ਜਾਂਚ ਵਿੱਚ ਸ਼ਾਮਲ ਹੋਣ ਪਹੁੰਚੇ ਮਜੀਠੀਆ, ਪੁਲਿਸ ਨਾਲ ਬਣੀ ਤਣਾਅਪੂਰਨ ਸਥਿਤੀ

Global Team
2 Min Read

ਮਜੀਠਾ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਅਗਾਊਂ ਜ਼ਮਾਨਤ ਮਿਲਣ ਤੋਂ ਬਾਅਦ ਅੱਜ ਜਾਂਚ ਵਿੱਚ ਸ਼ਾਮਲ ਹੋਣ ਲਈ ਮਜੀਠਾ ਪਹੁੰਚੇ। ਹਾਲਾਂਕਿ ਜਾਂਚ ਲਈ ਪੇਸ਼ ਹੋਣ ਦੇ ਬਾਵਜੂਦ ਉਨ੍ਹਾਂ ਅਤੇ ਉਨ੍ਹਾਂ ਦੇ ਵਕੀਲਾਂ ਨੂੰ ਪੁਲਿਸ ਵੱਲੋਂ ਥਾਣੇ ਦੇ ਮੁੱਖ ਦਰਵਾਜ਼ੇ ‘ਤੇ ਹੀ ਰੋਕ ਦਿੱਤਾ ਗਿਆ, ਜਿਸ ਕਾਰਨ ਮੌਕੇ ‘ਤੇ ਵਿਵਾਦ ਦੀ ਸਥਿਤੀ ਬਣ ਗਈ।

ਮਜੀਠੀਆ ਦੇ ਪਹੁੰਚਣ ਤੋਂ ਪਹਿਲਾਂ ਹੀ ਇਲਾਕੇ ਵਿੱਚ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਥਾਣੇ ਦੇ ਆਲੇ-ਦੁਆਲੇ ਕਈ ਥਾਵਾਂ ‘ਤੇ ਬੈਰੀਕੇਡਿੰਗ ਕੀਤੀ ਗਈ ਸੀ ਅਤੇ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਸਨ। ਪੂਰੇ ਖੇਤਰ ਨੂੰ ਸੁਰੱਖਿਆ ਘੇਰੇ ਹੇਠ ਰੱਖਿਆ ਗਿਆ ਸੀ।

ਮਜੀਠੀਆ ਦੇ ਵਕੀਲਾਂ ਨੇ ਦੋਸ਼ ਲਗਾਇਆ ਕਿ ਪਹਿਲਾਂ ਉਨ੍ਹਾਂ ਨੂੰ ਦੱਸਿਆ ਗਿਆ ਸੀ ਕਿ ਮਜੀਠੀਆ ਇਕੱਲੇ ਅੰਦਰ ਜਾ ਸਕਦੇ ਹਨ, ਪਰ ਜਦੋਂ ਉਹ ਥਾਣੇ ਦੇ ਗੇਟ ਤੱਕ ਪਹੁੰਚੇ ਤਾਂ ਉਨ੍ਹਾਂ ਨੂੰ ਵੀ ਰੋਕ ਦਿੱਤਾ ਗਿਆ। ਵਕੀਲਾਂ ਦਾ ਕਹਿਣਾ ਸੀ ਕਿ ਨਾ ਸਿਰਫ਼ ਮਜੀਠੀਆ ਨੂੰ, ਸਗੋਂ ਕਾਨੂੰਨੀ ਪ੍ਰਤੀਨਿਧੀਆਂ ਨੂੰ ਵੀ ਅੰਦਰ ਜਾਣ ਦੀ ਆਗਿਆ ਨਹੀਂ ਦਿੱਤੀ ਗਈ, ਜੋ ਉਨ੍ਹਾਂ ਦੇ ਮੁਤਾਬਕ ਅਦਾਲਤੀ ਹੁਕਮਾਂ ਦੇ ਉਲਟ ਹੈ।

ਮੀਡੀਆ ਨਾਲ ਗੱਲਬਾਤ ਦੌਰਾਨ ਮਜੀਠੀਆ ਦੇ ਕਾਨੂੰਨੀ ਸਲਾਹਕਾਰਾਂ ਨੇ ਕਿਹਾ ਕਿ ਉਹ ਕਾਨੂੰਨ ਦਾ ਸਤਿਕਾਰ ਕਰਦੇ ਹੋਏ ਜਾਂਚ ਵਿੱਚ ਸਹਿਯੋਗ ਦੇਣ ਲਈ ਪਹੁੰਚੇ ਸਨ। ਉਨ੍ਹਾਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਮੌਕੇ ‘ਤੇ ਕੋਈ ਰਾਜਨੀਤਿਕ ਭੀੜ ਜਾਂ ਸਮਰਥਕ ਮੌਜੂਦ ਨਹੀਂ ਸਨ ਅਤੇ ਕੇਵਲ ਉਹੀ ਵਕੀਲ ਮੌਜੂਦ ਸਨ ਜੋ ਜ਼ਮਾਨਤੀ ਬਾਂਡ ਅਤੇ ਹੋਰ ਕਾਨੂੰਨੀ ਕਾਰਵਾਈਆਂ ਲਈ ਲੋੜੀਂਦੇ ਸਨ।

ਵਕੀਲਾਂ ਨੇ ਇਹ ਵੀ ਦੋਸ਼ ਲਗਾਇਆ ਕਿ ਕੁਝ ਪੁਲਿਸ ਅਧਿਕਾਰੀਆਂ ਦੀ ਤਾਇਨਾਤੀ ਅਦਾਲਤੀ ਦਿਸ਼ਾ-ਨਿਰਦੇਸ਼ਾਂ ਦੇ ਉਲਟ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਹਾਈ ਕੋਰਟ ਅਤੇ ਸੁਪਰੀਮ ਕੋਰਟ ਦੇ ਕਈ ਹੁਕਮਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ।

ਇਸ ਦੌਰਾਨ ਪੁਲਿਸ ਅਤੇ ਵਕੀਲਾਂ ਵਿਚਾਲੇ ਤਿੱਖੀ ਬਹਿਸ ਵੀ ਹੋਈ। ਵਕੀਲਾਂ ਨੇ ਦਲੀਲ ਦਿੱਤੀ ਕਿ ਜਾਂਚ ਦੌਰਾਨ ਦੋਸ਼ੀ ਵਿਅਕਤੀ ਆਪਣੇ ਵਕੀਲ ਨਾਲ ਸਲਾਹ ਕਰ ਸਕਦਾ ਹੈ ਅਤੇ ਵਕੀਲ ਨੂੰ ਅੰਦਰ ਜਾਣ ਦੀ ਆਗਿਆ ਹੋਣੀ ਚਾਹੀਦੀ ਹੈ। ਦੂਜੇ ਪਾਸੇ ਪੁਲਿਸ ਨੇ ਸੁਰੱਖਿਆ ਅਤੇ ਕਾਰਵਾਈ ਸੰਬੰਧੀ ਕਾਰਨਾਂ ਦਾ ਹਵਾਲਾ ਦਿੰਦਿਆਂ ਆਪਣਾ ਪੱਖ ਰੱਖਿਆ।

Share This Article
Leave a Comment