ਸ਼ਹਾਦਤ: ਪੋਹ ਦੀਆਂ ਕਾਲੀਆਂ ਰਾਤਾਂ ਦਾ ਰੌਸ਼ਨ ਗਵਾਹ ਹੈ ਇੱਕ ਪਿੰਡ

TeamGlobalPunjab
22 Min Read

-ਪਰਮਜੀਤ ਕੌਰ ਸਰਹਿੰਦ

ਉਘੀ ਲੇਖਿਕਾ

ਸਿੱਖ ਇਤਿਹਾਸ ਨੂੰ ਸ਼ਹੀਦਾਂ ਜਾਂ ਕੁਰਬਾਨੀਆਂ ਦਾ ਇਤਿਹਾਸ ਕਹਿਣਾ ਅਤਿਕਥਨੀ ਨਹੀਂ ਹੈ। ਇਸ ਇਤਿਹਾਸ ਵਿੱਚ ਪੋਹ ਦਾ ਮਹੀਨਾ ਇੱਕ ਸੁਨਹਿਰੀ ਪਰ ਲਹੂ ਭਿੱਜੇ ਹਾਸ਼ੀਏ ਵਾਲ਼ਾ ਪੰਨਾ ਹੈ। ਵਿਸ਼ਵ ਭਰ ਵਿੱਚ ਹਰ ਨਾਨਕ ਨਾਮ ਲੇਵਾ ਵਿਅਕਤੀ, ਸਿੱਖ ਸੰਗਤ ਤੇ ਮਨੁੱਖਤਾ ਨੂੰ ਪਿਆਰਨ ਵਾਲ਼ਾ ਹਰ ਮਨੁੱਖ ਇਸ ਮਹੀਨੇ ਨੂੰ ਸ਼ਹੀਦੀ ਮਹੀਨਾ ਗਿਣਦਾ ਹੈ। ਵਾਹ ਲਗਦੀ ਇਹ ਲੋਕ ਪੋਹ ਵਿੱਚ ਕੋਈ ਖ਼ੁਸ਼ੀ ਭਰਿਆ ਕਾਰਜ ਨਹੀਂ ਕਰਦੇ।

ਬਿਕਰਮੀ 1761, ਪੋਹ 6-7 ਮੁਤਾਬਕ ਸੰਨ 1704, ਦਸੰਬਰ 20-21, ਮੰਗਲ, ਬੁੱਧ ਦੀ ਵਿਚਕਾਰਲੀ ਰਾਤ ਨੂੰ ਜਦੋਂ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਭ ਕੁਝ ਜਾਣਦਿਆਂ ਵੀ ਮੁਗਲਾਂ ਵੱਲੋਂ ਝੂਠੀਆਂ ਸੌਂਹਾਂ ਖਾਣ ਉਪਰੰਤ ਅਨੰਦਪੁਰ ਸਾਹਿਬ ਦੀ ਧਰਤ ਸੁਹਾਵੀ ਤੋਂ ਕਿਲਾ ਅਨੰਦਗੜ੍ਹ ਛੱਡਿਆ ਤਾਂ ਮੁਸੀਬਤਾਂ ਦੇ ਝੱਖੜ ਝੁੱਲ ਪਏ। ਮੁਗਲਾਂ ਦੇ ਵਾਅਦਾ ਖ਼ਿਲਾਫ਼ੀ ਕਰਕੇ ਪਿੱਠ ਪਿੱਛੋਂ ਵਾਰ ਕਰਨ ਕਾਰਨ ਤੇ ਸਰਸਾ ਨਦੀ ਵਿੱਚ ਆਏ ਹੜ੍ਹ ਕਾਰਨ ਮੁਗਲਾਂ ਨਾਲ਼ ਟੱਕਰ ਲੈਂਦਿਆਂ ਗੁਰੂ ਜੀ ਦੇ ਕਈ ਪਿਆਰੇ-ਸਚਿਆਰੇ ਸਿੰਘ-ਸਿੰਘਣੀਆਂ ਸਮੇਤ ਵੱਡਮੁੱਲਾ ਇਤਿਹਾਸ ਵੀ ਪਾਣੀਆਂ ਦੀ ਭੇਟ ਚੜ੍ਹ ਗਿਆ। ਇਸ ਘੋਰ ਸੰਕਟਮਈ ਸਮੇਂ ਸਰਸਾ ਨਦੀ ਤੋਂ ਦਸਮ ਪਿਤਾ ਦਾ ਪਰਿਵਾਰ ਉਹਨਾਂ ਤੋਂ ਵਿੱਛੜ ਗਿਆ। ਇਹ ਸਾਰਾ ਇਤਿਹਾਸ ਵਿਦਵਾਨ ਇਤਿਹਾਸਕਾਰਾਂ ਨੇ ਕਲਮਬੱਧ ਕੀਤਾ ਹੈ।

- Advertisement -

ਉਸ ਸਮੇਂ ਮਾਤਾ ਗੁਜਰੀ ਜੀ 85 ਵਰਿਆਂ ਦੀ ਬਿਰਧ ਉਮਰ ਵਿੱਚ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਕਰੀਬ 9 ਸਾਲ, ਬਾਬਾ ਫਤਹਿ ਸਿੰਘ ਜੀ ਕਰੀਬ ਸੱਤ ਸਾਲ ਦੀ ਬਾਲ ਉਮਰ ਵਿੱਚ ਸਨ। ਉਹ ਤਿੰਨੇ ਇੱਕ ਖੱਚਰ ਸਮੇਤ ਸਰਸਾ ਨਦੀ ਦੇ ਕਿਨਾਰੇ ਕੰਡਿਆਲੇ, ਉਜਾੜ-ਬੀਆਬਾਨ ਰਾਹਾਂ ‘ਤੇ ਤੁਰਦੇ ਝੱਲ-ਝਾੜੀਆਂ ਵਿੱਚੋਂ ਲੰਘਦੇ ਸਤਲੁਜ ਦਰਿਆ ਦੇ ਪੱਤਣ ‘ਤੇ ਜਾ ਪੁੱਜੇ। ਉੱਥੇ ਉਹਨਾਂ ਰੱਬੀ ਰੂਹਾਂ ਨੇ ਕੁੰਮਾਂ ਮਾਸ਼ਕੀ ਦੀ ਛੰਨ ਵਿੱਚ ਸ਼ਹਾਦਤ ਦੇ ਸਫ਼ਰ ਦਾ ਪਹਿਲਾ ਪੜਾਅ ਕੀਤਾ। ਗੁਰਮਾਤਾ ਅਤੇ ਗੁਰਲਾਲਾਂ ਨੇ 7 ਪੋਹ ਬਿਕਰਮੀ 1761 ਮੁਤਾਬਕ 21 ਦਸੰਬਰ ਸੰਨ 1704 ਦੀ ਭਿਆਨਕ ਕਹਿਰ ਦੀ ਠੰਢ ਵਿੱਚ ਇੱਕ ਰਾਤ ਉਸ ਨੇਕ ਇਨਸਾਨ ਦੀ ਝੁੱਗੀ ਵਿੱਚ ਗੁਜ਼ਾਰੀ। ਇੱਕ ਰਾਤ ਉੱਥੇ ਗੁਜ਼ਾਰ ਕੇ ਪਿੰਡ ਢੱਕ ਢੇਰਾ (ਰੋਪੜ) ਤੋਂ ਹੁੰਦੇ ਹੋਏ ਗੰਗੂ ਬ੍ਰਾਹਮਣ ਨਾਲ਼ ਉਸ ਦੇ ਕਿਹਾਂ ਔਝੜ ਰਾਹਾਂ ਦੇ ਪਾਂਧੀ ਹੋ ਗਏ ਜੋ ਸੂਹ ਲੈਂਦਾ ਕੁੰਮੇ ਮਾਸ਼ਕੀ ਦੀ ਛੰਨ ਵਿੱਚ ਮਾਤਾ ਜੀ ਕੋਲ਼ ਪੁੱਜ ਗਿਆ ਸੀ।

ਜਿਹਨਾਂ ਬਿਖੜੇ ਰਾਹਾਂ ਤੋਂ ਇਹ ਸਿਦਕੀ ਸਿਰਲੱਥ ਜੋਧੇ ਲੰਘ ਗਏ ਉਹਨਾਂ ਰਾਹਾਂ ‘ਤੇ ਅਜਿਹੀਆਂ ਪੈੜਾਂ ਪਾ ਗਏ ਜੋ ਸਮਾਂ ਪਾ ਕੇ ਸੂਰਜ ਵਾਂਗ ਚਮਕ ਉੱਠੀਆਂ। ਬਹੁਤ ਸਾਰੇ ਪਾਵਨ ਸਥਾਨਾਂ ਦੀ ਖੋਜ ਜਗਿਆਸੂ ਵਿਦਵਾਨਾਂ ਨੇ ਕੀਤੀ ਹੈ ਤੇ ਇਹ ਮਹਾਨ ਕਾਰਜ ਅਜੇ ਵੀ ਜਾਰੀ ਹਨ। ਕੁਝ ਸਮਾਂ ਪਹਿਲਾਂ 2004 ਵਿੱਚ ਅਜਿਹੇ ਕਈ ਅਹਿਮ ਪਵਿੱਤਰ ਸਥਾਨਾਂ ਦੀ ਖੋਜ ਭਾਈ ਸੁਰਿੰਦਰ ਸਿੰਘ ਖਾਲਸਾ, ਖਜੂਰਲਾ ਜ਼ਿਲ੍ਹਾ ਕਪੂਰਥਲਾ ਨੇ ਕੀਤੀ। ਇਹਨਾਂ ਵਿੱਚ ‘ਛੰਨ ਕੁੰਮਾ ਮਾਸ਼ਕੀ ‘ ‘ਪਿਲਕਣ ਵਾਲਾ ਸਥਾਨ ਚੱਕ ਢੇਰਾ’ ਅਤੇ ‘ਉੱਚਾ ਖੇੜਾ ਮੁਹੱਲਾ, ਰੋਪੜ’ ਸ਼ਾਮਲ ਹਨ।

ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਦੀ ਚਰਨ ਛੋਹ ਪ੍ਰਾਪਤ ਪਿੰਡ ਕਾਈਨੌਰ, ਜ਼ਿਲਾ ਰੋਪੜ ਵਿੱਚ ਇੱਕ ਅਹਿਮ ਸਥਾਨ ਦੀ ਖੋਜ ਵੀ ਭਾਈ ਸੁਰਿੰਦਰ ਸਿੰਘ ਖਾਲਸਾ ਨੇ ਕੀਤੀ ਹੈ। ਇਹ ਕਰੜੀ ਘਾਲਣਾ ਵਾਲ਼ਾ ਕਾਰਜ ਗੁਰੂ ਕ੍ਰਿਪਾ ਸਦਕਾ ਪੁਰਾਤਨ ਇਤਿਹਾਸ ਦੇ ਹਵਾਲਿਆਂ ਤੇ ਨਗਰ ਵਾਸੀਆਂ ਦੇ ਸਹਿਯੋਗ ਨਾਲ਼ ਸੰਪੂਰਨ ਕੀਤਾ ਹੈ। ਇਹ ਪਿੰਡ ਮੋਰਿੰਡਾ-ਰੋਪੜ ਸੜਕ ਉੱਤੇ ਖੱਬੇ ਪਾਸੇ ਹੈ ਪਰ ਕਾਈਨੌਰ ਦਾ ਬੱਸ ਅੱਡਾ ਮੁੱਖ ਸੜਕ ਉੱਤੇ ਹੈ। ਅੱਡੇ ਤੋਂ ਖੱਬੇ ਵੱਲ ਉਸ ਮੁਕੱਦਸ ਅਸਥਾਨ ‘ਤੇ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ ਜਿੱਥੇ ਮਾਤਾ ਜੀ ਤੇ ਮਾਸੂਮ ਸਾਹਿਬਜ਼ਾਦਿਆਂ ਨੇ 8 ਪੋਹ, ਬਿਕਰਮੀ 1761 ਮੁਤਾਬਕ 22 ਦਸੰਬਰ, ਸੰਨ 1704 ਦੀ ਕਹਿਰੀ ਰਾਤ ਬਤੀਤ ਕੀਤੀ। ਸ਼ਹਾਦਤ ਦੇ ਸਫ਼ਰ ਦੀ ਇਹ ਦੂਜੀ ਰਾਤ ਸੀ। ਬਹੁਤ ਸਮਾਂ ਪਹਿਲਾਂ ਤੋਂ ਇਸ ਸਥਾਨ ਨੂੰ ‘ ਗੁਰਦਆਰਾ ਬਾਬੇ ਸ਼ਹੀਦ ਜੰਡੀਸਰ ਸਾਹਿਬ’ ਕਰਕੇ ਮੰਨਿਆ ਜਾਂਦਾ ਹੈ। ਇਹ ਸਥਾਨ ਰੋਪੜ ਤੋਂ 15 ਕਿਲੋਮੀਟਰ ਅਤੇ ਮੋਰਿੰਡਾ ਤੋਂ ਕੇਵਲ 4 ਕਿਲੋਮੀਟਰ ਦੀ ਦੂਰੀ ਉੱਤੇ ਸੁਭਾਇਮਾਨ ਹੈ। ਇਸ ਦਾ ਜ਼ਿਕਰ ਪ੍ਰਸਿੱਧ ਇਤਿਹਾਸਕਾਰ ਕਰਮ ਸਿੰਘ ਹਿਸਟੋਰੀਅਨ ਨੇ ਵੀ ਕੀਤਾ ਹੈ। ਪੁਰਾਤਨ ਲਿਖਤ ‘ਸਿੰਘ ਸਾਗਰ’ ਜੋ ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਛਾਪੀ ਗਈ ਹੈ ਜਿਸ ਦੀ ਸੰਪਾਦਕ ਕ੍ਰਿਸ਼ਨਾ ਕੁਮਾਰੀ ਬਾਂਸਲ ਹੈ ਵਿੱਚ ਭਾਈ ਵੀਰ ਸਿੰਘ ਬੱਲ ਜੀ 1827 ਈ: ਦੀ ਲਿਖਤ ਹੈ ਜੋ ਪੰਨਾ 124 ਉੱਤੇ ਅੰਕਿਤ ਹੈ:-

- Advertisement -

ਦੋਹਰਾ:- ਜੋਰਾਵਰ ਸਿੰਘੁ ਫਤੇ ਸਿੰਘੁ ਗੁਜਰੀ ਮਾਤਾ ਸਾਥ।
ਕਾਈਨੌਰ ਕੈ ਤਲ ਕੇ ਵਸੇ ਏਰ ਪੁਰ ਰਾਤ

ਇਹ ਲਿਖਤ ਇਸ ਸਥਾਨ ਦੀ ਨਿਸ਼ਾਨਦੇਹੀ ਦੀ ਪੁਸ਼ਟੀ ਕਰਦੀ ਹੈ। ਭਾਈ ਬੱਲ ਜੀ ਨੇ ਮਾਤਾ ਗੁਜਰੀ ਜੀ ਤੇ ਸਾਹਿਬਜ਼ਾਦਿਆਂ ਦੇ ਪਰਿਵਾਰ ਵਿਛੋੜੇ ਤੋਂ ਸਰਹਿੰਦ ( ਸ੍ਰੀ ਫ਼ਤਹਿਗੜ੍ਹ ਸਾਹਿਬ) ਤੱਕ ਛੇ ਰਾਤਾਂ ਦਾ ਵੇਰਵਾ ਵੀ ਦਿੱਤਾ ਹੈ ਜਿਸ ਵਿੱਚ ਪੋਹ ਦੀ ਇਹ ਦੂਜੀ ਰਾਤ 8 ਪੋਹ, ਬਿਕਰਮੀ 1761 ਮੁਤਾਬਿਕ 22 ਦਸੰਬਰ, ਸੰਨ 1704 ਦਾ ਜ਼ਿਕਰ ਹੈ। ਤੀਜੀ ਰਾਤ ਪਿੰਡ ਸਹੇੜੀ (ਗੰਗੂ ਬ੍ਰਾਹਮਣ ਦੇ ਘਰ) ਹੁਣ ਗੁਰਦੁਆਰਾ ਅਟਕਸਰ ਸਾਹਿਬ ਨੌਂ ਪੋਹ। ਚੌਥੀ ਰਾਤ 10 ਪੋਹ, ਕੋਤਵਾਲੀ ਮੋਰਿੰਡਾ ਜੋ ਗੁਰਦੁਆਰਾ ਕੋਤਵਾਲੀ ਸਾਹਿਬ ਦੇ ਰੂਪ ਵਿੱਚ ਵਿਦਮਾਨ ਹੈ, ਉੱਥੇ ਗੁਜ਼ਾਰੀ। ਪੰਜਵੀਂ ਤੇ ਛੇਵੀਂ ਰਾਤ 11 ਤੇ 12 ਪੋਹ ਸਰਹਿੰਦ ਸੂਬੇ ਦੀ ਕੈਦ ‘ਚ ਗੁਜ਼ਾਰੀ ਜੋ ਮੌਜੂਦਾ ਸਮੇਂ ਵਿਸ਼ਵ ਪ੍ਰਸਿੱਧ ਸ਼ਹੀਦੀ ਸਕਾਨ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ‘ਠੰਢਾ ਬੁਰਜ’ ਜਾਂ ਪੁਰਾਣੇ ਬਜ਼ੁਰਗਾਂ ਅਨੁਸਾਰ ‘ਮਾਤਾ ਗੁਜਰੀ ਬੁਰਜ’ ਦੇ ਨਾਂ ਨਾਲ਼ ਜਾਣੀ ਤੇ ਸਤਿਕਾਰੀ ਜਾਂਦੀ ਹੈ। ਅਕਹਿ ਤੇ ਅਸਹਿ ਕਸ਼ਟ ਭਰੀਆਂ ਇਹ ਰਾਤਾਂ ਬਿਰਧ ਮਾਤਾ ਗੁਜ਼ਰੀ ਜੀ ਤੇ ਫੁੱਲਾਂ ਤੋਂ ਵੀ ਵੱਧ ਕੋਮਲ ਜਿੰਦਾਂ ਛੋਟੇ ਸਾਹਿਬਜ਼ਾਦਿਆਂ ਨੇ ਕਿਵੇਂ ਗੁਜ਼ਾਰੀਆਂ ਤੇ ਕਿਵੇਂ ਉਹਨਾਂ ਦਾ ਇਹ ਸ਼ਹਾਦਤ ਦਾ ਸਫ਼ਰ ਆਖ਼ਰੀ ਪੜਾਅ ‘ਤੇ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਜਾ ਕੇ ਸੰਪੂਰਨ ਹੋਇਆ ਇਹ ਕੁੱਲ ਆਲਮ ਜਾਣਦਾ ਹੈ। ਦੁਨੀਆ ਭਰ ਦੇ ਇਤਿਹਾਸ ਵਿੱਚ ਇਸ ਲਾਸਾਨੀ ਕੁਰਬਾਨੀ ਦੀ ਮਿਸਾਲ ਨਹੀਂ ਮਿਲਦੀ।

ਕਾਈਨੌਰ ਵਿਖੇ ਗੁਜ਼ਾਰੀ ਦੂਜੀ ਰਾਤ ਵਾਰੇ ਪਿੰਡ ਵਾਸੀਆਂ ਤੋਂ ਲਈ ਜਾਣਕਾਰੀ ਭਾਈ ਸੁਰਿੰਦਰ ਸਿੰਘ ਖਾਲਸਾ ਜੀ ਨੇ ਪੁਸਤਕ ‘ਪੋਹ ਦੀਆਂ ਰਾਤਾਂ’ ਵਿੱਚ ਵਰਨਣ ਕੀਤੀ ਹੈ। ਇਹ ਜਾਣਕਾਰੀ ਮੌਜੂਦਾ ਪ੍ਰਧਾਨ ਕੈਪਟਨ ਲਛਮਣ ਸਿੰਘ ਨੂੰ ਮਿਲ ਕੇ ਪੁਰਾਣੇ ਬਜ਼ੁਰਗਾਂ ਸ. ਉਜਾਗਰ ਸਿੰਘ, ਸ. ਗੁਰਦਿਆਲ ਸਿੰਘ ਨੌਹਰੀਆਂ ਤੇ ਕਰਨੈਲ ਸਿੰਘ ਆਦਿ ਤੋਂ ਇਸ ਸਥਾਨ ਦਾ ਪਿਛੋਕੜ ਜਾਣਿਆ। ਛੰਨ ਕੁੰਮਾ ਮਾਸ਼ਕੀ ਤੋਂ ਜਦੋਂ ਕੁੰਮੇ ਮਾਸ਼ਕੀ ਨੇ ਗੰਗੂ ਸਮੇਤ ਗੁਰ ਮਾਤਾ ਤੇ ਗੁਰ ਲਾਲਾਂ ਨੂੰ ਸਤਲੁਜ ਦਰਿਆ ਪਾਰ ਕਰਾ ਕੇ ਚੱਕ ਢੇਰਾ ਪਿੰਡ ਦੇ ਪੱਤਣ ‘ਤੇ ਪਹੁੰਚਾ ਦਿੱਤਾ। ਉਹ ਪਿਲਕਣ ਦਾ ਦਰੱਖਤ ਅੱਜ ਵੀ ਮੌਜੂਦ ਹੈ ਜਿਸ ਨਾਲ਼ ਸਦੀਆਂ ਪਹਿਲਾਂ ਕੁੰਮਾ ਮਾਸ਼ਕੀ ਆਪਣੀ ਬੇੜੀ ਨੂੰ ਬੰਨ੍ਹਿਆ ਕਰਦਾ ਸੀ। ਇੱਥੋਂ ਹੀ ਗੰਗੂ ਉਹਨਾਂ ਦੁਖਿਆਰੇ ਪਰ ਮਹਾਨ ਰਾਹੀਆਂ ਨੂੰ ਵਿੰਗੇ-ਟੇਢੇ ਝੱਲ-ਝਾੜੀਆਂ ਵਾਲ਼ੇ ਰਾਹਾਂ ‘ਤੇ ਲੈ ਤੁਰਿਆ। ਮਾਤਾ ਜੀ ਨੂੰ ਧਰਵਾਸ ਦਿੰਦਾ ਰਿਹਾ ਕਿ ਮੈਂ ਤੁਹਾਨੂੰ ਆਪਣੇ ਪਿੰਡ ਲੈ ਚੱਲਾਂਗਾ ਤੇ ਫਿਰ ਗੁਰੂ ਜੀ ਨੂੰ ਮਿਲਾ ਦਿਆਂਗਾ। ਉਸ ਦੇ ਮਨ ਵਿੱਚ ਮਾਤਾ ਜੀ ਦੀ ਮਾਇਆ ਦਾ ਲੋਭ ਸੀ ਉਹ ਇਸੇ ਲਈ ਕੁਰਾਹੇ ਲੈ ਜਾ ਰਿਹਾ ਸੀ ਕਿ ਕਿਤੇ ਦਾਅ ਤਕਾ ਕੇ ਮਾਇਆ ਚੋਰੀ ਕਰ ਕੇ ਭੱਜ ਜਾਵੇਗਾ। ਉਸ ਦੇ ਮਨ ਵਿੱਚ ਇਹ ਨੀਵੀਂ ਸੋਚ ਵੀ ਸੀ ਕਿ ਜੇ ਕਿਸੇ ਸਿੱਖ ਪਰਿਵਾਰ ਕੋਲ਼ ਮਾਤਾ ਜੀ ਠਾਹਰ ਕਰਨਗੇ ਤਾਂ ਉਹ ਸੁਰੱਖਿਅਤ ਹੋ ਜਾਣਗੇ ਤੇ ਗੰਗੂ ਦੇ ਮਨਸੂਬੇ ਧਰੇ ਧਰਾਏ ਰਹਿ ਜਾਣੇ ਸਨ।

ਘੁੰਮਦਾ-ਘੁਮਾਉਂਦਾ ਗੰਗੂ ਮੁਗਲ ਹਕੂਮਤ ਦੇ ਜ਼ੁਲਮ ਦੀਆਂ ਝੰਬੀਆਂ ਜਿੰਦਾਂ ਨੂੰ ਪਿੰਡ ਕਾਈਨੌਰ ਲੈ ਆਇਆ। ਉਹ ਉਹਨਾਂ ਨੂੰ ਆਪਣੇ ਪਿੰਡ ਸਹੇੜੀ ਨਹੀਂ ਸੀ ਲੈ ਜਾਣਾ ਚਾਹੁੰਦਾ ਜੋ ਬਿਲਕੁਲ ਨਜ਼ਦੀਕ ਇਸ ਤੋਂ ਅਗਲਾ ਪਿੰਡ ਹੈ। ਉਹ ਆਪਣੇ ਆਪ ਨੂੰ ਖ਼ਤਰੇ ਵਿੱਚ ਨਹੀਂ ਸੀ ਪਾਉਣਾ ਚਾਹੁੰਦਾ। ਜਦੋਂ ਉਹ ਪਿੰਡ ਕਾਈਨੌਰ ਪੁੱਜੇ ਤਾਂ ਰਾਤ ਹੋ ਚੁੱਕੀ ਸੀ। ਇੱਥੇ ਉਹ ਇੱਕ ਸੰਘਣੀ ਝਿੜੀ ਵਿੱਚ ਤਲਾਅ ਦੇ ਕਿਨਾਰੇ ਆ ਟਿਕੇ। ਸਫ਼ਰ ਦੀ ਥਕਾਵਟ ਨਾਲ ਮਾਤਾ ਜੀ ਦਾ ਬਿਰਧ ਸਰੀਰ ਚੂਰ-ਚੂਰ ਹੋਇਆ ਪਿਆ ਸੀ ਪਰ ਰੱਬੀ ਭਾਣੇ ਵਿੱਚ ਅਡੋਲ ਸਨ। ਉਹਨਾਂ ਨੂੰ ਉੱਥੇ ਛੱਡ ਗੰਗੂ ਕਿਤੋਂ ਭੋਜਨ ਲੈ ਆਇਆ ਜਿਸ ਨੂੰ ਛਕ ਕੇ ਤਿੰਨਾਂ ਨੇ ਤਲਾਅ ਵਿੱਚੋਂ ਪਾਣੀ ਪੀਤਾ। ਫੁੱਲਾਂ ਵਰਗੇ ਮਾਸੂਮ ਬਾਲ ਸਾਹਿਬਜ਼ਾਦਿਆਂ ਨੂੰ ਜ਼ਮੀਨ ‘ਤੇ ਮਾੜਾ ਮੋਟਾ ਕੱਪੜਾ ਵਿਛਾ ਕੇ ਆਪਣੇ ਦੋਵੇਂ ਪਾਸਿਆਂ ਨਾਲ਼ ਲਾ ਕੇ ਮਾਤਾ ਜੀ ਲੰਮੇ ਪੈ ਗਏ ਤੇ ਕੋਈ ਬਾਕੀ ਕੱਪੜਾ ਲੱਤਾ ਠੰਢ ਤੋਂ ਬਚਾਅ ਲਈ ਉੱਪਰ ਲੈ ਲਿਆ। ਝਿੜੀ ਸੰਘਣੀ ਹੋਣ ਕਾਰਨ ਸੀਤ ਹਵਾ ਤੋਂ ਕੁਝ ਰਾਹਤ ਮਿਲੀ। ਆਪਣੇ ਕਾਲਜੇ ਦੇ ਟੁਕੜਿਆਂ ਨੂੰ ਲੋਹੜੇ ਦੀ ਠੰਢ ਵਿੱਚ ਚੜ੍ਹਦੀ ਕਲਾ ਦਾ ਪਾਠ ਪੜ੍ਹਾਉਂਦੇ ਮਮਤਾ ਦਾ ਨਿੱਘ ਦਿੰਦੇ ਰਹੇ। ਮਹਿਲਾਂ-ਮਾੜੀਆਂ ਦੇ ਰਹਿਣ ਵਾਲ਼ੇ ਨੀਲੇ ਅੰਬਰਾਂ ਦੀ ਛੱਤ ਅਤੇ ਝਾੜਾਂ-ਬੂਟਿਆਂ ਦੀ ਓਟ ਵਿੱਚ ਭੁੰਜੇ ਲੇਟੇ ਵੀ ਕਰਤੇ ਦੀ ਰਜ਼ਾ ਵਿੱਚ ਰਾਜ਼ੀ ਸਨ। ਮਾਤਾ ਜੀ ਹਾਲਾਤ ਬਾਰੇ ਵਿਚਾਰ ਕਰਦਿਆਂ ਸਾਰੀ ਰਾਤ ਚੰਗੀ ਤਰ੍ਹਾਂ ਸੌਂ ਨਾ ਸਕੇ ਤੇ ਗੰਗੂ ਮਾਇਆ ਚੁਰਾਉਣ ਵਿੱਚ ਸਫ਼ਲ ਨਾ ਹੋ ਸਕਿਆ। ਸਵੇਰ ਹੋਈ ਤਾਂ ਗੰਗੂ ਤਿੰਨਾਂ ਔਖੇ ਪੰਧਾਂ ਦੇ ਪਾਂਧੀਆਂ ਨੂੰ ਨਾਲ਼ ਲੈ ਤੁਰਿਆ। ਭਾਈ ਵੀਰ ਸਿੰਘ ਬੱਲ ਕਾਈਨੌਰ ਦੇ ਤਲ ਵਾਲ਼ੇ ਦੋਹਰੇ ਤੋਂ ਅੱਗੇ ਪੁਖ਼ਤਾ ਤੇ ਸੰਖੇਪ ਜਾਣਕਾਰੀ ਦਿੰਦਿਆ ਲਿਖਦੇ ਹਨ-

ਦੋਹਰਾ :- ਗਾਉਂ ਉਖੇੜੀ ਨਉਂ ਤਹਿ ਰਹੈ ਮਸੰਦ ਗ੍ਰਿਹ ਜਾਇ।
ਤਬੈ ਮਸੰਦ ਮਲੇਛ ਵਹੁ ਗਇਯੋ ਸਿਰੰਦ ਸਿਧਾਇ

‘ ਉਖੇੜੀ ‘ ਤੋਂ ਲੇਖਕ ਦਾ ਭਾਵ ਗੰਗੂ ਦਾ ਪਿੰਡ ਸਹੇੜੀ ਤੇ ‘ਮਸੰਦ’ ਤੋਂ ਭਾਵ ਗੰਗੂ ਹੈ। ਦੁਖ ਭਰੇ ਰੋਸ ਵਿੱਚ ਲੇਖਕ ਪਿੰਡ ਸਹੇੜੀ ਨੂੰ ਉਖੇੜੀ ਲਿਖਦਾ ਹੈ।
ਕਾਈਨੌਰ ਤੋਂ ਸਹੇੜੀ ਦੇ ਰਸਤੇ ਵਿੱਚ ਗੰਗੂ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਇੱਕ ਢੱਕੀ ਵਿੱਚ ਲੈ ਗਿਆ ਜੋ ਸਹੇੜੀ ਦੇ ਬਾਹਰ ਦੱਖਣ ਦਿਸ਼ਾ ਵਿੱਚ ਸੀ। ਉਹਨਾਂ ਨੂੰ ਉੱਥੇ ਅਟਕਾ ਕੇ ਇਹ ਕਹਿ ਗਿਆ ਕਿ ਪਿੰਡ ਜਾ ਕੇ ਦੇਖ ਆਵਾਂ ਕਿਤੇ ਮੁਗਲ ਸਿਪਾਹੀ ਨਾ ਫਿਰਦੇ ਹੋਣ। ਬਾਲਾਂ ਨਾਲ਼ ਮਾਤਾ ਜੀ ਇੱਥੇ ਇੱਕ ਛੱਪਰ ‘ਚ ਜਾ ਬੈਠੇ ਜੋ ਕਿਸੇ ਫ਼ਕੀਰ ਦੀ ਕੁੱਲੀ ਸੀ। ਉੱਥੇ ‘ਗੁਰਦੁਆਰਾ ਐਮਾ ਸਾਹਿਬ’ ਸੁਭਾਇਮਾਨ ਹੈ। ਇਸ ਦਾ ਜ਼ਿਕਰ ਭਾਈ ਰਤਨ ਸਿੰਘ ਭੰਗੂ ਜੀ ਨੇ ਵੀ ਕੀਤਾ ਹੈ। ਇੱਥੋਂ ਤੱਕ ਦੇ ਸ਼ਹਾਦਤ ਦੇ ਸਫ਼ਰ ਦੀ ਗੱਲ ਵੀ ਪੁਰਾਤਨ ਲਿਖਤ ‘ਸਿੰਘ ਸਾਗਰ’ ਭਾਈ ਵੀਰ ਸਿੰਘ ਬੱਲ ਜੀ ਦੇ ਦੋਹਰੇ ਨਾਲ਼ ਸਮਾਪਤ ਕਰਦੀ ਹਾਂ-

ਦੋਹਰਾ :- ਸ੍ਰੀ ਮਾਤਾ ਜੁਗ ਪੋਤਰੇ ਵਸੇ ਮਸੰਦ ਦੁਆਰ।
ਆਗੈ ਕਥਾ ਸਿਰੰਦ ਕੀ ਜਾਨਤ ਸਭ ਸੰਸਾਰ

ਪੁਰਾਣਤ ਤੱਥ ਖੋਜਦਿਆਂ ਭਾਈ ਸੁਰਿੰਦਰ ਸਿੰਘ ਖਾਲਸਾ ਜੀ ਨੂੰ ਇਸ ਝਿੜੀ ਅਤੇ ਤਲਾਅ ਬਾਰੇ ਹਵਾਲੇ ਮਿਲੇ ਤਾਂ ਉਹ ਪਿੰਡ ਕਾਈਨੌਰ ਜਾ ਪੁੱਜੇ। ਉਹਨਾਂ ਪਿੰਡ ਵਾਸੀਆਂ ਨੂੰ ਪੁੱਛਿਆ ਕਿ ਇਸ ਪਿੰਡ ਵਿੱਚ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਦੀ ਕੋਈ ਯਾਦਗਾਰ ਬਣੀ ਹੋਈ ਹੈ ਜਿੱਥੇ ਉਹਨਾਂ ਨੇ ਇੱਕ ਰਾਤ ਕੱਟੀ ਸੀ? ਪਿੰਡ ਵਾਲਿਆਂ ਨੇ ਦੱਸਿਆ ਕਿ ਸਾਨੂੰ ਅਜਿਹੀ ਕੋਈ ਜਾਣਕਾਰੀ ਨਹੀਂ ਹੈ। ਜਦੋਂ ਖਾਲਸਾ ਜੀ ਨੇ ਦੱਸਿਆ ਕਿ ਪੁਰਾਤਨ ਲਿਖਤ ਵਿੱਚ ਕਾਈਨੌਰ ਵਿਚਲੇ ਕਿਸੇ ਤਲਾਅ ਦਾ ਜ਼ਿਕਰ ਮਿਲਦਾ ਹੈ ਤਾਂ ਲੋਕਾਂ ਕਿਹਾ ਕਿ ਗੁਰਦੁਆਰਾ ਸ਼ਹੀਦਾਂ ਕੋਲ ਇੱਕ ਛੱਪੜ ਹੈ ਜਿਸ ਵਾਰੇ ਸਾਡੇ ਵੱਡੇ ਬਜ਼ੁਰਗ ਦੱਸਦੇ ਹੁੰਦੇ ਸਨ ਕਿ ਕਿਸੇ ਸਮੇਂ ਇੱਥੇ ਤਲਾਅ ਹੁੰਦਾ ਸੀ ਪਰ ਹੁਣ ਕੁਝ ਪੌੜੀਆਂ ਹੀ ਬਚੀਆਂ ਹਨ। ਉਹਨਾਂ ਦੱਸਿਆ ਕਿ ਕਰੀਬ 80 ਸਾਲ ਪਹਿਲਾਂ ਪ੍ਰਗਟ ਰੂਪ ‘ਚ ਇੱਥੇ ਕੋਈ ਥਾਂ ਨਹੀਂ ਸੀ। ਖੋਜੀ ਸੇਵਕ ਖਾਲਸਾ ਜੀ ਦੀ ਇੱਛ ਪੁੰਨੀ ਜਦੋਂ ਉਹਨਾਂ ਜਾ ਦੇਖਿਆ ਗੁਰਦੁਆਰਾ ਬਾਬੇ ਸ਼ਹੀਦ ਦੀ ਪਿਛਲੀ ਕੰਧ ਨਾਲ਼ ਜੋ ਛੱਪੜ ਹੈ ਉਸ ਵਿੱਚ ਸਰਹਿੰਦੀ ਇੱਟਾਂ ਦੀਆਂ ਬਣੀਆਂ ਪੌੜੀਆਂ ਛੱਪੜ ਵਿੱਚ ਉਤਰਦੀਆਂ ਹਨ। ਇਹ ਉਸ ਤਲਾਅ ਦੀ ਗਵਾਹੀ ਭਰਦੀਆਂ ਹਨ ਜਿਸ ਦਾ ਜ਼ਿਕਰ ਭਾਈ ਵੀਰ ਸਿੰਘ ਬੱਲ ਨੇ ‘ਸਿੰਘ ਸਾਗਰ’ ਵਿੱਚ ਕੀਤਾ ਹੈ।

ਇਸ ਅਸਥਾਨ ਵਾਰੇ ਹੋਰ ਜਾਣਕਾਰੀ ਲੈਣ ਲਈ ਅਤੇ ਦਰਸ਼ਨਾਂ ਲਈ ਪਿਛਲੇ ਦਿਨੀਂ ਅਸੀਂ ਦੋਵੇਂ ਜੀਅ ਪਿੰਡ ਕਾਈਨੌਰ ਗਏ। ਅਸੀਂ ਗੁਰਦੁਆਰਾ ਸਾਹਿਬ ਦੀ ਖ਼ੁਬਸੂਰਤ ਇਮਾਰਤ ਵਿੱਚ ਸੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਨਤਮਸਤਕ ਹੋ ਕੇ ਇੱਥੋਂ ਦੀ ਪ੍ਰਬੰਧਕ ਕਮੇਟੀ ਨੂੰ ਮਿਲੇ। ਇਸ ਛੁਪੇ ਇਤਿਹਾਸ ਨੇ ਕਿਵੇਂ ਆਪਣਾ ਆਪ ਪ੍ਰਗਟਾਇਆ ਇਹ ਜਾਣਕਾਰੀ ਗੁਰਦੁਆਰਾ ਜੰਡੀਸਰ ਸਾਹਿਬ ਦੀ ਪ੍ਰਬੰਧ ਕਮੇਟੀ ਦੇ ਮੋਹਤਬਰ ਬੰਦਿਆਂ ਨੇ ਸਾਨੂੰ ਦਿੱਤੀ। ਉਹਨਾਂ ਦੱਸਿਆ ਕਿ ਕਾਫ਼ੀ ਅਰਸਾ ਪਹਿਲਾਂ ਇੱਥੇ ਇੱਕ ਸਮਾਧ ਸੀ ਜੋ ਇੱਕ ਸੁੱਕੀ ਵੱਟ ਉੱਤੇ ਬਣੀ ਹੋਈ ਸੀ ਤੇ ਬਾਕੀ ਸਾਰਾ ਛੱਪੜ ਸੀ। ਪਿਛੋਕੜ ਤੋਂ ਇਸ ਥਾਂ ਉੱਤੇ ਪਿੰਡ ਦੇ ਕਿਸੇ ਪੁਰਾਣੇ ਬਜ਼ੁਰਗ ਨੂੰ ਕਿਸੇ ਮਹਾਂਪੁਰਖ ਨੇ ਉਸ ਥਾਂ ਉੱਤੇ ਮੱਥਾ ਟੇਕਣ ਲਈ ਕਿਹਾ ਸੀ ਜੋ ਕਿਸੇ ਕਸ਼ਟ ਵਿੱਚ ਸੀ। ਉਸ ਪਰਿਵਾਰ ਨੇ ਉੱਥੇ ਦੋ-ਚਾਰ ਇੱਟਾਂ ਰੱਖ ਕੇ ਸਮਾਧ ਦੇ ਰੂਪ ‘ਚ ਸ਼ਰਧਾ ਵਿਅਕਤ ਕੀਤੀ। ਉਸ ਪਿੱਛੋਂ ਇੱਕ ਹੋਰ ਵਿਅਕਤੀ ਸ੍ਰੀ ਲਛਮਣ ਦਾਸ ਨੇ ਉੱਥੇ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਜੋ ਇਸੇ ਪਿੰਡ ਵਿੱਚੋਂ ਝਿਊਰ (ਮਹਿਰਾ) ਬਰਾਦਰੀ ਨਾਲ਼ ਸਬੰਧਤ ਸੀ। ਸੰਨ 1984 ਤੋਂ ਪਹਿਲਾਂ ਇਸ ਸਥਾਨ ਨੂੰ ‘ਜੰਡੀਆਣਾ’ ਕਿਹਾ ਜਾਂਦਾ ਸੀ। ਸਮੇਂ ਦੇ ਨਾਲ਼ ਪਿੰਡ ਦੇ ਲੋਕਾਂ ਦੀ ਸ਼ਰਧਾ ਇਸ ਸਥਾਨ ਪ੍ਰਤੀ ਵਧਦੀ ਗਈ। ਨੇੜਲੇ ਪਿੰਡ ਨਥਮਲਪੁਰ ਵਿਖੇ ਬਾਬਾ ਅਜੀਤ ਸਿੰਘ ਕੋਲ਼ ਜੋ ਵੀ ਸੰਗਤ ਜਾਂਦੀ ਉਹ ਕਹਿੰਦੇ ਉਸ ਥਾਂ ਭਾਵ ਜੰਡੀਸਰ ਸਾਹਿਬ ਕਦੇ ਮੇਲੇ ਲੱਗਿਆ ਕਰਨਗੇ। ਬਾਬਾ ਜੀ ਨੇ ਇਸ ਸਥਾਨ ਨੂੰ ‘ਜੰਡੀਸਰ’ ਦਾ ਨਾਮ ਦਿੱਤਾ। ਜਦਕਿ ਉਸ ਸਥਾਨ ਨੂੰ ਪਹਿਲਾਂ ਜੰਡੀਆਣਾ ਕਹਿੰਦੇ ਸਨ। ਪਿੰਡ ਦੇ ਲੋਕ ਪਹਿਲਾਂ ਤੋਂ ਹੀ ਇਸ ਸਮਾਧ ਉੱਤੇ ਦਸਵੀਂ ਵਾਲ਼ੇ ਦਿਨ ਪ੍ਰਸ਼ਾਦ ਚੜਾ ਕੇ ਧੂਪ-ਬੱਤੀ ਕਰਦੇ ਰਹੇ ਹਨ।

ਜੰਡੀਆਣਾ ਸ਼ਬਦ ਜੰਡ ਨਾਲ਼ ਸਬੰਧਤ ਹੈ ਤੇ ਜੰਡੀਸਰ ਵੀ ਪਰ ਫ਼ਰਕ ਇਹ ਹੈ ਕਿ ਸਰ ਤੋਂ ਭਾਵ ਸਰੋਵਰ ਜਾਂ ਤਲਾਅ ਹੈ। ਇਹ ਉਸ ਤਲਾਅ ਦੀ ਨਿਸ਼ਾਨਦੇਹੀ ਜਾਂ ਪੁਸ਼ਟੀ ਕਰਦਾ ਹੈ ਜਿਸ ਦੇ ਕਿਨਾਰੇ ਝਿੜੀ ਵਿੱਚ ਮਾਤਾ ਗੁਜਰੀ ਜੀ ਤੇ ਦਸਮ ਪਿਤਾ ਦੇ ਛੋਟੇ ਲਖਤੇ ਜਿਗਰ 8 ਪੋਹ ਦੀ ਰਾਤ ਬਤੀਤ ਕਰਕੇ ਗਏ। ਅਸਲ ਵਿੱਚ ਲੋਕਾਂ ਦੀ ਅਕੀਦਤ ਇਸ ਸਥਾਨ ਪ੍ਰਤੀ ਉਸੇ ਵਕਤ ਬਣ ਗਈ ਜਦੋਂ ਇੱਥੇ ਛੋਟੀ ਜਿਹੀ ਸਮਾਧ ਬਣੀ। ਇੱਕ ਹੋਰ ਘਟਨਾ ਹੋਈ ਜਿਸ ਨਾਲ਼ ਪਿੰਡ ਵਾਸੀਆਂ ਨੂੰ ਇਸ ਥਾਂ ਦੀ ਮਹਾਨਤਾ ਦਾ ਗਿਆਨ ਹੋਇਆ। ਜਦੋਂ ਸੰਨ 1965 ਵਿੱਚ ਮੁਰੱਬੇਬੰਦੀ ਹੋਈ ਉਸ ਸਮੇਂ ਪਿੰਡ ਲੁਠੇੜੀ ਦਾ ਉਦੇ ਸਿੰਘ ਨਾਂ ਦਾ ਪਟਵਾਰੀ ਪਿੰਡ ਕਾਈਨੌਰ ਵਿੱਚ ਸੇਵਾ ਨਿਭਾ ਰਿਹਾ ਸੀ ਤਾਂ ਕੁਦਰਤ ਵੱਲੋਂ ਹੀ ਸੰਕੇਤ ਮਿਲੇ ਕਿ ਇਸ ਸਥਾਨ ਵਿੱਚੋਂ ਰਸਤਾ ਕੱਢਣਾ ਠੀਕ ਨਹੀਂ ਤੇ ਉਸਨੇ ਉੱਥੋਂ ਵਲ ਪਾ ਕੇ ਰਸਤਾ ਕੱਢਿਆ। ਸੰਨ 1978 ਵਿੱਚ ਇੱਥੇ ਛੋਟੀ ਜਿਹੀ ਇਮਾਰਤ ਬਣਾਈ ਗਈ ਪਰ ਸੰਨ 1981 ਵਿੱਚ ਕਿਸੇ ਨਿਹੰਗ ਜਥੇਬੰਦੀ ਵੱਲੋਂ ਸਮਾਧ ਵਾਲ਼ੀ ਥਾਂ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਗਿਆ। ਸੰਗਤ ਨੂੰ ਅੰਮ੍ਰਿਤ ਵੀ ਛਕਾਇਆ ਗਿਆ। ਸਮਾਧ ਢਾਹ ਦੇਣ ਕਾਰਨ ਕੁਝ ਸਮਾਂ ਲੋਕਾਂ ਦਾ ਆਉਣਾ ਵੀ ਘਟ ਗਿਆ ਪਰ ਸ਼ਰਧਾਲੂਆਂ ਦੇ ਮਨਾਂ ਵਿੱਚ ਸ਼ਰਧਾ ਬਣੀ ਰਹੀ। ਸੇਵਾਦਾਰਾਂ ਵਿੱਚ ਪਹਿਲਾ ਪ੍ਰਧਾਨ ਬਾਬਾ ਕਰਤਾਰ ਸਿੰਘ ਸੀ ਤੇ ਬਾਬਾ ਸੰਤਾ ਸਿੰਘ ਉਹਨਾਂ ਨਾਲ ਸੇਵਾ ਕਰਾਉਂਦੇ ਰਹੇ। ਦੂਜਾ ਪ੍ਰਧਾਨ ਬਾਬਾ ਗੁਰਬਖ਼ਸ਼ ਸਿੰਘ ਬਣਿਆ ਇਹ ਨਗਰ ਨਿਵਾਸੀ ਸੇਵਾ ਸੰਭਾਲ਼ ਕਰਦੇ ਰਹੇ। ਇਸ ਪਿੱਛੋਂ ਸ. ਮੇਵਾ ਸਿੰਘ ਸਪੁੱਤਰ ਸ. ਹਜੂਰਾ ਸਿੰਘ ਨੰਬਰਦਾਰ ਨੇ ਛੱਪੜ ਨੂੰ ਭਰਨ ਦਾ ਉਪਰਾਲਾ ਕੀਤਾ ਉਸਨੇ ਸਾਰੀ ਜਗਾਹ ਪੱਧਰੀ ਕੀਤੀ। ਇਸ ਲਗਨ ਵਿੱਚ ਉਹ ਘਰ ਬਾਰ ਦਾ ਮੋਹ ਤਿਆਗ ਕੇ ਸੇਵਾ ਨੂੰ ਹੀ ਸਮਰਪਿਤ ਹੋ ਗਿਆ।

ਮਿਲੀ ਜਾਣਕਾਰੀ ਅਨੁਸਰ ਉਸ ਪੁਰਾਤਨ ਛੱਪੜ ਵਿੱਚ ਜੋ ਅਸਲ ਪੁਰਾਤਨ ਤਲਾਅ ਸੀ ਲੋਕ ਕੱਪੜੇ ਵੀ ਧੋਂਦੇ ਸਨ ਡੰਗਰ-ਪਸ਼ੂ ਪਾਣੀ ਵੀ ਪੀਂਦੇ ਸਨ। ਇੱਕ ਝਿਊਰ ਬਰਾਦਰੀ ਦਾ ਵੱਡੀ ਉਮਰ ਦਾ ਬਜ਼ੁਰਗ ਬੜੀ ਅੱਛੀ ਸਿਹਤ ਵਾਲ਼ਾ ਸੀ ਜਿਸ ਦਾ ਨਾਂ ਘੁੱਦੂ ਸੀ। ਜੇ ਉਸ ਨੂੰ ਕਿਸੇ ਨੇ ਸੌ ਸਾਲ ਦੇ ਕਰੀਬ ਉਮਰ ਤੇ ਤੰਦਰੁਸਤੀ ਦਾ ਰਾਜ ਪੁੱਛਣਾ ਉਸ ਨੇ ਰੋਜ਼ਾਨਾ ਸਰੋਵਰ ਦਾ ਇਸ਼ਨਾਨ ਕਰਨਾ ਦੱਸਣਾ। ਬਹੁਤ ਸਾਰੀਆਂ ਗੱਲਾ ਸੀਨਾ-ਬ-ਸੀਨਾ ਅੱਗੇ ਤੁਰੀਆਂ ਰਹੀਆਂ ਤੇ ਇਸ ਸਥਾਨ ਦੀ ਸ਼ਨਾਖ਼ਤ ਹੁੰਦੀ ਗਈ।

ਪ੍ਰਬੰਧਕ ਕਮੇਟੀ ਨੇ ਮੇਰੀ ਜਗਿਆਸਾ ਪੂਰਤੀ ਲਈ ਕੁਝ ਹੋਰ ਘਟਨਾਵਾਂ ਦਾ ਜ਼ਿਕਰ ਵੀ ਕੀਤਾ। ਗੁਰਦੁਆਰਾ ਸਾਹਿਬ ਵਾਲ਼ੀ ਮੁੱਖ ਸੜਕ ਤੋਂ ਪਾਵਨ ਧਾਮ ਦੇ ਬਿਲਕੁਲ ਸਾਹਮਣੇ ਹਟਵਾਂ ਭਾਰੀ ਪਿੱਪਲ ਤੇ ਬਰੋਟਾ ਹੈ। ਉਸ ਜ਼ਮੀਨ ਦੇ ਮਾਲਕ ਪਰਿਵਾਰ ਵੱਲੋਂ ਉੱਥੇ ਖਲਿਆਣ ਲਾਏ ਜਾਂਦੇ ਸਨ ਜਾਂ ਲੋੜ ਅਨੁਸਾਰ ਉਹ ਥਾਂ ਵਰਤੋਂ ਵਿੱਚ ਲਿਆਂਦੀ ਜਾਂਦੀ ਸੀ ਪਰ ਉਹਨਾਂ ਦੀ ਅੰਤਰ ਆਤਮਾ ਨੂੰ ਕੋਈ ਅਹਿਸਹਸ ਹੋਇਆ ਤੇ ਉਹਨਾਂ ਸਾਰੀ ਥਾਂ ਗੁਰਦੁਆਰਾ ਸਾਹਿਬ ਦੇ ਨਾਂ ਕਰਵਾ ਦਿੱਤੀ। ਇਹ ਪਰਿਵਾਰ ਪੁਰਾਣੇ ਸਮੇਂ ਦੇ ਬਜ਼ੁਰਗ ਸ. ਗੁਰਬਖ਼ਸ਼ ਸਿੰਘ ਸਪੁੱਤਰ ਸ. ਕ੍ਰਿਪਾ ਸਿੰਘ ਦੀ ਪੀੜ੍ਹੀ ਵਿੱਚੋਂ ਹੈ।

ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਨੇ ਸਾਨੂੰ ਬਹੁਤ ਬਰੀਕ ਜਾਣਕਾਰੀ ਦਿੱਤੀ। ਗੁਰਦੁਆਰਾ ਸਾਹਿਬ ਦੀ ਚਾਰਦੀਵਾਰੀ ਵਿੱਚ ਨਾਲ਼ ਹੀ ਦੀਵਾਨ ਹਾਲ ਨਵਾਂ ਬਣਾਇਆਂ ਗਿਆ ਹੈ। ਸੰਗਤ ਤੇ ਦੂਰ ਨੇੜੇ ਦੇ ਸ਼ਰਧਾਲੂਆਂ ਦੀਆਂ ਕਥਾ-ਕਹਾਣੀਆਂ ਵੀ ਸਾਨੂੰ ਸੁਣਾਈਆਂ। ਜਦੋਂ ਪੁਰਾਣਾ ਦੀਵਾਨ ਹਾਲ ਬਣ ਰਿਹਾ ਸੀ ਤਾਂ ਕੁੱਝ ਦਿੱਕਤਾਂ ਆਈਆਂ। ਬਜਰੀ ਨਾ ਮੰਗਵਾਈ ਜਾ ਸਕੀ। ਜ਼ਿੰਮੇਵਾਰ ਸੇਵਾਦਾਰ ਸ. ਮੇਵਾ ਸਿੰਘ ਪ੍ਰੇਸ਼ਾਨੀ ਵਿੱਚ ਬਾਹਰ ਸੜਕ ‘ਤੇ ਘੁੰਮ ਰਿਹਾ ਸੀ ਤਾਂ ਬਜਰੀ ਦਾ ਭਰਿਆ ਇੱਕ ਟਰੱਕ ਉੱਥੇ ਰੁਕਿਆ ਤੇ ਗੁਰਦੁਆਰਾ ਬਾਬੇ ਸ਼ਹੀਦ ਜੰਡੀਸਰ ਬਾਰੇ ਪੁੱਛਿਆ। ਦੱਸਣ ‘ਤੇ ਟਰੱਕ ਡਰਾਈਵਰ ਨੇ ਕਿਹਾ ਕਿ ਇਹ ਬਜਰੀ, ਮਾਲਕ ਨੇ ਇਸ ਸਥਾਨ ਦੀ ਸੇਵਾ ਲਈ ਭੇਜੀ ਹੈ। ਭੇਜਣ ਵਾਲ਼ਾ ਵਿਅਕਤੀ ਨਾਲ਼ ਦੇ ਪਿੰਡ ਰਸੂਲਪੁਰ ਦਾ ਸੀ ਜੋ ਲੁਧਿਆਣੇ ਰਹਿੰਦਾ ਸੀ। ਇਹ ਸੇਵਕਾਂ ਦੀ ਸ਼ਰਧਾ ਤੇ ਅਕੀਦੇ ਦਾ ਸਬੂਤ ਹੈ।

ਕਮੇਟੀ ਵਾਲਿਆਂ ਸਾਨੂੰ ਨਾਲ਼ ਲੱਗਦਾ ਉਹ ਛੱਪੜ ਵੀ ਦਿਖਾਇਆ ਜੋ ਗੁਰਦੁਆਰਾ ਸਾਹਿਬ ਦੀ ਚਾਰਦੀਵਾਰੀ ਨਾਲ਼ ਲੱਗਦਾ ਸੀ ਉਹ ਪਿੱਪਲ-ਬਰੋਟਾ ਵੀ ਦਿਖਾਇਆ ਜਿੱਥੇ ਨਗਰ ਨਿਵਾਸੀਆਂ ਫਿਰ ਸਮਾਧ ਬਣਾ ਦਿੱਤੀ ਸੀ ਪਰ ਆਤਮਾਂ ਦੀ ਆਵਾਜ਼ ਸੁਣ ਕੇ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨੀਂ ਲੱਗ ਗਏ। ਉਹ ਸਮਾਧ ਵੀ ਅਣਪਛਾਤੇ ਵਿਅਕਤੀਆਂ ਨੇ ਢਾਹ ਦਿੱਤੀ ਸੀ। ਇਸ ਸਮੇਂ ਛੱਪੜ ਵਿੱਚ ਗੰਦਾ ਪਾਣੀ ਹੈ ਜੋ ਪਿੰਡ ਵਿੱਚ ਬਣੀਆਂ ‘ਨਵੀਆਂ ਕਲੋਨੀਆਂ’ ਵਿੱਚੋਂ ਆਉਂਦਾ ਹੈ। ਸਰਹਿੰਦੀ ਇੱਟਾਂ ਦੀਆਂ ਪੌੜੀਆਂ ਬਿਲਕੁਲ ਕਿਸੇ ਤਲਾਅ ਦੀਆਂ ਪੌੜੀਆਂ ਵਰਗੀਆਂ ਹਨ। ਭਾਈ ਵੀਰ ਸਿੰਘ ਬੱਲ ਦੇ ਹਵਾਲੇ ਅਨੁਸਾਰ 1704 ਅਤੇ ਉਸ ਦੇ ਨੇੜੇ-ਤੇੜੇ ਦੇ ਸਮੇਂ ਇਹ ਜ਼ਰੂਰ ਤਲਾਅ ਦੇ ਰੂਪ ਵਿੱਚ ਹੋਵੇਗਾ। ਪਿੰਡ ਵਾਸੀਆਂ ਦੇ ਮਨਾਂ ਵਿੱਚ ਇਸ ਛੱਪੜ ਰੂਪੀ ਤਲਾਅ ਵਾਰੇ ਬਹੁਤ ਸ਼ਰਧਾ ਹੈ ਜੋ ਇਤਿਹਾਸ ਦੀ ਜਾਣਕਾਰੀ ਰੱਖਦੇ ਹਨ । ਉਹ ਚਾਹੁੰਦੇ ਹਨ ਇਸ ਵਿੱਚ ਪੈਂਦਾ ਗੰਦਾ ਪਾਣੀ ਰੋਕਿਆ ਜਾਵੇ ਉਸ ਦਾ ਨਿਕਾਸ ਹੋਰ ਪਾਸੇ ਕੀਤਾ ਜਾਵੇ ਤੇ ਇੱਥੇ ਮੁੜ ਸੁੰਦਰ ਤਲਾਅ ਬਣਾਇਆ ਜਾਵੇ।

ਇਸ ਅਸਥਾਨ ਦੀ ਮਹੱਤਤਾ ਨੂੰ ਸਮਝਦਿਆਂ ਕਾਈਨੌਰ ਵਾਸੀਆਂ ਵੱਲੋਂ ਸੰਨ 2004 ਤੋਂ 8 ਪੋਹ ਨੂੰ ਸ੍ਰੀ ਅਖੰਡਪਾਠ ਸਾਹਿਬ ਦੇ ਭੋਗ ਪਾਏ ਜਾਂਦੇ ਸਨ ਪਰ ਵਿਚਾਰ ਵਟਾਂਦਰਾ ਕਰਦਿਆਂ ਇਹ ਭੋਗ ਹੁਣ ਕੁਝ ਸਾਲਾਂ ਤੋਂ 9 ਪੋਹ ਨੂੰ ਪਾਏ ਜਾਂਦੇ ਹਨ ਕਿਉਂਕਿ ਮਾਤਾ ਗੁਜਰੀ ਜੀ ਛੋਟੇ ਸਾਹਿਬਜ਼ਾਦਿਆਂ ਸਮੇਤ 8 ਪੋਹ ਰਾਤ ਨੂੰ ਇੱਥੇ ਪੁੱਜੇ ਸਨ। ਹਰ ਸਾਲ 9 ਪੋਹ ਨੂੰ ਇੱਥੇ ਸੰਗਤ ਦਾ ਭਾਰੀ ਇਕੱਠ ਹੁੰਦਾ ਹੈ। ਧਾਰਮਿਕ ਦੀਵਾਨ ਸਜਦੇ ਹਨ ਅਤੇ ਸ਼ਹੀਦਾਂ ਨੂੰ ਅਕੀਦਤ ਭੇਟ ਕੀਤੀ ਜਾਂਦੀ ਹੈ। ਇਸ ਯਾਦਗਾਰੀ ਸਥਾਨ ਵਿੱਚ ਗੁਰੂ ਦਾ ਲੰਗਰ ਅਤੁੱਟ ਵਰਤਦਾ ਰਹਿੰਦਾ ਹੈ ਤੇ ਦੂਰੋਂ-ਨੇੜਿਓਂ ਸ਼ਰਧਾਲੂ ਵੀ ਪੁੱਜਦੇ ਰਹਿੰਦੇ ਹਨ। ਭਾਵੇਂ ਇਸ ਸਥਾਨ ਦੀ ਮਹਿਮਾ ਅਜੇ ਬਹੁਤੀ ਉੱਭਰ ਕੇ ਸਾਹਮਣੇ ਨਹੀਂ ਆਈ ਪਰ ਜਿਸ ਨੂੰ ਕਿਤੋਂ ਪਤਾ ਚਲਦਾ ਹੈ ਉਹ ਉੱਥੇ ਨਤਮਸਤਕ ਹੋਣ ਲਈ ਜ਼ਰੂਰ ਪੁੱਜਦਾ ਹੈ। ਮੌਜੂਦਾ ਸਮੇਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗਿਆਰਾਂ ਮੈਂਬਰ ਹਨ ਜਿਨ੍ਹਾ ਵਿੱਚ ਕੈਪਟਨ ਲਛਮਣ ਸਿੰਘ ਪ੍ਰਧਾਨ, ਸ. ਮੇਵਾ ਸਿੰਘ ਮੀਤ ਪ੍ਰਧਾਨ, ਸ. ਭੁਪਿੰਦਰ ਸਿੰਘ ਜਨਰਲ ਸਕੱਤਰ, ਸ. ਸੁਰਜੀਤ ਸਿੰਘ ਖ਼ਜਾਨਚੀ ਵੱਜੋਂ ਸੇਵਾ ਨਿਭਾ ਰਹੇ ਹਨ ਅਤੇ ਗ੍ਰੰਥੀ ਸਿੰਘ ਭਾਈ ਸਵਰਨ ਸਿੰਘ ਅਤੇ ਇਹਨਾਂ ਤੋਂ ਇਲਾਵਾ ਭਾਈ ਨਾਇਬ ਸਿੰਘ ਤੇ ਸੂਬੇਦਾਰ ਸਵਰਨ ਸਿੰਘ, ਸ. ਅਵਤਾਰ ਸਿੰਘ ਧੁੰਮੀ, ਸ. ਅਵਤਾਰ ਸਿੰਘ ਮਾਨ, ਸ. ਦੀਦਾਰ ਸਿੰਘ, ਸ. ਮਲਕੀਤ ਸਿੰਘ ਬਾਠ ਤੇ ਸ. ਸਵਰਨ ਸਿੰਘ ਕਾਕੜ ਸਹਾਇਕ ਮੈਂਬਰ ਹਨ। ਪੂਰੀ ਕਮੇਟੀ ਆਪਸੀ ਤਾਲਮੇਲ ਤੇ ਪ੍ਰੇਮ ਭਰੀ ਸ਼ਰਧਾ ਨਾਲ਼ ਇਸ ਪੂਜਣਯੋਗ ਸਥਾਨ ‘ਤੇ ਸਿਦਕ ਦਿਲੀ ਨਾਲ ਸੇਵਾ ਨਿਭਾ ਰਹੀ ਹੈ। ਸਾਰੀ ਕਮੇਟੀ ਇਸ ਗੱਲ ਦਾ ਬਹੁਤ ਦੁੱਖ ਮਹਿਸੂਸ ਕਰਦੀ ਹੈ ਕਿ ‘ ਸਫ਼ਰ-ਏ-ਸ਼ਹਾਦਤ ‘ ਨਗਰ ਕੀਰਤਨ ਜੋ ਸੰਨ 1914 ਤੋਂ ਸ਼ੁਰੂ ਹੋਇਆ ਛੰਨ ਕੁੰਮਾ ਮਾਸ਼ਕੀ ਤੋਂ 7 ਪੋਹ ਨੂੰ ਚਲ ਕੇ 8 ਪੋਹ ਨੂੰ ਸਹੇੜੀ ਪੁੱਜਦਾ ਹੈ ਜਦਕਿ 8 ਪੋਹ ਦੀ ਰਾਤ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦੇ ਇਸ ਪਿੰਡ ਕਾਈਨੌਰ ਰੁਕੇ ਸਨ ਇਸ ਮਹਾਨ ਸਥਾਨ ‘ਤੇ ਨਹੀਂ ਰੁਕਦਾ ਜੋ ਮਾਤਾ ਜੀ ਤੇ ਛੋਟੇ ਸਾਹਿਬਜ਼ਾਦਿਆਂ ਦੇ ਸ਼ਹਾਦਤ ਦੇ ਸਫ਼ਰ ਦਾ ਦੂਜਾ ਪਾਵਨ ਪੜਾਅ ਹੈ। ਜ਼ਿਕਰਯੋਗ ਹੈ ਇਸ ਸਥਾਨ ਨੂੰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਵੱਲੋਂ ਵੀ ਪ੍ਰਵਾਨਤ ਕੀਤਾ ਜਾ ਚੁੱਕਾ ਹੈ।

ਇਸ ਗੁਰਦੁਆਰਾ ਸਾਹਿਬ ਉੱਤੇ ਝੂਲਦਾ ਨਿਸ਼ਾਨ ਸਾਹਿਬ ਮਹਾਨ ਸ਼ਹੀਦਾਂ ਬਾਬਾ ਜੋਰਾਵਰ ਸਿੰਘ, ਬਾਬਾ ਫਤਹਿ ਸਿੰਘ ਜੀ ਤੇ ਮਾਤਾ ਗੁਜਰੀ ਜੀ ਦੀ ਯਾਦ ਨੂੰ ਅਮਰ ਕਰ ਰਿਹਾ ਹੈ ਜੋ ਜ਼ਾਲਮ ਹਕੂਮਤ ਦੇ ਦਿੱਤੇ ਦੁੱਖਾਂ-ਕਸ਼ਟਾਂ ਦੇ ਤੂਫ਼ਾਨ ਵਿੱਚ ਸੱਚ ਦੇ ਮਾਰਗ ‘ਤੇ ਤੁਰ ਕੇ ਸ਼ਹਾਦਤ ਦੇ ਗਏ। ਸਿਜਦਾ ਕਰਦੀ ਹਾਂ ਇਹਨਾਂ ਸਤਰਾਂ ਨਾਲ਼-

ਸ਼ਹੀਦਾਂ ਜਾਨ ਦੇ ਦਿੱਤੀ ਕਿ ਰੰਗਾਂ ਵਿੱਚ ਵਸੇ ਦੁਨੀਆਂ,
ਉਨ੍ਹਾਂ ਦੇ ਖ਼ੂਨ ਦੀ ਗਰਮੀ ਜ਼ੰਜੀਰਾਂ ਢਾਲ਼ ਦੇਂਦੀ ਹੈ।
ਸਿਰਾਂ ਦੀ ਕਲਮ ਲੈ ਕੇ ਉਹ ਇਤਿਹਾਸ ਲਿਖਦੇ ਨੇ,
ਉਹਨਾਂ ਦੀ ਚਰਬੀ ਤੂਫ਼ਾਨਾਂ ਵਿੱਚ ਦੀਵੇ ਬਾਲ਼ ਦੇਂਦੀ ਹੈ।

Share this Article
Leave a comment