂ ਦੇ ਧਰਨੇ ‘ਚ ਕੀਤੀ ਸ਼ਮੂਲੀਅਤ, ਬਾਦਲਾਂ ਤੋਂ ਲੈ ਕੇ ਸੰਨੀ ਦਿਓਲ ਤੱਕ ਕੱਢੀ ਭੜਾਸ

TeamGlobalPunjab
2 Min Read

ਬਠਿੰਡਾ : ਕਿਸਾਨਾਂ ਦੇ ਧਰਨੇ ਨੂੰ ਪੰਜਾਬੀ ਫਿਲਮ ਇੰਡਸਟਰੀ ਵੱਲੋਂ ਵੀ ਵੱਡਾ ਸਮਰਥਨ ਮਿਲ ਰਿਹਾ ਹੈ। ਇੱਕ ਤੋਂ ਬਾਅਦ ਇੱਕ ਪੰਜਾਬੀ ਸਿੰਗਰ ਅਤੇ ਅਦਾਕਾਰ ਸੋਸ਼ਲ ਮੀਡੀਆ ਰਾਹੀਂ ਕਿਸਾਨਾਂ ਨੂੰ ਖੇਤੀਬਾੜੀ ਬਿੱਲਾਂ ਖ਼ਿਲਾਫ਼ ਸਹਿਯੋਗ ਦੇ ਰਹੇ ਹਨ। ਜਿਸ ਤਹਿਤ ਅਦਾਕਾਰ ਦੀਪ ਸਿੱਧੂ ਵੀ ਬਠਿੰਡਾ ਵਿੱਚ ਚੱਲ ਰਹੇ ਕਿਸਾਨਾਂ ਦੇ ਧਰਨੇ ‘ਚ ਪਹੁੰਚੇ। ਇੱਥੇ ਦੀਪ ਸਿੱਧੂ ਨੇ ਸਿਆਸੀ ਪਾਰਟੀਆਂ ‘ਤੇ ਸ਼ਬਦੀ ਵਾਰ ਕੀਤੇ।

ਅਦਾਕਾਰ ਦੀਪ ਸਿੱਧੂ ਨੇ ਇਲਜ਼ਾਮ ਲਗਾਇਆ ਕਿ ਕਿਸੇ ਵੀ ਸਰਕਾਰ ਨੇ ਕਿਸਾਨਾਂ ਨਾਲ ਬੈਠ ਕੇ ਅੱਜ ਤੱਕ ਗੱਲ ਨਹੀਂ ਕੀਤੀ, ਕਿ ਖੇਤੀਬਾੜੀ ਬਿੱਲਾਂ ਨੂੰ ਲਿਆਂਦਾ ਜਾਵੇ ਜਾਂ ਨਹੀਂ। ਲੀਡਰਾਂ ਨੂੰ ਸੱਤਾ ਦਾ ਨਸ਼ਾ ਹੀ ਇੰਨਾ ਕੁ ਹੈ ਕਿ ਇਨ੍ਹਾਂ ਨੇ ਕਿਸਾਨਾਂ ਨਾਲ ਗੱਲਬਾਤ ਕਰਨੀ ਠੀਕ ਵੀ ਨਹੀਂ ਸਮਝੀ।

ਦੀਪ ਸਿੱਧੂ ਨੇ ਕਿਹਾ ਕਿ ਅਸੀਂ ਕਲਾਕਾਰੀ ਨੂੰ ਕੀ ਕਰਨਾ ਹੈ ਜੇਕਰ ਆਪਣੇ ਲੋਕਾਂ ਦੇ ਨਾਲ ਹੀ ਨਾ ਖੜ੍ਹ ਸਕੇ। ਦੀਪ ਸਿੱਧੂ ਨੇ ਕਿਹਾ ਕਿ ਫਿਲਮਾਂ ਤਾਂ ਬਹੁਤ ਬਣਾ ਲਵਾਂਗੇ ਪਰ ਸਭ ਤੋਂ ਪਹਿਲਾਂ ਅਸੀਂ ਕਿਸਾਨ ਹਾਂ ਉਸ ਤੋਂ ਬਾਅਦ ਕਲਾਕਾਰ ਹਾਂ।

ਗੁਰਦਾਸਪੁਰ ਤੋਂ ਬੀਜੇਪੀ ਦੇ ਸੰਸਦ ਮੈਂਬਰ ਅਤੇ ਅਦਾਕਾਰ ਸੰਨੀ ਦਿਓਲ ਦੇ ਖੇਤੀਬਾੜੀ ਬਿੱਲਾਂ ਦੇ ਹੱਕ ਵਿਚ ਟਵੀਟ ਕਰਨ ‘ਤੇ ਦੀਪ ਸਿੱਧੂ ਨੇ ਖੂਬ ਭੜਾਸ ਕੱਢੀ। ਦੀਪ ਸਿੱਧੂ ਨੇ ਕਿਹਾ ਕਿ ਮੈਂ ਸੰਨੀ ਦਿਓਲ ਦੇ ਇਸ ਟਵੀਟ ਦਾ ਵਿਰੋਧ ਕਰਦਾ ਹਾਂ, ਕਿਉਂਕਿ ਪਿਆਰ ਇੱਕ ਜਗ੍ਹਾ ਹੈ ਅਤੇ ਆਪਣੀ ਧਰਤੀ ਆਪਣੇ ਲੋਕਾਂ ਲਈ ਜ਼ਿੰਮੇਵਾਰੀ ਨਿਭਾਉਣੀ ਉਹ ਵੱਖਰੀ ਗੱਲ ਹੈ।

- Advertisement -

ਹਰਸਿਮਰਤ ਕੌਰ ਬਾਦਲ ਦੇ ਅਸਤੀਫੇ ‘ਤੇ ਬੋਲਦੇ ਹੋਏ ਸਿੱਧੂ ਨੇ ਕਿਹਾ ਕਿ ਉਨ੍ਹਾਂ ਨੇ ਅਸਤੀਫਾ ਤਾਂ ਦੇ ਦਿੱਤਾ ਹੈ, ਪਰ ਅਕਾਲੀ ਦਲ ਦੀ ਹਾਲੇ ਵੀ ਹਮਾਇਤ ਬੀਜੇਪੀ ਨੂੰ ਹੈ। ਦੀਪ ਸਿੱਧੂ ਨੇ ਆਮ ਆਦਮੀ ਪਾਰਟੀ ‘ਤੇ ਤੰਜ ਕਸਦੇ ਹੋਏ ਕਿਹਾ ਕਿ ਅਰਵਿੰਦ ਕੇਜਰੀਵਾਲ ਆਪਣਾ ਸਟੈਂਡ ਸਪੱਸ਼ਟ ਕਰਨ ਕਿ ਉਹ ਪੰਜਾਬ ਦੇ ਨਾਲ ਹਨ ਜਾਂ ਦਿੱਲੀ ਹਕੂਮਤ ਨਾਲ ਹਨ।

Share this Article
Leave a comment