ਅਹਿਮਦਾਬਾਦ: ਬਿਨਾਂ ਹੈਲਮੇਟ ਦੇ ਦੋਪਹੀਆ ਵਾਹਨ ਚਲਾਉਣ ‘ਤੇ ਮੋਟਰ ਵਹੀਕਲ ਐਕਟ ਤਹਿਤ ਚਲਾਨ ਦੀ ਰਕਮ ਵਧਾ ਕੇ 1000 ਰੁਪਏ ਕਰ ਦਿੱਤੀ ਗਈ ਹੈ। ਕੁਝ ਰਾਜਾਂ ਵਿੱਚ ਇਹ ਰਕਮ ਅਜੇ ਵੀ 500 ਰੁਪਏ ਹੈ, ਪਰ ਗੁਜਰਾਤ ਦੇ ਅਹਿਮਦਾਬਾਦ ਵਿੱਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੂੰ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਟ੍ਰੈਫਿਕ ਪੁਲਿਸ ਨੇ ਹੈਲਮੇਟ ਨਾ ਪਾਉਣ ‘ਤੇ ਲਾਅ ਦੇ ਵਿਦਿਆਰਥੀ ਦਾ 500, 1000 ਨਹੀਂ ਸਗੋਂ 10 ਲੱਖ ਰੁਪਏ ਦਾ ਚਲਾਨ ਕੀਤਾ ਹੈ। ਇਸ ਮਾਮਲੇ ਦੇ ਖੁਲਾਸੇ ਤੋਂ ਬਾਅਦ ਜਿੱਥੇ ਇੱਕ ਪਾਸੇ ਪੁਲਿਸ ਵਿਭਾਗ ਵਿੱਚ ਹੜਕੰਪ ਮਚ ਗਿਆ ਹੈ, ਉੱਥੇ ਹੀ ਦੂਜੇ ਪਾਸੇ ਲਾਅ ਦੇ ਵਿਦਿਆਰਥੀ ਦੇ ਪਰਿਵਾਰ ਵਾਲੇ ਪੁਲਿਸ ਦੇ ਚੱਕਰ ਕੱਟ ਰਹੇ ਹਨ। ਪੀੜਤ ਨੌਜਵਾਨ ਅਹਿਮਦਾਬਾਦ ਦੇ ਵਸਤਰਾਲ ਦਾ ਰਹਿਣ ਵਾਲਾ ਹੈ। ਜਦੋਂ ਵਿਦਿਆਰਥੀ ਅਨਿਲ ਹਾਦੀਆ ਨੂੰ ਇਸ ਚਲਾਨ ਬਾਰੇ ਪਤਾ ਲੱਗਾ ਤਾਂ ਉਹ ਹੈਰਾਨ ਰਹਿ ਗਿਆ। ਜਿਸ ਤੋਂ ਬਾਅਦ ਉਸ ਨੇ ਅਦਾਲਤ ਵਿੱਚ ਪਟੀਸ਼ਨ ਦਾਇਰ ਕੀਤੀ ਹੈ।
ਅਨਿਲ ਹਾਦੀਆ ਨੇ ਦੱਸਿਆ ਕਿ ਪੁਲਿਸ ਨੇ ਉਸਦਾ ਚਲਾਨ ਕੀਤਾ ਅਤੇ ਉਸਨੂੰ ਆਨਲਾਈਨ ਪੇਮੈਂਟ ਕਰਨ ਲਈ ਕਿਹਾ, ਜੋ ਉਹ ਕਰਨਾ ਭੁੱਲ ਗਿਆ। ਪਰ ਇੱਕ ਦਿਨ ਜਦੋਂ ਉਹ ਕਿਸੇ ਕੰਮ ਲਈ ਏ.ਆਰ.ਈ.ਟੀ.ਓ ਦਫ਼ਤਰ ਗਿਆ ਤਾਂ ਉਸ ਨੂੰ ਪਤਾ ਲੱਗਾ ਕਿ ਉਸ ਦੇ ਨਾਂ ‘ਤੇ 10 ਲੱਖ 500 ਰੁਪਏ ਦਾ ਚਲਾਨ ਕੱਟਿਆ ਹੋਇਆ ਹੈ। ਜਦੋਂਕਿ ਬਾਕੀ ਦੇ 3 ਚਲਾਨ ਉਸ ਨੇ ਅਦਾ ਕਰ ਦਿੱਤੇ ਸਨ। ਜਿਸ ਤੋਂ ਬਾਅਦ ਉਸ ਨੇ ਅਦਾਲਤ ਦਾ ਰੁਖ ਕੀਤਾ। ਜਦੋਂ ਇਹ ਮਾਮਲਾ ਅਦਾਲਤ ਵਿੱਚ ਪਹੁੰਚਿਆ ਤਾਂ ਟਰੈਫਿਕ ਪੁਲਿਸ ਨੇ ਆਪਣੀ ਗਲਤੀ ਮੰਨ ਲਈ। ਟਰੈਫਿਕ ਪੁਲਿਸ ਦਾ ਕਹਿਣਾ ਹੈ ਕਿ ਅਨਿਲ ਦਾ ਚਲਾਨ ਸਿਸਟਮ ਵਿੱਚ ਗਲਤ ਐਂਟਰੀ ਕਾਰਨ ਜਾਰੀ ਕੀਤਾ ਗਿਆ ਸੀ। ਇਹ ਚਲਾਨ ਭਾਰੀ ਵਾਹਨਾਂ ਲਈ ਲਗਾਇਆ ਜਾਂਦਾ ਹੈ। ਜਦੋਂ ਕਿ ਉਸ ਦਾ ਚਲਾਨ ਹੈਲਮੇਟ ਦਾ ਸੀ।
ਅਹਿਮਦਾਬਾਦ ਟਰੈਫਿਕ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ। ਅਨਿਲ ਨੂੰ ਇਸ ਸਮੱਸਿਆ ਤੋਂ ਬਚਾਉਣ ਲਈ ਵੀ ਕਦਮ ਚੁੱਕੇ ਜਾ ਰਹੇ ਹਨ। ਹਾਲਾਂਕਿ 10 ਲੱਖ ਰੁਪਏ ਦੇ ਚਲਾਨ ਦਾ ਮਾਮਲਾ ਸੋਸ਼ਲ ਮੀਡੀਆ ‘ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।