ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਮੰਗਲਵਾਰ ਸ਼ਾਮ 4 ਵਜੇ ਦੇਸ਼ ਵਾਸੀਆਂ ਨੂੰ ਸੰਬੋਧਨ ਕਰਨਗੇ। ਪੀਐੱਮਓ ਨੇ ਟਵੀਟ ਰਾਹੀਂ ਇਸ ਦੀ ਜਾਣਕਾਰੀ ਦਿੱਤੀ ਹੈ। ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਹੁਣ ਤੱਕ ਪੀਐੱਮ ਮੋਦੀ ਦੇਸ਼ ਨੂੰ 13ਵੀ ਵਾਰ ਸੰਬੋਧਨ ਕਰਨਗੇ। ਸੋਮਵਾਰ ਰਾਤ ਚੀਨੀ ਮੋਬਾਈਲ ਐਪਸ ‘ਤੇ ਬੈਨ ਲਗਾਉਣ ਦੇ ਫੈਸਲੇ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕਿ ਇਸ ਸੰਬੋਧਨ ‘ਚ ਪੀਐੱਮ ਮੋਦੀ ਚੀਨ ਨੂੰ ਲੈ ਕੇ ਵੱਡਾ ਐਲਾਨ ਕਰ ਸਕਦੇ ਹਨ। ਉੱਥੇ ਹੀ ਪੀਐੱਮ ਮੋਦੀ ਅਣਲੌਕ-2 ਦੇ ਦਿਸ਼ਾ ਨਿਰਦੇਸ਼ ਨੂੰ ਲੈ ਕੇ ਵੀ ਲੋਕਾਂ ਨੂੰ ਅਪੀਲ ਕਰ ਸਕਦੇ ਹਨ।
Prime Minister @narendramodi will address the nation at 4 PM tomorrow.
— PMO India (@PMOIndia) June 29, 2020
ਭਾਰਤ-ਚੀਨ ਤਣਾਅ ਦੇ ਚੱਲਦੇ ਭਾਰਤ ਸਰਕਾਰ ਨੇ ਬੀਤੇ ਦਿਨ ਇੱਕ ਅਹਿਮ ਕਦਮ ਚੁੱਕਦੇ ਹੋਏ ਚੀਨ ਦੀਆਂ 59 ਮੋਬਾਈਲ ਐਪਸ ਉੱਤੇ ਬੈਨ ਲਗਾ ਦਿੱਤਾ ਹੈ। ਭਾਰਤ ਸਰਕਾਰ ਦੇ ਇਲੈਕਟ੍ਰੋਨਿਕਸ ਤੇ ਆਈ ਟੀ ਮੰਤਰਾਲੇ ਵੱਲੋਂ ਜਾਰੀ ਬਿਆਨ ‘ਚ ਇਸ ਫ਼ੈਸਲੇ ਬਾਰੇ ਜਾਣਕਾਰੀ ਦਿੱਤੀ ਗਈ। ਬਿਆਨ ‘ਚ ਕਿਹਾ ਗਿਆ ਹੈ ਕਿ ਇਨ੍ਹਾਂ ਐਪਸ ਦਾ ਮੋਬਾਈਲ ਅਤੇ ਬਗੈਰ ਮੋਬਾਈਲ ‘ਤੇ ਅਧਾਰਿਤ ਇੰਟਰਨੈੱਟ ਡਿਵਾਈਸਿਸ ‘ਚ ਇਸਤੇਮਾਲ ਨਹੀਂ ਕੀਤਾ ਜਾ ਸਕੇਗਾ। ਇਹ ਐਪਸ ਦੇਸ਼ ਦੀ ਸੁਰੱਖਿਆ ਲਈ ਨੁਕਸਾਨਦੇਹ ਹਨ।
ਦਸ ਦਈਏ ਕਿ ਪੂਰਬੀ ਲੱਦਾਖ ‘ਚ ਭਾਰਤ ਅਤੇ ਚੀਨ ਦਰਮਿਆਨ ਚੱਲ ਰਹੇ ਸਰਹੱਦੀ ਵਿਵਾਦ ਨੂੰ ਘਟਾਉਣ ਲਈ ਦੋਵਾਂ ਦੇਸ਼ਾਂ ਦੀਆਂ ਫੌਜਾਂ ਵਿਚਕਾਰ ਅੱਜ ਤੀਜੀ ਗੱਲਬਾਤ ਹੋਵੇਗੀ। ਦਸਿਆ ਜਾ ਰਿਹਾ ਹੈ ਕਿ ਇਹ ਗੱਲਬਾਤ ਸਵੇਰੇ ਹੀ 10 :30 ਵਜੇ ਹੋਵੇਗੀ। ਜਿਸ ‘ਚ ਭਾਰਤ ਤੋਂ ਲੈਫਟੀਨੈਂਟ ਜਨਰਲ ਹਰਿੰਦਰ ਸਿੰਘ ਅਤੇ ਚੀਨ ਤੋਂ ਮੇਜਰ ਜਨਰਲ ਲਿਨ ਲਿਉ ਮੀਟਿੰਗ ਵਿੱਚ ਸ਼ਾਮਲ ਹੋਣਗੇ।