ਨਵੀ ਦਿੱਲੀ : ਦਿੱਲੀ ‘ਚ ਅੱਜ ਐੱਨਡੀਏ ਸੰਸਦੀ ਦਲ ਦੀ ਬੈਠਕ ਹੋਈ। ਇਸ ਨੂੰ ‘ਮੰਗਲ ਮਿਲਨ’ ਦਾ ਨਾਂ ਦਿੱਤਾ ਗਿਆ। ਪੀਐੱਮ ਮੋਦੀ ਵੀ ਇਸ ਬੈਠਕ ਵਿੱਚ ਸ਼ਾਮਲ ਹੋਏ। ਇਸ ਦੌਰਾਨ ਪੀਐੱਮ ਮੋਦੀ ਨੇ NEET ਪ੍ਰੀਖਿਆ ਨੂੰ ਲੈ ਕੇ ਵੱਡਾ ਬਿਆਨ ਦਿੱਤਾ। ਬੈਠਕ ਬਾਰੇ ਜਾਣਕਾਰੀ ਦਿੰਦਿਆਂ ਕੇਂਦਰੀ ਸੰਸਦੀ ਮਾਮਲਿਆਂ ਦੇ ਮੰਤਰੀ ਕਿਰਨ ਰਿਜੀਜੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੈਠਕ ਵਿੱਚ ਕਿਹਾ ਹੈ ਕਿ ਸਰਕਾਰ NEET ਪ੍ਰੀਖਿਆ ਪੇਪਰ ਲੀਕ ਨੂੰ ਲੈ ਕੇ ਚਿੰਤਾਵਾਂ ਦੇ ਵਿਚਕਾਰ “ਵਿਦਿਆਰਥੀਆਂ ਦੇ ਨਾਲ ਖੜ੍ਹੀ ਹੈ” ਅਤੇ ਪੇਪਰ ਲੀਕ ਮਾਮਲੇ ਵਿੱਚ ਰਾਜਨੀਤੀ ਨਹੀਂ ਹੋਣੀ ਚਾਹੀਦੀ, ਦੋਸ਼ੀਆਂ ਨੂੰ ਸਖ਼ਤ ਸਜ਼ਾ ਮਿਲੇਗੀ।
ਪੀਐੱਮ ਨੇ NDA ਮੰਗਲ ਮਿਲਨ ਬੈਠਕ ਵਿੱਚ ਕਿਹਾ, “ਭਾਰਤ ਦੀ ਨੌਜਵਾਨ ਸ਼ਕਤੀ, ਦੇਸ਼ ਦੀ ਤਾਕਤ ਹੈ। ਸਾਡੇ ਨੌਜਵਾਨਾਂ ਨੇ ਸਪੇਸ (ਪੁਲਾੜ) ਨੂੰ ਖੋਲ੍ਹ ਦਿੱਤਾ ਹੈ। ਸਪੇਸ ਦੇ ਕਚਰੇ ਨੂੰ ਵੀ ਨੌਜਵਾਨ ਕੰਟਰੋਲ ਕਰ ਰਹੇ ਹਨ। ਨੌਜਵਾਨ ਕਿੰਨਾ ਕੁਝ ਕਰ ਰਹੇ ਹਨ ਅਤੇ ਜਦੋਂ ਤੱਕ ਉਹ 56 ਸਾਲ ਦੇ ਹੋਣਗੇ, ਉਹ ਕਿੰਨੇ ਵੱਡੇ ਕੰਮ ਕਰਨਗੇ। ਦੇਸ਼ ਦੇ ਨੌਜਵਾਨਾਂ ਦੀ ਸਮਰੱਥਾ ਬਹੁਤ ਵੱਡੀ ਹੈ। ਸਾਲ 2047 ਤੱਕ ਦੇਸ਼ ਦੇ ਨੌਜਵਾਨ ਭਾਰਤ ਨੂੰ ਵਿਕਸਿਤ ਕਰ ਦੇਣਗੇ, ਇਹ ਭਰੋਸਾ ਹੈ। 2014 ਵਿੱਚ ਮੈਂ ਕਿਹਾ ਸੀ ਕਿ ਭਾਜਪਾ ਦੀ ਜਿੱਤ ਨੂੰ ਵਿਰੋਧੀ ਹਜ਼ਮ ਨਹੀਂ ਕਰ ਸਕਣਗੇ। ਝੂਠੇ ਨੈਰੇਟਿਵ ਫੈਲਾਏ ਗਏ, ਪਰ ਤਾਂ ਵੀ ਸਾਡਾ ਵਿਕਾਸ ਹੋਇਆ। ਕਿਸਾਨਾਂ ਦੇ ਭਲੇ ਲਈ ਕਿੰਨਾ ਕੁਝ ਕੀਤਾ ਗਿਆ।”
ਪੀਐੱਮ ਮੋਦੀ ਨੇ ਕਿਹਾ, “ਦੇਸ਼ ਦੇ ਬੱਚਿਆਂ ਦੇ ਭਵਿੱਖ ਨਾਲ ਬੁਰਾ ਨਹੀਂ ਹੋਣ ਦਿਆਂਗੇ। ਨੀਟ ਪੇਪਰ ਲੀਕ ਮਾਮਲੇ ਵਿੱਚ 13 ਲੋਕ ਜੇਲ੍ਹ ਵਿੱਚ ਹਨ। ਵਿਭਾਗ ਕਾਰਵਾਈ ਕਰ ਰਿਹਾ ਹੈ। ਨਤੀਜਾ ਵੀ ਆ ਚੁੱਕਾ ਹੈ, ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨਾਲ ਵੀ ਚਰਚਾ ਕੀਤੀ ਗਈ ਹੈ। ਬਾਲ ਮਨ ਨੂੰ ਗੁੰਮਰਾਹ ਕਰਨਾ ਆਸਾਨ ਅਤੇ ਰਾਹ ਦਿਖਾਉਣਾ ਔਖਾ ਹੁੰਦਾ ਹੈ। ਗੁੰਮਰਾਹ ਕਰਨ ਵਾਲੇ ਗੁੰਮਰਾਹ ਕਰਦੇ ਰਹਿਣਗੇ, ਪਰ ਅਸੀਂ ਬੱਚਿਆਂ ਦੇ ਚੰਗੇ ਭਵਿੱਖ ਲਈ ਕੋਈ ਕਸਰ ਨਹੀਂ ਛੱਡਾਂਗੇ।”

