ਸਮਾਣਾ : ਪੰਜ ਦਰਿਆਵਾਂ ਦੀ ਧਰਤੀ ਪੰਜਾਬ ਦੇ ਵਿੱਚ ਨਸ਼ਿਆਂ ਦਾ ਛੇਵਾਂ ਦਰਿਆ ਲਗਾਤਾਰ ਤੇਜ਼ੀ ਨਾਲ ਵਧਦਾ ਜਾ ਰਿਹਾ ਹੈ। ਆਏ ਦਿਨ ਨੌਜਵਾਨ ਇਸ ਦਰਿਆ ਦੇ ਵਿਚ ਡੁੱਬ ਕੇ ਆਪਣੀ ਜ਼ਿੰਦਗੀ ਤਬਾਹ ਕਰ ਰਹੇ ਹਨ। ਹਾਲਾਂਕਿ ਸਮੇ ਸਮੇ ‘ਤੇ ਪੁਲਿਸ ਪ੍ਰਸ਼ਾਸਨ ਵਲੋਂ ਰੇਡਾਂ ਵੀ ਕੀਤੀਆਂ ਜਾ ਰਹੀਆਂ ਹਨ ਪਰ ਫਿਰ ਵੀ ਨਸ਼ਾ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ। ਗੱਲ ਕਰ ਲੈਂਦੇ ਹਾਂ ਪਟਿਆਲਾ ਜ਼ਿਲ੍ਹੇ ਦੇ ਹਲਕਾ ਸਮਾਣਾ ਦੀ ਜਿਥੇ ਦੇ ਪਿੰਡ ਲੰਗੜੋਈ ਵਿਖੇ ਪੁਲੀਸ ਪ੍ਰਸ਼ਾਸਨ ਵੱਲੋਂ ਰੇਡ ਕੀਤੀ ਗਈ ਹੈ ।
ਜਾਣਕਾਰੀ ਮੁਤਾਬਕ ਪਿੰਡ ਦੇ 45 ਘਰਾਂ ਵਿੱਚ ਪੁਲਿਸ ਵੱਲੋਂ ਸਾਂਝੇ ਤੌਰ ਤੇ ਰੇਡ ਕੀਤੀ ਗਈ ਹੈ। ਪੁਲਿਸ ਵੱਲੋਂ ਉਨ੍ਹਾਂ ਘਰਾਂ ਵਿੱਚ ਰੇਡ ਕੀਤੀ ਗਈ ਹੈ ਜਿਨ੍ਹਾਂ ਘਰਾਂ ਦੇ ਵਿਚੋਂ ਪਹਿਲਾਂ ਰੇੜ੍ਹ ਦੌਰਾਨ ਨਸ਼ਾ ਬਰਾਮਦ ਹੋਇਆ ਸੀ। ਇਸ ਬਾਰੇ ਜਾਣਕਾਰੀ ਦਿੰਦਿਆਂ ਪੁਲਿਸ ਪ੍ਰਸ਼ਾਸਨ ਨੇ ਦੱਸਿਆ ਕਿ ਇਹ ਰੇਡ ਪਟਿਆਲਾ ਪੁਲਿਸ ਅਤੇ ਸਮਾਣਾ ਪੁਲਿਸ ਵੱਲੋਂ ਮਿਲ ਕੇ ਚਲਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਘਰਾਂ ਦੇ ਲੋਕ ਨਸ਼ਾ ਤਸਕਰੀ ਕਰਦੇ ਹਨ। ਜਿਸ ਕਾਰਨ ਇਨ੍ਹਾਂ ਘਰਾਂ ਵਿੱਚ ਸਪੈਸ਼ਲ ਰੇਡ ਕਰਕੇ ਚੈਕਿੰਗ ਕੀਤੀ ਗਈ ਹੈ।
ਪੰਜਾਬ ਜਿਹੜਾ ਕੁਝ ਸਮਾਂ ਪਹਿਲਾਂ ਘੁੱਗ ਵਸਦਾ ਸੀ ਅੱਜ ਹਾਲਾਤ ਇਹ ਹਨ ਕਿ ਹਰ ਦੂਜਾ ਨੌਜਵਾਨ ਨਸ਼ਿਆਂ ਦੀ ਗ੍ਰਿਫ਼ਤ ਵਿੱਚ ਹੈ ਇੱਥੋਂ ਤੱਕ ਕਿ ਨੌਜਵਾਨ ਕੁੜੀਆਂ ਵੀ ਇਸ ਨਸ਼ੇ ਦੇ ਜਾਲ ਵਿੱਚ ਫਸ ਚੁਕੀਆਂ ਹਨ। ਬੀਤੇ ਦਿਨੀਂ ਸੋਸ਼ਲ ਮੀਡੀਆ ਜ਼ਰੀਏ ਇਕ ਕੁੜੀ ਦੀ ਨਸ਼ੇ ਦੀ ਹਾਲਤ ਵਿੱਚ ਵਾਇਰਲ ਹੋਈ ਵੀਡੀਓ ਨੇ ਸਾਰਿਆਂ ਨੂੰ ਸਰਮਸ਼ਾਰ ਕਰ ਦਿੱਤਾ ਸੀ। ਇਕ ਪਾਸੇ ਜਿੱਥੇ ਨਸ਼ਿਆ ਦਾ ਦਰਿਆ ਨੌਜਵਾਨੀ ਨੂੰ ਖ਼ਤਮ ਕਰ ਰਿਹਾ ਹੈ ਤਾਂ ਉਥੇ ਹੀ ਪਰਵਾਸ ਨੇ ਵੀ ਪੰਜਾਬ ਨੂੰ ਤਬਾਹੀ ਦੇ ਰਾਹ ਵੱਲ ਮੋੜ ਦਿੱਤਾ ਹੈ।ਇਨ੍ਹਾਂ ਹਾਲਾਤਾਂ ਵਿੱਚ ਪੰਜਾਬ ਨੂੰ ਬਚਾਉਣ ਲਈ ਸਰਕਾਰਾਂ ਵੀ ਫੇਲ੍ਹ ਸਾਬਤ ਹੋ ਰਹੀਆਂ ਹਨ।