ਨਵੀਂ ਦਿੱਲੀ : ਸਿੰਘੂ ਬਾਰਡਰ ਕਤਲ ਮਾਮਲੇ ਵਿੱਚ ਪੁਲਿਸ ਨੇ ਅਣਪਛਾਤੇ ਲੋਕਾਂ ਖਿਲਾਫ ਧਾਰਾ 302 ਅਤੇ 34 ਤਹਿਤ ਕੇਸ ਦਰਜ ਕੀਤਾ ਹੈ। ਪੁਲਿਸ ਵੱਲੋਂ ਦਰਜ ਐੱਫਆਈਆਰ ਦੇ ਅਨੁਸਾਰ ਸਵੇਰ ਦੇ 5 ਵਜੇ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਕਿਸਾਨ ਅੰਦੋਲਨ ਨੇੜੇ ਇਕ ਲੋਹੇ ਦੇ ਬੈਰੀਗੇਟ ਨਾਲ ਇਕ ਲਾਸ਼ ਲਟਕਦੀ ਮਿਲੀ ਹੈ ਜਿਸਦਾ ਇਕ ਹੱਥ ਤੇ ਪੈਰ ਕੱਟਿਆ ਗਿਆ ਸੀ।
ਮੌਕੇ ‘ਤੇ ਏਐੱਸਆਈ ਨਾਲ ਪਹੁੰਚੀ ਪੁਲਿਸ ਦੀ ਟੀਮ ਨੇ ਘਟਨਾ ਸਥਾਨ ਦਾ ਜਾਇਜਾ ਲਿਆ। ਐੱਫਆਈਆਰ ਮੁਤਾਬਿਕ ਲਾਸ਼ ਦੁਆਲੇ ਨਿਹੰਗ ਸਿੰਘਾਂ ਤੇ ਹੋਰ ਲੋਕਾਂ ਦੀ ਭੀੜ ਖੜ੍ਹੀ ਸੀ। ਪਰ ਪੁਲਿਸ ਨਾ ਤਾਂ ਮ੍ਰਿਤਕ ਦੀ ਤੇ ਨਾ ਹੀ ਘਟਨਾ ਦੇ ਦੋਸ਼ੀਆਂ ਦੀ ਪਛਾਣ ਕਰ ਸਕੀ ਹੈ। ਇਹ ਵੀ ਲਿਖਿਆ ਗਿਆ ਹੈ ਕਿ ਮੌਕੇ ਉਤੇ ਮੌਜੂਦ ਲੋਕਾਂ ਵੱਲੋਂ ਪੁਲਿਸ ਨੂੰ ਕੋਈ ਸਹਿਯੋਗ ਨਹੀਂ ਦਿੱਤਾ ਗਿਆ।
ਉਥੇ ਹੀ ਦੂਜੇ ਪਾਸੇ ਘਟਨਾ ਸਬੰਧੀ ਨਿਹੰਗ ਸਿੰਘਾਂ ਵੱਲੋਂ ਵੀਡੀਓ ਜਾਰੀ ਕੀਤੀ ਗਈ ਹੈ ਜਿਸ ਵਿੱਚ ਇਹ ਕਿਹਾ ਗਿਆ ਹੈ ਕਿ ਇਹ ਵਿਅਕਤੀ ਨਿਹੰਗ ਬਾਣੇ ਵਿੱਚ ਹੀ ਉਨ੍ਹਾਂ ਦੇ ਕੈਂਪ ਅੰਦਰ ਦਾਖ਼ਲ ਹੋਇਆ ਸੀ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰ ਰਿਹਾ ਸੀ ਅਤੇ ਇਸਨੂੰ ਫ਼ੜ ਕੇ ਨਿਹੰਗਾਂ ਨੇ ਸੋਧਾ ਲਾਇਆ ਹੈ।
ਵੀਡੀਓ ਵਿੱਚ ਨਿਹੰਗ ਨੇ ਇਹ ਵੀ ਕਹਿੰਦੇ ਨਜ਼ਰ ਆ ਰਹੇ ਹਨ ਕਿ ‘ਇਸ ਪਾਪੀ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਜਿਸ ਤੋਂ ਬਾਅਦ ਫ਼ੌਜਾਂ ਨੇ ਇਸ ਦਾ ਗੁੱਟ ਅਤੇ ਲੱਤ ਵੱਢ ਦਿੱਤੀ ਹੈ। ਉਥੇ ਹੀ ਜ਼ਖਮੀ ਹਾਲਤ ‘ਚ ਮੰਜੇ ’ਤੇ ਪਿਆ ਵਿਅਕਤੀ ਆਪਣੀ ਗ਼ਲਤੀ ਕਬੂਲ ਕਰਦਾ ਨਜ਼ਰ ਆ ਰਿਹਾ ਹੈ।