PM Security Breach :ਭਾਜਪਾ ਨੇ ਇਹ ਡਰਾਮਾ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਰਚਿਆ : ਸਿੱਧੂ

TeamGlobalPunjab
3 Min Read

ਚੰਡੀਗੜ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਵਿੱਚ ਲਾਹਪਰਵਾਹੀ ਮਾਮਲੇ ‘ਚ ਕਾਂਗਰਸ ਦੇ ਪੰਜਾਬ ਪ੍ਰਦੇਸ਼ ਪ੍ਰਧਾਨ ਨਵਜੋਤ ਸਿੰਘ ਸਿੱਧੂ  ਨੇ ਚੰਡੀਗੜ੍ਹ ‘ਚ ਪ੍ਰੈੱਸ ਕਾਨਫ਼ਰੰਸ ਕੀਤੀ।ਸਿੱਧੂ ਨੇ ਕਿਹਾ ਕਿ ਇਸ ਮਾਮਲੇ ਨੂੰ ਬੜੀ ਚਲਾਕੀ ਨਾਲ ਡਾਇਵਰਟ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੀ ਸੁਰੱਖਿਆ ਸਿਰਫ਼ ਪੰਜਾਬ ਪੁਲਿਸ ਤਕ ਸੀਮਤ ਹੈ, ਕੀ ਇਸ ਵਿਚ ਰਾਅ, ਆਈ.ਬੀ ਦੀ ਕੋਈ ਭੂਮਿਕਾ ਨਹੀਂ ਹੈ। ਸਿੱਧੂ ਨੇ ਕਿਹਾ ਕਿ ਜਦੋਂ ਇਹ ਪਲਾਨ ਹੀ ਨਹੀਂ ਸੀ ਕਿ ਪੀਐੱਮ ਸੜਕ ਮਾਰਗ ਰਾਹੀਂ ਜਾਣਗੇ ਤਾਂ ਇਹ ਪਲਾਨ ਕਦੋਂ ਤੇ ਕਿਵੇਂ ਬਦਲਿਆ।

ਸਿੱਧੂ ਨੇ ਕਿਹਾ ਕਿ ਭਾਜਪਾ ਇਹ ਡਰਾਮਾ ਯੂਪੀ ਅਤੇ ਹੋਰਨਾਂ ਸੂਬਿਆਂ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਰਚ ਰਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਕਿਸਾਨ ਦਿੱਲੀ ਦੀਆਂ ਸਰਹੱਦਾਂ ’ਤੇ ਬੈਠੇ ਸਨ ਤਾਂ ਭਾਜਪਾ ਨੇ ਉਨ੍ਹਾਂ ਦੀ ਸੁਰੱਖਿਆ ਵੱਲ ਕੋਈ ਧਿਆਨ ਨਹੀਂ ਦਿੱਤਾ ਤੇ ਖੇਤੀ ਕਾਨੂੰਨਾਂ ਖ਼ਿਲਾਫ਼ ਅੰਦੋਲਨ ਵਿੱਚ 700 ਕਿਸਾਨ ਸ਼ਹੀਦ ਹੋ ਗਏ ਸਨ। ਸਿੱਧੂ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਮੌਕੇ ਭਾਜਪਾ ਨੇ ਮੋਦੀ ਦੀ ਸੁਰੱਖਿਆ ਦਾ ਮੁੱਦਾ ਇਸ ਲਈ ਉਠਾਇਆ ਹੈ ਤਾਂ ਕਿ ਪੰਜਾਬ ਦੇ ਵੋਟਰਾਂ ਨਾਲ ਜੁੜੇ ਮੁੱਦਿਆਂ ਤੋਂ ਧਿਆਨ ਭਟਕਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਭਾਜਪਾ ਦੀ ਇਸ ਸਿਆਸੀ ਚਾਲ ਨੂੰ ਸਮਝਦੇ ਹਨ।

ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਜੀ ਤੁਸੀਂ ਸਿਰਫ਼ ਭਾਰਤੀ ਜਨਤਾ ਪਾਰਟੀ ਦੇ ਹੀ ਨਹੀਂ ਹੋ। ਤੁਸੀਂ ਸਭ ਦੇ ਪ੍ਰਧਾਨ ਮੰਤਰੀ ਹੋ। ਦੇਸ਼ ਦਾ ਹਰ ਬੱਚਾ ਤੁਹਾਡੀ ਜ਼ਿੰਦਗੀ ਦੀ ਕੀਮਤ ਜਾਣਦਾ ਹੈ। ਤੁਸੀਂ ਇਹ ਕਹਿ ਕੇ ਇਸ ਸੂਬੇ ਦੀ ਪੰਜਾਬੀਅਤ ਦਾ ਅਪਮਾਨ ਕਰ ਰਹੇ ਹੋ ਕਿ ਤੁਹਾਡੀ ਜਾਨ ਨੂੰ ਇੱਥੇ ਖਤਰਾ ਹੈ।

ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ‘ਚ ਭਾਜਪਾ ਦਾ ਕੋਈ ਲੋਕ ਆਧਾਰ ਨਹੀਂ ਹੈ। ਉਹ ਸਿਰਫ਼ ਪੰਜਾਬ ਨੂੰ ਬਦਨਾਮ ਕਰਨਾ ਚਾਹੁੰਦੇ ਹਨ। ਭਾਜਪਾ ਜਿੱਥੇ ਵੀ ਅਜਿਹਾ ਮਜ਼ਾਕ ਰਚਦੀ ਹੈ, ਉੱਥੇ ਮੁੱਦੇ ਪੱਛੜ ਜਾਂਦੇ ਹਨ। ਪੰਜਾਬ ਵਿੱਚ ਪਿਛਲੇ ਦੋ ਦਿਨਾਂ ਤੋਂ ਇਹੀ ਕੁਝ ਹੋ ਰਿਹਾ ਹੈ। ਕੀ ਕੋਈ ਬੇਰੁਜ਼ਗਾਰੀ ਦੀ, ਆਉਣ ਵਾਲੀ ਪੀੜ੍ਹੀ ਦੇ ਭਵਿੱਖ ਦੀ ਗੱਲ ਕਰ ਰਿਹਾ ਹੈ। ਸਿੱਧੂ ਨੇ ਕਿਹਾ ਕਿ ਭਾਜਪਾ ਨੇ ਕੁਝ ਅਜਿਹੇ ਤੋਤੇ ਰੱਖੇ ਹੋਏ ਹਨ ਜੋ ਉਸੇ ਦੀ ਭਾਸ਼ਾ ਬੋਲਦੇ ਰਹਿੰਦੇ ਹਨ। ਇਨ੍ਹਾਂ ਵਿੱਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਸ਼ਾਮਲ ਹਨ। ਭਾਜਪਾ ਦੀ ਫਿਰੋਜ਼ਪੁਰ ਰੈਲੀ ‘ਚ 70 ਹਜ਼ਾਰ ਕੁਰਸੀਆਂ ਲਾਈਆਂ ਗਈਆਂ ਸਨ ਪਰ ਪੰਡਾਲ ਖਾਲੀ ਸੀ, ਇਸ ਲਈ ਸੁਰੱਖਿਆ ਦਾ ਬਹਾਨਾ ਲਾਇਆ ਜਾ ਰਿਹਾ ਹੈ।

- Advertisement -

Share this Article
Leave a comment