ਸ਼ੰਭੂ-ਖਨੌਰੀ ‘ਚ ਬਦਲਿਆ ਮੰਜ਼ਰ, ਮਲਬੇ ਦੇ ਢੇਰ, ਖਾਲੀ ਹੋਏ ਟੈਂਟ, ਟੁੱਟਿਆ ਸਮਾਨ, ਤਸਵੀਰਾਂ ਰਾਹੀਂ ਦੇਖੋ ਹਾਲ

Global Team
3 Min Read

ਚੰਡੀਗੜ੍ਹ: ਪੰਜਾਬ ਅਤੇ ਹਰਿਆਣਾ ਦੇ ਸ਼ੰਭੂ ਅਤੇ ਖਨੌਰੀ ਬਾਰਡਰ ਨੂੰ 13 ਮਹੀਨਿਆਂ ਬਾਅਦ ਖਾਲੀ ਕਰਵਾਇਆ ਗਿਆ ਹੈ। ਸ਼ੰਭੂ ਬਾਰਡਰ ‘ਤੇ ਵਾਹਨਾਂ ਦੀ ਆਵਾਜਾਈ ਸ਼ੁਰੂ ਹੋ ਚੁੱਕੀ ਹੈ, ਜਦਕਿ ਸ਼ਾਮ ਤੱਕ ਖਨੌਰੀ ਬਾਰਡਰ ਵੀ ਖੁੱਲ ਜਾਣ ਦੀ ਸੰਭਾਵਨਾ ਹੈ। ਬੁੱਧਵਾਰ ਨੂੰ ਚੰਡੀਗੜ੍ਹ ‘ਚ ਕੇਂਦਰੀ ਮੰਤਰੀਆਂ ਨਾਲ ਮੀਟਿੰਗ ਤੋਂ ਬਾਅਦ, ਪੰਜਾਬ ਪੁਲਿਸ ਨੇ ਵੱਖ-ਵੱਖ ਥਾਵਾਂ ਤੋਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ, ਸਰਵਣ ਸਿੰਘ ਪੰਧੇਰ ਸਮੇਤ ਲਗਭਗ 200 ਕਿਸਾਨਾਂ ਨੂੰ ਹਿਰਾਸਤ ‘ਚ ਲੈ ਲਿਆ। ਮੀਟਿੰਗ ਤੋਂ ਕੁਝ ਘੰਟਿਆਂ ਬਾਅਦ ਹੀ ਪੁਲਿਸ ਦੀਆਂ ਟੀਮਾਂ ਸ਼ੰਭੂ ਤੇ ਖਨੌਰੀ ਬਾਰਡਰ ‘ਤੇ ਪਹੁੰਚ ਗਈਆਂ ਅਤੇ ਉਥੇ ਲੱਗੇ ਮੰਚ, ਟੈਂਟ ਤੇ ਹੋਰ ਸਾਜ-ਸਮਾਨ ਨੂੰ ਹਟਾ ਦਿੱਤਾ।

ਅੱਜ ਸਵੇਰੇ ਸ਼ੰਭੂ ਬਾਰਡਰ ‘ਤੇ ਦ੍ਰਿਸ਼ ਬਹੁਤ ਹੀ ਵੱਖਰੇ ਸਨ। ਕਿਸਾਨਾਂ ਦੇ ਟੈਂਟ ਹਟਾਈਆਂ ਜਾ ਰਹੇਆਂ ਸਨ, ਜਿੱਥੇ AC ਤੇ ਬੈਡ ਟੁੱਟੇ ਹੋਏ ਪਏ ਸਨ, ਅਤੇ ਸੜਕ ‘ਤੇ ਮਲਬੇ ਦੇ ਢੇਰ ਲੱਗੇ ਹੋਏ ਸਨ। ਆਲੇ-ਦੁਆਲੇ ਦੇ ਲੋਕ ਇਹ ਹਾਲਾਤ ਵੇਖਣ ਆ ਰਹੇ ਸਨ, ਪਰ ਪੁਲਿਸ ਨੇ ਉਨ੍ਹਾਂ ਨੂੰ ਹਟਾ ਦਿੱਤਾ।

ਉਥੇ ਕਿਸਾਨ ਤੇ ਟੈਂਟ ਹਾਊਸ ਮਾਲਕ ਆਪਸ ‘ਚ ਭਿੜ ਗਏ, ਜਦ ਕਿਸਾਨਾਂ ਨੇ ਦੋਸ਼ ਲਗਾਇਆ ਕਿ ਉਨ੍ਹਾਂ ਦਾ ਸਮਾਨ ਚੁਕਿਆ ਗਿਆ ਹੈ, ਪਰ ਟੈਂਟ ਹਾਊਸ ਮਾਲਕਾਂ ਨੇ ਵੀ ਦਾਅਵਾ ਕੀਤਾ ਕਿ ਉਨ੍ਹਾਂ ਦਾ ਸਮਾਨ ਵੀ ਗਾਇਬ ਹੋ ਗਿਆ। ਇਹ ਟਕਰਾਅ ਪੁਲਿਸ ਅਧਿਕਾਰੀਆਂ ਤੱਕ ਵੀ ਪਹੁੰਚ ਗਿਆ। ਪਟਿਆਲਾ ਨਗਰ ਕੌਂਸਲ ਦੀ ਟੀਮ ਵੀ ਉਥੇ ਪਹੁੰਚ ਕੇ ਕੁਝ ਸਮਾਨ ਜ਼ਬਤ ਕਰ ਗਈ।

ਖਨੌਰੀ ‘ਤੇ, ਪੰਜਾਬ ਪੁਲਿਸ ਨੇ 4 ਕਿ.ਮੀ. ਪਹਿਲਾਂ ਹੀ ਬੈਰੀਕੇਡ ਲਾਈ ਹੋਈ ਸੀ, ਕਿਸੇ ਨੂੰ ਵੀ ਅੱਗੇ ਜਾਣ ਦੀ ਇਜਾਜ਼ਤ ਨਹੀਂ ਮਿਲ ਰਹੀ ਸੀ। ਹਰਿਆਣਾ ਵੱਲੋਂ ਵੀ 1 ਕਿ.ਮੀ. ਪਹਿਲਾਂ ਪੁਲਿਸ ਨੇ ਨਾਕੇ ਲਾਏ ਹੋਏ ਸਨ, ਜਿਸ ਕਰਕੇ ਮੱਧ ਦਾ 3 ਕਿ.ਮੀ. ਖੇਤਰ ਪੂਰੀ ਤਰ੍ਹਾਂ ਸੀਲ ਸੀ। ਇਸ ਦੌਰਾਨ, ਪੁਲਿਸ ਕਿਸਾਨਾਂ ਦੇ ਟਰੈਕਟਰ-ਟਰਾਲੀਆਂ ਹਟਾ ਰਹੀ ਸੀ। ਹਾਈਡਰਾ, JCB ਤੇ ਪੋਕਲੇਨ ਮਸ਼ੀਨਰੀ ਦੀ ਮਦਦ ਨਾਲ ਬੈਰੀਕੇਡਿੰਗ, ਸੀਮੈਂਟ ਦੇ ਬਲਾਕ ਤੇ ਮਿੱਟੀ ਭਰੇ ਕੰਟੇਨਰ ਹਟਾਏ ਜਾ ਰਹੇ ਸਨ। ਕਿਸਾਨਾਂ ਨੇ ਦੋਸ਼ ਲਗਾਇਆ ਕਿ ਪੁਲਿਸ ਨੇ ਉਨ੍ਹਾਂ ਦੇ ਮੋਬਾਈਲ ਤੇ ਹੋਰ ਸਮਾਨ ਵੀ ਜ਼ਬਤ ਕਰ ਲਿਆ, ਜਦਕਿ ਕੁਝ ਕਿਸਾਨਾਂ ਨੇ ਆਪਣੇ ਸਿਲੰਡਰ ਅਤੇ ਹੋਰ ਸਮਾਨ ਗਾਇਬ ਹੋਣ ਦੀ ਸ਼ਿਕਾਇਤ ਕੀਤੀ। ਪੁਲਿਸ ਅਧਿਕਾਰੀਆਂ ਨੇ ਇਸ ‘ਤੇ ਸਪਸ਼ਟੀਕਰਨ ਦਿੰਦਿਆਂ ਕਿਹਾ ਕਿ ਕੁਝ ਸਮਾਨ ਉਨ੍ਹਾਂ ਨੇ ਵੀ ਆਪਣੇ ਕਬਜ਼ੇ ‘ਚ ਲਿਆ ਹੈ, ਅਤੇ ਕਿਸਾਨ ਆ ਕੇ ਉਹ ਸਮਾਨ ਵਾਪਸ ਲੈ ਸਕਦੇ ਹਨ।

Share This Article
Leave a Comment