ਓਸ਼ਾਵਾ : ਸਾਲ 2019 ‘ਚ ਵਾਪਰੀ ਗੋਲੀਬਾਰੀ ਦੀ ਵਾਰਦਾਤ ਦੇ ਮਾਮਲੇ ‘ਚ ਡਰਹਮ ਰੀਜਨਲ ਪੁਲਿਸ ਵਲੋਂ ਭਾਰਤੀ ਮੂਲ ਦੇ ਨੌਜਵਾਨ ਸਣੇ 2 ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਗੋਲੀਬਾਰੀ ਦੌਰਾਨ 18 ਸਾਲ ਦੇ ਨੌਜਵਾਨ ਦੀ ਮੌਤ ਹੋ ਗਈ ਸੀ। ਪੁਲਿਸ ਨੇ ਦੱਸਿਆ ਕਿ 1 ਅਗਸਤ 2019 ਨੂੰ ਰਿਟਸਨ ਰੋਡ ਇਲਾਕੇ ਦੀ ਪੈਂਟਲੈਂਡ ਸਟ੍ਰੀਟ ਵਿਖੇ ਸਥਿਤ ਇੱਕ ਟਾਊਨ ਹਾਊਸ ਕੰਪਲੈਕਸ ‘ਚ ਗੋਲੀ ਚੱਲਣ ਦੀ ਜਾਣਕਾਰੀ ਮਿਲੀ ਸੀ ਅਤੇ ਮੌਕੇ ‘ਤੇ ਪੁੱਜੇ ਅਫ਼ਸਰਾਂ ਨੂੰ ਇੱਕ ਵਿਅਕਤੀ ਗੰਭੀਰ ਜ਼ਖ਼ਮੀ ਹਾਲਤ ਵਿੱਚ ਮਿਲਿਆ ਜਿਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਪੁਲਿਸ ਵਲੋਂ ਮ੍ਰਿਤਕ ਦੀ ਪਛਾਣ ਡੇਵੰਨ ਪੈਟਨ ਵਜੋਂ ਕੀਤੀ ਗਈ। ਮਾਮਲੇ ਦੀ ਦੋ ਸਾਲ ਤੱਕ ਚੱਲੀ ਜਾਂਚ ਦੇ ਆਧਾਰ ‘ਤੇ ਡਰਹਮ ਰੀਜਨਲ ਪੁਲਿਸ ਨੇ 22 ਸਾਲ ਦੇ ਰਾਮਾਨੁਜਨ ਰਤਨਾਵਲ ਅਤੇ 18 ਸਾਲ ਦੇ ਇਕ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਸ ਦੀ ਉਮਰ ਉਸ ਵੇਲੇ 16 ਸਾਲ ਸੀ। ਸੰਭਾਵਤ ਤੌਰ ‘ਤੇ ਇਸੇ ਕਾਰਨ ਦੂਜੇ ਸ਼ੱਕੀ ਦਾ ਨਾਮ ਜਨਤਕ ਨਹੀਂ ਕੀਤਾ ਗਿਆ।
ਦੋਵਾਂ ਵਿਰੁੱਧ ਫਰਸਟ ਡਿਗਰੀ ਦਰਜੇ ਦੇ ਕਤਲ ਦੇ ਦੋਸ਼ ਆਇਦ ਕੀਤੇ ਗਏ ਹਨ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਇਸ ਮਾਮਲੇ ਬਾਰੇ ਕੋਈ ਹੋਰ ਜਾਣਕਾਰੀ ਹੋਵੇ ਤਾਂ ਮੇਜਰ ਹੋਮੀਸਾਈਡ ਯੂਨਿਟ ਦੇ ਡਿਟੈਕਟਿਵਜ਼ ਨਾਲ 1-888 579-1520 ਐਕਸਟੈਨਸ਼ਨ 5247 ‘ਤੇ ਸੰਪਰਕ ਕੀਤਾ ਜਾਵੇ।