ਦਿੱਲੀ ਹਿੰਸਾ ਮਾਮਲੇ ‘ਚ ਪੁਲਿਸ ਨੇ ਫੋਟੋਆਂ ਕੀਤੀਆਂ ਜਾਰੀ, ਇੰਦਰਜੀਤ ਨਿੱਕੂ ਤੇ ਰੁਲਦੂ ਸਿੰਘ ਮਾਨਸਾ ਵੀ ਸ਼ਾਮਲ

TeamGlobalPunjab
2 Min Read

ਨਵੀਂ ਦਿੱਲੀ : ਦਿੱਲੀ ਲਾਲ ਕਿਲ੍ਹਾ ਹਿੰਸਾ ਮਾਮਲੇ ਵਿੱਚ ਦਿੱਲੀ ਪੁਲਿਸ ਵੱਲੋਂ ਕੁਝ ਲੋਕਾਂ ਤੇ ਕਿਸਾਨ ਲੀਡਰਾਂ ਦੀ ਫੋਟੋ ਜਾਰੀ ਕੀਤੀਆਂ ਗਈਆਂ। ਇਨ੍ਹਾਂ ਤਸਵੀਰਾਂ ‘ਚ ਪ੍ਰਸਿੱਧ ਪੰਜਾਬੀ ਗਾਇਕ ਇੰਦਰਜੀਤ ਨਿੱਕੂ, ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਵੀ ਸ਼ਾਮਿਲ ਹਨ। ਇਸ ਦੇ ਨਾਲ ਹੀ ਕਈ ਨੌਜਵਾਨਾਂ ਦੀਆਂ ਤਸਵੀਰਾਂ ਵੀ ਸ਼ਾਮਲ ਨੇ, ਜੋ ਕਿ ਲਾਲ ਕਿਲ੍ਹੇ ‘ਤੇ ਟਰੈਕਟਰ ਪਰੇਡ ਦੌਰਾਨ ਗਏ ਸਨ। ਦਿੱਲੀ ਪੁਲਿਸ ਵੱਲੋਂ ਜਾਰੀ ਇਹਨਾਂ ਫੋਟੋਆਂ ‘ਤੇ ਕਿਸਾਨ ਲੀਡਰ ਰੁਲਦੂ ਸਿੰਘ ਮਾਨਸਾ ਨੇ ਸਵਾਲ ਖੜ੍ਹੇ ਕੀਤੇ ਹਨ। ਰੁਲਦੂ ਸਿੰਘ ਨੇ ਕਿਹਾ ਕਿ ਉਹ ਪੁਲਿਸ ਵੱਲੋਂ ਦਿੱਤੇ ਹੋਏ ਰੂਟ ‘ਤੇ ਹੀ ਟਰੈਕਟਰ ਮਾਰਚ ਕੱਢ ਰਹੇ ਸਨ। ਰੁਲਦੂ ਸਿੰਘ ਨੇ ਕਿਹਾ ਕਿ ਉਹ ਲਾਲ ਕਿਲ੍ਹੇ ‘ਤੇ ਨਹੀਂ ਗਏ ਪੁਲਿਸ ਉਹਨਾਂ ‘ਤੇ ਝੂਠੇ ਪਰਚੇ ਦਰਜ ਕਰ ਰਹੀ ਹੈ। ਪਰ ਅਸੀਂ ਪੁਲਿਸ ਦੀ ਇਸ ਕਾਰਵਾਈ ਤੋਂ ਡਰਨ ਵਾਲੇ ਨਹੀਂ ਹਾਂ। ਇਸ ਤੋਂ ਬਾਅਦ ਪੰਜਾਬੀ ਗਾਇਕ ਇੰਦਰਜੀਤ ਨਿੱਕੂ ਨੇ ਸੋਸ਼ਲ ਮੀਡੀਆ ‘ਤੇ ਲਾਈਵ ਹੋ ਕੇ ਆਪਣਾ ਸਪਸ਼ਟੀਕਰਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਜਾਂ ਉਨ੍ਹਾਂ ਦਾ ਕੋਈ ਵੀ ਦੋਸਤ ਲਾਲ ਕਿਲ੍ਹੇ ‘ਤੇ ਗਿਆ ਹੀ ਨਹੀਂ। ਹਾਲਾਂਕਿ ਇੰਦਰਜੀਤ ਨਿੱਕੂ ਨੇ ਇਹ ਗੱਲ ਆਖੀ ਕਿ ਉਨ੍ਹਾਂ ਨੇ ਟਰੈਕਟਰ ‘ਤੇ ਬੈਠ ਕੇ ਸਿੰਘੂ ਬਾਰਡਰ ਕੋਲ ਪ੍ਰਦਰਸ਼ਨ ਜ਼ਰੂਰ ਕੀਤਾ ਸੀ।

26 ਜਨਵਰੀ ਨੂੰ ਕਿਸਾਨ ਟਰੈਕਟਰ ਪਰੇਡ ਦੌਰਾਨ ਦਿੱਲੀ ‘ਚ ਹਿੰਸਾ ਦੇਖਣ ਨੂੰ ਮਿਲੀ ਸੀ। ਕਿਸਾਨ ਟਰੈਕਟਰ ਪਰੇਡ ‘ਚ ਸ਼ਾਮਲ ਕੁਝ ਲੋਕਾਂ ਨੇ ਲਾਲ ਕਿਲ੍ਹੇ ਵੱਲ ਕੂਚ ਕੀਤਾ ਸੀ। ਇਸ ਦੌਰਾਨ ਪੁਲਿਸ ਦੀਆਂ ਸਾਰੀਆਂ ਰੋਕਾਂ ਨੂੰ ਤੋੜਦੇ ਹੋਏ ਲੋਕ ਅੱਗੇ ਵਧੇ ਸਨ। ਜਿਸ ਤੋਂ ਬਾਅਦ ਲਾਲ ਕਿਲ੍ਹੇ ‘ਤੇ ਧਾਰਮਿਕ ਝੰਡਾ ਫਹਿਰਾਇਆ ਗਿਆ ਸੀ। ਪੁਲਿਸ ਨੇ ਇਸ ਮਾਮਲੇ ਵਿੱਚ ਦੇਸ਼ਧ੍ਰੋਹ ਅਤੇ ਯੂਏਪੀਏ ਦੀ ਧਾਰਾ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਦਿੱਲੀ ਹਿੰਸਾ ਮਾਮਲੇ ਵਿੱਚ ਅਦਾਕਾਰ ਦੀਪ ਸਿੱਧੂ ਨੂੰ ਗ੍ਰਿਫ਼ਤਾਰ ਵੀ ਕੀਤਾ ਹੈ ਅਤੇ ਲੱਖਾ ਸਿਧਾਣਾ ਦੀ ਭਾਲ ਲਈ ਪੁਲਿਸ ਨੇ ਇੱਕ ਲੱਖ ਰੁਪਏ ਦਾ ਇਨਾਮ ਵੀ ਐਲਾਨ ਦਿੱਤਾ ਹੈ।

Share This Article
Leave a Comment