ਗੁਰਦਾਸਪੁਰ: ਗੁਰਦਾਸਪੁਰ ਦੇ ਪਿੰਡ ਬੱਬੇਹਾਲੀ ‘ਚ ਪੁਲਿਸ ਕਾਂਸਟੇਬਲ ਨਾਲ ਹੋਈ ਕੁੱਟਮਾਰ ਦੇ ਮਾਮਲੇ ‘ਚ ਪੁਲਿਸ ਨੇ 5 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਇੱਕ ਮੁਲਜ਼ਮ ਲਖਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦੋਂਕਿ ਬਾਕੀ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।ਇਸ ਹਮਲੇ ’ਚ ਕਾਂਸਟੇਬਲ ਦੀਆਂ ਦੋਵੇਂ ਲੱਤਾਂ ਟੁੱਟ ਗਈਆਂ, ਜਦੋਂਕਿ ਉਸ ਦੀ ਭੈਣ ਵੀ ਜ਼ਖ਼ਮੀ ਹੋ ਗਈ।
ਹਸਪਤਾਲ ’ਚ ਦਾਖ਼ਲ ਕਰਨਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਦੀਨਾਨਗਰ ’ਚ ਤਾਇਨਾਤ ਹੈ ਅਤੇ ਬੱਬੇਹਾਲੀ ਦੇ ਛਿੰਞ ਮੇਲੇ ’ਤੇ ਵਿਸ਼ੇਸ਼ ਡਿਊਟੀ ’ਤੇ ਸੀ। ਦੇਰ ਸ਼ਾਮ ਜਦੋਂ ਉਹ ਆਪਣੀ ਭੈਣ ਬਲਵਿੰਦਰ ਕੌਰ ਨਾਲ ਮੋਟਰਸਾਈਕਲ ’ਤੇ ਵਾਪਿਸ ਆ ਰਿਹਾ ਸੀ, ਤਾਂ ਕੁਝ ਲੋਕਾਂ ਨੇ ਉਸ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਕੇ ਹੇਠਾਂ ਸੁੱਟ ਦਿੱਤਾ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ।ਜਦੋਂ ਇਕ ਮੁਲਜ਼ਮ ਨੇ ਉਸ ’ਤੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ, ਤਾਂ ਉਸ ਦੀ ਭੈਣ ਬਲਵਿੰਦਰ ਕੌਰ ਉਸ ਦੇ ਉੱਪਰ ਲੇਟ ਗਈ, ਜਿਸ ਕਾਰਨ ਮੁਲਜ਼ਮ ਬਿਨਾਂ ਗੋਲੀ ਚਲਾਏ ਮੌਕੇ ਤੋਂ ਫ਼ਰਾਰ ਹੋ ਗਏ।
ਕਰਨਪ੍ਰੀਤ ਸਿੰਘ ਨੇ ਦਾਅਵਾ ਕੀਤਾ ਕਿ ਕੁਝ ਸਮਾਂ ਪਹਿਲਾਂ ਉਸ ਨੇ ਪਿੰਡ ‘ਚ ਨਸ਼ਾ ਵੇਚਣ ਵਾਲੇ ਕੁਝ ਲੋਕਾਂ ਬਾਰੇ ਪੁਲਿਸ ਨੂੰ ਜਾਣਕਾਰੀ ਦਿੱਤੀ ਸੀ। ਉਸ ਦਾ ਕਹਿਣਾ ਹੈ ਕਿ ਇਸੇ ਰੰਜਿਸ਼ ਕਾਰਨ ਉਸ ਤੇ ਹਮਲਾ ਕੀਤਾ ਗਿਆ ਹੈ। ਉਸ ਨੇ ਇਹ ਵੀ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਉਸ ਤੇ ਹਮਲਾ ਹੋ ਚੁੱਕਾ ਹੈ, ਪਰ ਉਸ ਮਾਮਲੇ ‘ਚ ਕੋਈ ਕਾਰਵਾਈ ਨਹੀਂ ਹੋਈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

