ਬਿੰਦੁੂ ਸਿੰਘ
ਇੰਝ ਜਾਪਦਾ ਹੈ ਕਿ ਪੰਜਾਬ ‘ਚ ਰੈਲੀਆਂ ਤੇ ਰੋਕ ਲੱਗਣ ਦੇ ਨਾਲ ਨਾਲ ਸਿਆਸੀ ਮਾਹੌਲ ਚ ਸਿਆਸਤ ਨੇ ਵੀ ਨਵਾਂ ਮੋੜ ਲੈ ਲਿਆ ਹੈ। ਪਿਛਲੇ ਦਿਨੀਂ ਮੁੱਖ ਮੰਤਰੀ ਚੰਨੀ ਦੇ ਰਿਸ਼ਤੇਦਾਰ ਦੇ ਘਰ ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਕੀਤੀ ਗਈ ਛਾਪੇਮਾਰੀ ਨੇ ਸਿਆਸਤ ਵਿੱਚ ਨਵਾਂ ਮੋੜ ਲੈ ਆਂਦਾ ਹੈ । ਚੰਨੀ ਦੇ ਰਿਸ਼ਤੇਦਾਰ ਦੇ ਘਰ ਤੋਂ ਕਰੋੜਾਂ ਦੀ ਮਿਲੀ ਨਕਦੀ ਨੇ ਜਿੱਥੇ ਇੱਕ ਪਾਸੇ ਵਿਰੋਧੀਆਂ ਦੇ ਸੁਰ ਤੇਜ਼ ਕਰ ਦਿੱਤੇ ਹਨ ਉੱਥੇ ਹੀ ਕਾਂਗਰਸ ਪਾਰਟੀ ਵੱਲੋਂ ਦਿੱਲੀ ਤੋਂ ਲੈ ਕੇ ਪੰਜਾਬ ਤੱਕ ਲੀਡਰ ਚੰਨੀ ਦੇ ਹੱਕ ਵਿਚ ਪੈਰਵੀ ਕਰ ਰਹੇ ਹਨ ।
ਵਿਰੋਧੀਆਂ ਦੇ ਤਰ੍ਹਾਂ ਤਰ੍ਹਾਂ ਦੇ ਤੰਜ ਤੇ ਕੀਤੀ ਜਾ ਰਹੀ ਘੇਰਾਬੰਦੀ ਯਕੀਨਨ ਚੋਣਾਂ ਦੇ ਮਾਹੌਲ ਵਿੱਚ ਸਿਆਸੀ ਨੀਤੀ ਦਾ ਹਿੱਸਾ ਹੋ ਸਕਦੀ ਹੈ ਪਰ ਇਸ ਨਾਲ ਕਾਂਗਰਸ ਨੂੰ ਪੱਬਾਂ ਭਾਰ ਹੋ ਕੇ ਚੰਨੀ ਦੇ ਪੱਖ ਚ ਖਲੋਤੇ ਵੇਖਿਆ ਜਾ ਸਕਦਾ ਹੈ । ਕਾਂਗਰਸ ਪਾਰਟੀ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਘੇਰਦਿਆਂ ਜਿੱਥੇ ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਈਡੀ ਵੱਲੋਂ ਛਾਪੇਮਾਰੀ ਸਿੱਧਾ ਉਨ੍ਹਾਂ ਤੇ ਜਾਨੀ ਦਿੱਲੀ ਦੇ ਮੁੱਖ ਮੰਤਰੀ ਤੇ ਕੀਤੀ ਗਈ ਸੀ ਨਾ ਕਿ ਉਨ੍ਹਾਂ ਦੇ ਰਿਸ਼ਤੇਦਾਰ ਉੱਤੇ। ਫੇਰ ਕੇਜਰੀਵਾਲ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੇ ਘਰੋਂ ਕੋਈ ਨਕਦੀ ਨਹੀਂ ਸੀ ਮਿਲੀ ਸਗੋਂ ਈਡੀ ਨੂੰ ਸਿਰਫ ਦੱਸ ਮਫਲੌਰ ਹੀ ਮਿਲੇ ਸਨ ।
ਸਾਬਕਾ ਮੁੱਖ ਮੰਤਰੀ ਰਹਿ ਚੁੱਕੇ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਤਰੀਕੇ ਨਾਲ ਇਸ ਬਾਬਤ ਬਿਆਨ ਦਿੱਤਾ ਤੇ ਕਿਹਾ ਕਿ ਈਡੀ ਕੋਈ ਉਨ੍ਹਾਂ ਨੂੰ ਰਿਪੋਰਟ ਨਹੀਂ ਕਰਦੀ ਤੇ ਇਹ ਜਿਹੜੀ ਚੰਨੀ ਦੇ ਰਿਸ਼ਤੇਦਾਰਾਂ ਦੇ ਘਰੋਂ ਕਰੋੜਾਂ ਦੀ ਨਕਦੀ ਮਿਲੀ ਉਹ ਸਾਰੇ ਉਨ੍ਹਾਂ ਦੇ ਆਪਣੇ ਗ਼ਲਤ ਕੰਮਾਂ ਕਰਕੇ ਹੈ । ਕੈਪਟਨ ਨੇ ਨਾਲ ਹੀ ਆਪਣਾ ਪੱਖ ਪੂਰਦਿਆਂ ਕਿਹਾ ਕਿ ਕਾਂਗਰਸੀ ਹੁਣ ਉਹ ਸਭ ਗੱਲਾਂ ਕਿਵੇਂ ਭੁੱਲ ਗਏ ਹਨ ! ਜਦੋਂ ਉਨ੍ਹਾਂ ਨੂੰ ਕਿਹਾ ਗਿਆ ਸੀ ਕਿ ਉਨ੍ਹਾਂ ਵੱਲੋਂ ਗੁਨਾਹਗਾਰਾਂ ਦੀ ਪੁਸ਼ਤ ਪਨਾਹੀ ਕੀਤੀ ਗਈ ਹੈ !
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਤਾਂ ਆਪਣੇ ਬਚਾਅ ਚ ਸਿੱਧਾ ਹੀ ਕਹਿ ਦਿੱਤਾ ਕਿ ਚੋਣਾਂ ਆ ਗਈਆਂ ਹਨ ਤੇ ਇਸ ਕਰਕੇ ਇਹੋ ਜਿਹੇ ਹਮਲੇ ਕੀਤੇ ਜਾ ਰਹੇ ਨੇ । ਉਨ੍ਹਾਂ ਨੇ ਪੱਛਮ ਬੰਗਾਲ ਵਿੱਚ ਹੋਈਆਂ ਚੋਣਾਂ ਦਾ ਹਵਾਲਾ ਦਿੱਤਾ ਤੇ ਕਿਹਾ ਕਿ ਮਮਤਾ ਬੈਨਰਜੀ ਦੇ ਰਿਸ਼ਤੇਦਾਰਾਂ ਤੇ ਵੀ ਇਹੋ ਜਿਹੇ ਦਬਾਓ ਬਣਾਉਣ ਦੇ ਯਤਨ ਕੀਤੇ ਗਏ ਸਨ । ਪੰਜਾਬ ਦੇ ਗ੍ਰਹਿ ਮੰਤਰੀ ਸੁਖਜਿੰਦਰ ਰੰਧਾਵਾ ਵੀ ਚੰਨੀ ਦੇ ਹੱਕ ਵਿੱਚ ਨਿੱਤਰੇ ਹਨ ਤੇ ਉਨ੍ਹਾਂ ਨੇ ਕਿਹਾ ਕਿ ਬੇਸ਼ੱਕ ਮੁੱਖ ਮੰਤਰੀ ਦਲਿਤ ਵਰਗ ਤੋਂ ਆਉਂਦੇ ਹਨ ਪਰ ਉਹ ਕਮਜ਼ੋਰ ਨਹੀਂ ਹਨ ।
ਇਸ ਸਭ ਦੇ ਵਿੱਚ ਕਾਂਗਰਸ ਪਾਰਟੀ ਦੇ ਤਕਰੀਬਨ ਸਾਰੇ ਵੱਡੇ ਲੀਡਰ ਜਿਸ ਵਿੱਚ ਰਣਦੀਪ ਸੁਰਜੇਵਾਲਾ , ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਨੇ ਵੀ ਮੁੱਖ ਮੰਤਰੀ ਲਈ ਆਵਾਜ਼ ਬੁਲੰਦ ਕੀਤੀ ਹੈ ।
ਰਣਦੀਪ ਸੁਰਜੇਵਾਲਾ ਵੈਸੇ ਤਾਂ ਹਰਿਆਣਾ ਤੋਂ ਆਉਂਦੇ ਹਨ ਪਰ ਏਆਈਸੀਸੀ ਦੇ ਜਨਰਲ ਸਕੱਤਰ ਹੋਣ ਦੇ ਨਾਤੇ ਚੰਗੇ ਬੁਲਾਰੇ ਵੀ ਹਨ । ਕਾਂਗਰਸ ਨੇ ਇਨ੍ਹਾਂ ਹਾਲਾਤਾਂ ਵਿੱਚ ਚੋਣ ਕਮਿਸ਼ਨ ਨੂੰ ਇਕ ਪੱਤਰ ਲਿਖਿਆ ਹੈ ਜਿਸ ਵਿੱਚ ਜ਼ਿਕਰ ਕੀਤਾ ਹੈ ਕਿ ਈਡੀ ਦੀ ਛਾਪੇਮਾਰੀ ਸਿਆਸੀ ਬਦਲਾਖੋਰੀ ਨੂੰ ਸਾਹਮਣੇ ਰੱਖ ਕੇ ਕੀਤੀ ਗਈ ਹੈ।
ਲਿਖੀ ਚਿੱਠੀ ਵਿਚ ਸੁਰਜੇਵਾਲਾ ਨੇ ਜ਼ਿਕਰ ਕੀਤਾ ਹੈ ਕਿ ਕਾਂਗਰਸ ਨੇ 2019 ਦੀਆਂ ਲੋਕ ਸਭਾ ਚੋਣਾਂ ਵੇਲੇ ਵੀ ਚੋਣ ਕਮਿਸ਼ਨ ਨਾਲ ਰਾਬਤਾ ਕਾਇਮ ਕੀਤਾ ਸੀ ਤੇ ਉਸ ਵੇਲੇ ਵੀ ਇਸੇ ਗੱਲ ਵੱਲ ਧਿਆਨ ਦਿਵਾਇਆ ਸੀ ਕਿ ਦੇਸ਼ ਭਰ ਵਿੱਚ ਵੱਖ ਵੱਖ ਥਾਵਾਂ ਤੇ ਈਡੀ ਵੱਲੋਂ ਕਾਂਗਰਸੀ ਆਗੂਆਂ ਤੇ ਕੀਤੀਆਂ ਛਾਪੇਮਾਰੀਆਂ ਸਿਆਸੀ ਬਦਲਾਖੋਰੀ ਦਾ ਨਤੀਜਾ ਸਨ। ਚਿੱਠੀ ਚ ਸੁਰਜੇਵਾਲਾ ਨੇ ਚੋਣ ਜ਼ਾਬਤੇ ਦੌਰਾਨ ਕੀਤੀ ਗਈ ਇਸ ਕਾਰਵਾਈ ਤੇ ਵੀ ਸਵਾਲ ਚੁੱਕਦਿਆਂ ਕਿਹਾ ਹੈ ਕਿ ਕੇਂਦਰੀ ਏਜੰਸੀਆਂ ਵੱਲੋਂ ਚੋਣ ਜ਼ਾਬਤੇ ਦੀ ਅਣਦੇਖੀ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਮੰਗ ਕੀਤੀ ਕਿ ਚੋਣ ਕਮਿਸ਼ਨ ਕੇਂਦਰ ਸਰਕਾਰ ਤੇ ਕੇਂਦਰੀ ਏਜੰਸੀਆਂ ਨੂੰ ਸੰਵਿਧਾਨਕ ਕਦਰਾਂ ਕੀਮਤਾਂ ਹੇਠ ਨਿਰਦੇਸ਼ ਜਾਰੀ ਕਰੇ ।
ਪਰ ਇੱਕ ਵਾਰ ਫੇਰ ਇੰਜ ਲੱਗਦਾ ਹੈ ਕਿ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਪਾਰਟੀਆਂ ਕੋਲ ਲੋਕਾਂ ਦੇ ਮੁੱਦਿਆਂ ਨੂੰ ਹੱਲ ਕਰਨ ਲਈ ਦਿੱਤੇ ਜਾਣ ਵਾਲੇ ਰੋਡ ਮੈਪ ਤੇ ਕੰਮ ਕਰਨ ਦਾ ਸਮਾਂ ਨਹੀਂ ਹੈ । ਚੋਣਾਂ ਦੇ ਮੌਸਮ ਚ ਇੱਕ ਦੂਜੇ ਤੇ ਸ਼ਬਦੀ, ਸਿਆਸੀ ਜਾਂ ਫੇਰ ਕੋਈ ਹੋਰ ਢੰਗ ਤਰੀਕੇ ਵਰਤ ਕੇ ਇੱਕ ਦੂਜੇ ਨੂੰ ਘੇਰਨ ਦੀ ਸਿਆਸਤਦਾਨਾਂ ਦੀ ਕਾਰਗੁਜ਼ਾਰੀ ‘ਚ ਲੋਕਾਂ ਦੇ ਮੁੱਦੇ ਫੇਰ ਪਿੱਛੇ ਰਹਿ ਜਾਂਦੇ ਹਨ ।
ਬੇਰੁਜ਼ਗਾਰੀ , ਭ੍ਰਿਸ਼ਟਾਚਾਰ , ਮਹਿੰਗਾਈ ਖ਼ਸਤਾ ਸਿਹਤ ਸਹੂਲਤਾਂ ਤੇ ਪ੍ਰਾਈਵੇਟ ਅਦਾਰਿਆਂ ਵਿੱਚ ਮਹਿੰਗੀ ਹੁੰਦੀ ਸਿੱਖਿਆ ਦੀਆਂ ਚਿੰਤਾਵਾਂ ਦੇ ਨਾਲ ਪੰਜ ਸਾਲ ਦੇ ਇੰਤਜ਼ਾਰ ਤੋਂ ਬਾਅਦ ਲੋਕਾਂ ਨੂੰ ਇੱਕ ਵਾਰ ਫੇਰ ਮੌਕਾ ਮਿਲਿਆ ਹੈ ਕਿ ਉਹ ਲੋਕਾਂ ਦੀ ਆਵਾਜ਼ ਤੇ ਪੁਕਾਰ ਸੁਣਨ ਵਾਲੀ ਸਰਕਾਰ ਬਣਾ ਸਕਣ । ਪਰ ਇਸ ਦੇ ਲਈ ਲੋਕਾਂ ਦੇ ਨੁਮਾਇੰਦੇ ਸੰਵੇਦਨਸ਼ੀਲ ਤੇ ਸੂਝਵਾਨ ਹੋਣੇ ਜ਼ਰੂਰੀ ਹਨ। ਹਰ ਪਾਰਟੀ ਵਿੱਚ ਵਧੀਆ ਕੰਮ ਕਰਨ ਤੇ ਸੋਚ ਰੱਖਣ ਵਾਲੇ ਲੀਡਰ ਮਿਲ ਜਾਣਗੇ ਪਰ ਵਿਰਲਿਆਂ ਨਾਲ ਸਰਕਾਰ ਨਹੀ ਬਣ ਸਕਦੀ।
ਚੋਣਾਂ ਨੂੰ ਲੈ ਕੇ ਇਸ ਵਾਰ ਸਲਾਹ ਮਸ਼ਵਰਾ ਵੀ ਥੋਡ਼੍ਹਾ ਗੁੱਪ ਚੁੱਪ ਹੀ ਹੈ ਕਿਉਂ ਕਿ ਇਸ ਵਾਰੀ ਇਕੱਠ ਨਹੀਂ ਹੋ ਰਹੇ , ਰੈਲੀਆਂ ਦੀ ਇਜਾਜ਼ਤ ਨਹੀਂ ਹੈ। ਵੈਸੇ ਤਾਂ ਅਜੇ ਉਮੀਦਵਾਰਾਂ ਦੇ ਨਾਮਜ਼ਦਗੀ ਕਾਗ਼ਜ਼ ਦਾਖਲ ਕਰਵਾਉਣ ਤੋਂ ਕਾਗਜ਼ਾਂ ਦੀ ਵਾਪਸੀ ਤੱਕ ਸਿਆਸੀ ਟੁੱਟ ਭੱਜ ਦੀਆਂ ਸੋਚਾਂ ਨੁੂੰ ਵੀ ਇੰਤਜ਼ਾਰ ਕਰਨਾ ਚਾਹੀਦਾ ਹੈ । ਉਸਦੇ ਬਾਅਦ ਹੀ ਪਤਾ ਚੱਲੇਗਾ ਕਿ ਕਿਸ ਉਮੀਦਵਾਰ ਨੂੰ ਕੌਣ ਟੱਕਰ ਦੇਣ ਲਈ ਖੜ੍ਹਾ ਹੈ ਤੇ ਕਿਹੜੇ ਹਲਕੇ ਚ ਕਿੰਨੇ ਉਮੀਦਵਾਰ ਇੱਕ ਦੂਸਰੇ ਨੂੰ ਟੱਕਰ ਦੇ ਰਹੇ ਹਨ ।
ਪਰ ਗੱਲ ਫਿਰ ਉੱਥੇ ਆ ਕੇ ਮੁੱਕਦੀ ਹੈ ਕਿ ਹਾਰ ਤੇ ਜਿੱਤ ਸਿਆਸੀ ਲੀਡਰਾਂ ਜਾਂ ਪਾਰਟੀ ਦੀ ਆਪਣੀ ਹੋ ਸਕਦੀ ਹੈ ਪਰ ਲੱਗਦਾ ਹੈ ਆਮ ਜਨਤਾ ਦੀ ਲੜਾਈ ਅਜੇ ਲੰਮੀ ਹੈ ਕਿਉਂਕਿ ਹਰ ਸਰਕਾਰ ਦੇ ਸਮਾਂ ਪੂਰਾ ਕਰਨ ਦੇ ਬਾਅਦ ਲੋਕਾਂ ਦੇ ਮੁੱਦਿਆਂ ਚ ਵਾਧਾ ਜ਼ਿਆਦਾ ਹੋਇਆ ਹੈ ਤੇ ਮਸਲੇ ਨਿੱਬੜੇ ਘੱਟ ਹੀ ਹਨ ।
ਕੌਣ ਬਣੇਗਾ ਇਸ ਵਾਰ ਦਾ ਮੁੱਖ ਮੰਤਰੀ! ਕਿਸ ਪਾਰਟੀ ਦੇ ਹੱਥ ਚ ਆਏਗੀ ਸੱਤਾ ਦੀ ਕਮਾਨ ! ਇਸ ਲਈ ਅਜੇ ਇੰਤਜ਼ਾਰ ਬਾਕੀ ਹੈ।