Breaking News

ਆਮ ਆਦਮੀ ਪਾਰਟੀ ਦੇ ਵਰਕਰਾਂ ‘ਤੇ ਲਾਠੀਚਾਰਜ, ਚੱਲੀਆਂ ਪਾਣੀ ਵਾਲੀਆਂ ਤੋਪਾਂ

ਚੰਡੀਗੜ੍ਹ (ਦਰਸ਼ਨ ਸਿੰਘ ਖੋਖਰ ) : ਆਮ ਆਦਮੀ ਪਾਰਟੀ ਦੇ ਵਰਕਰਾਂ ਅਤੇ ਆਗੂਆਂ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਿਸਵਾਂ ਫਾਰਮ ਹਾਊਸ ਦਾ ਘਿਰਾਓ ਕਰਨ ਦਾ ਪ੍ਰੋਗਰਾਮ ਉਲੀਕਿਆ ਸੀ। ਇਹ ਪ੍ਰੋਗਰਾਮ ਬਿਜਲੀ ਦੀਆਂ ਵਧੀਆਂ ਦਰਾਂ ਅਤੇ ਲੱਗ ਰਹੇ ਵੱਡੇ ਬਿਜਲੀ ਕੱਟਾਂ ਦੇ ਵਿਰੋਧ ਵਜੋਂ ਉਲੀਕਿਆ ਗਿਆ। ਸਿਸ਼ਵਾਂ ਫਾਰਮ ਹਾਊਸ ਨੇਡ਼ੇ ਮੁੱਖ ਰੋਡ ‘ਤੇ ਟੀ ਪੁਆਇੰਟ ਉੱਤੇ ਤਿੰਨ ਘੰਟੇ ਰੋਸ ਧਰਨਾ ਦੇਣ ਤੋਂ ਬਾਅਦ ਜਦੋਂ ਵਰਕਰ ਤੇ ਆਗੂ ਸਿਸਵਾਂ ਫਾਰਮ ਹਾਊਸ ਵੱਲ ਵਧੇ ਤਾਂ ਉਨ੍ਹਾਂ ਇਕ ਛੋਟਾ ਬੈਰੀਕੇਡ ਮਿੰਟਾਂ- ਸਕਿੰਟਾਂ ਵਿੱਚ ਤੋੜ ਦਿੱਤਾ ਅਤੇ ਫਿਰ ਦੂਸਰੇ ਅਤੇ ਵੱਡੇ ਬੈਰੀਕੇਡ ਕੋਲ ਪੁਲਿਸ ਨਾਲ ਉਨ੍ਹਾਂ ਦਾ ਟਾਕਰਾ ਹੋ ਗਿਆ। ਇਸ ਦੌਰਾਨ ਪੁਲਿਸ ਨੇ ਲਾਠੀਚਾਰਜ ਕਰਕੇ ਕਈਆਂ ਨੂੰ ਖਦੇੜ ਦਿੱਤਾ।

 

ਇਸ ਤੋਂ ਬਾਅਦ ਫਿਰ ਤਾਕਤ ਇਕੱਠੀ ਕਰਕੇ ਹੰਭਲਾ ਮਾਰਦੇ ਹੋਏ ਆਮ ਆਦਮੀ ਪਾਰਟੀ ਦੇ ਵਰਕਰ ਅਤੇ ਆਗੂ ਵੱਡੇ ਬੈਰੀਕੇਡ ਕੋਲ ਪਹੁੰਚ ਗਏ ਜਿੱਥੇ ਕਿ ਉਨ੍ਹਾਂ ਨੂੰ ਪਾਣੀ ਦੀਆਂ ਬੁਛਾੜਾਂ ਦਾ ਲਗਾਤਾਰ ਅੱਧਾ ਘੰਟਾ ਸਾਹਮਣਾ ਕਰਨਾ ਪਿਆ। ਪਾਣੀ ਦੀਆਂ ਤੋਪਾਂ ਦੀਆਂ ਤੇਜ਼ ਬੁਛਾੜਾਂ ਅੱਗੇ ਵੀ ਵਰਕਰ ਡਟੇ ਰਹੇ ਅਤੇ ਪੁਲਿਸ ਹਲਕਾ ਲਾਠੀਚਾਰਜ ਵੀ ਕਰਦੀ ਰਹੀ । ਇਸ ਤੋਂ ਬਾਅਦ ਪੁਲਿਸ ਨੇ ਨਰਮਾਈ ਤੋਂ ਕੰਮ ਲਿਆ ਅਤੇ ਪਾਣੀ ਦੀਆਂ ਬੁਛਾੜਾਂ ਰੁਕਵਾ ਦਿੱਤੀਆਂ ਅਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਕਿਹਾ ਕਿ ਉਹ ਹੁਣ ਪਿੱਛੇ ਹਟ ਜਾਣ, ਉਨ੍ਹਾਂ ਨੇ ਆਪਣੀ ਗੱਲ ਕਹਿ ਦਿੱਤੀ ਹੈ। ਇਸੇ ਵਿਚਾਲੇ ਆਮ ਆਦਮੀ ਪਾਰਟੀ ਦੇ ਵਰਕਰਾਂ ਦੀ ਪੁਲਿਸ ਨਾਲ ਕਈ ਵਾਰ ਝੜਪ ਹੋਈ ।

ਭਗਵੰਤ ਮਾਨ , ਹਰਪਾਲ ਸਿੰਘ ਚੀਮਾ ਅਤੇ ਮੀਤ ਹੇਅਰ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਅਤੇ ਡੇਢ ਦਰਜ਼ਨ ਹੋਰ ਵਰਕਰ ਹਿਰਾਸਤ ਵਿੱਚ ਲੈ ਲਏ, ਜਿਨ੍ਹਾਂ ਨੂੰ ਨੇਡ਼ੇ ਬਣੇ ਮਕਾਨ ਵਿੱਚ ਬੰਦ ਕਰ ਦਿੱਤਾ ਗਿਆ। ਪੁਲਿਸ ਅਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਦੀ ਝੜਪ ਦੌਰਾਨ ਅੱਧਾ ਦਰਜਨ ਵਰਕਰ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਐਂਬੂਲੈਂਸ ਵਿੱਚ ਪਾ ਕੇ ਨੇੜੇ ਦੇ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ।

ਮੁਲਾਜ਼ਮ ਆਗੂ ਜਸਵਿੰਦਰ ਸਿੰਘ ਬਰਾੜ ਵੀ ਬੇਹੋਸ਼ ਹੋ ਗਏ ਸਨ ਜਿਨ੍ਹਾਂ ਨੂੰ ਤੁਰੰਤ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ । ਆਮ ਆਦਮੀ ਪਾਰਟੀ ਦੇ ਆਗੂ ਤੇ ਵਰਕਰ ਆਪਣਾ ਇਹ ਸੰਦੇਸ਼ ਦੇਣ ਵਿੱਚ ਕਾਮਯਾਬ ਹੋ ਗਏ ਹਨ ਕਿ ਉਹ ਲੋਕਾਂ ਦੇ ਮੁੱਦਿਆਂ ਬਾਰੇ ਪੰਜਾਬ ਦੇ ਲੋਕਾਂ ਨਾਲ ਖੜ੍ਹੇ ਹਨ ਅਤੇ ਕੈਪਟਨ ਸਰਕਾਰ ਦਾ ਉਹ ਲਗਾਤਾਰ ਵਿਰੋਧ ਕਰਦੇ ਰਹਿਣਗੇ ।

 

Check Also

ਅਨੁਸ਼ਕਾ-ਵਿਰਾਟ ਦੇ ਘਰ ਜਲਦ ਹੀ ਗੂੰਝਣ ਗੀਆਂ ਨੰਨ੍ਹੇ ਮਹਿਮਾਨ ਦੀਆਂ ਕਿਲਕਾਰੀਆਂ

ਮੁੰਬਈ: ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਜਲਦ ਹੀ ਦੂਜੇ ਬੱਚੇ ਦੇ ਮਾਤਾ-ਪਿਤਾ ਬਣਨ ਜਾ ਰਹੇ …

Leave a Reply

Your email address will not be published. Required fields are marked *