ਚੰਡੀਗੜ੍ਹ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਹਰਿਆਣਾ, ਚੰਡੀਗੜ੍ਹ ਅਤੇ ਪੰਜਾਬ ਦੇ ਇੱਕ ਰੋਜ਼ਾ ਅਹਿਮ ਦੌਰੇ ‘ਤੇ ਰਹਿਣਗੇ। ਇਸ ਯਾਤਰਾ ਦੌਰਾਨ ਪ੍ਰਧਾਨ ਮੰਤਰੀ ਕਰੋੜਾਂ ਦੇ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ, ਉਦਘਾਟਨ ਅਤੇ ਨੀਂਹ ਪੱਥਰ ਰੱਖਣਗੇ। ਸਾਹਮਣੇ ਆਈ ਜਾਣਕਾਰੀ ਅਨੁਸਾਰ ਪ੍ਰਧਾਨ ਮੰਤਰੀ ਆਪਣੇ ਦੌਰੇ ਦੀ ਸ਼ੁਰੂਆਤ ਸਵੇਰੇ ਲਗਭਗ 11 ਵਜੇ ਹਰਿਆਣਾ ਦੇ ਜੀਂਦ ਰੇਲਵੇ ਸਟੇਸ਼ਨ ਤੋਂ ਕਰਨਗੇ। ਇੱਥੇ ਉਹ ਜੀਂਦ ਅਤੇ ਸੋਨੀਪਤ ਵਿਚਕਾਰ ਚੱਲਣ ਵਾਲੀ ਦੇਸ਼ ਦੀ ਪਹਿਲੀ ਹਾਈਡ੍ਰੋਜਨ-ਚਾਲਿਤ ਟ੍ਰੇਨ ਨੂੰ ਝੰਡੀ ਦਿਖਾ ਕੇ ਰਵਾਨਾ ਕਰਨਗੇ।

ਚੰਡੀਗੜ੍ਹ ਵਿੱਚ ਪੀਐੱਮ ਮੋਦੀ ਦੁਪਹਿਰ ਕਰੀਬ ਸਵਾ 1 ਵਜੇ ਆਉਣਗੇ। ਫਿਰ ਇੱਥੇ ਇਕ ਰੈਲੀ ਕਰਨਗੇ। ਉਹ ਇੱਥੇ 45 ਮਿੰਟ ਰੁਕਣਗੇ। ਇਸ ਤੋਂ ਬਾਅਦ ਜਲੰਧਰ ਵਿੱਚ ਉਹਨਾਂ ਦੇ 4 ਪ੍ਰੋਗਰਾਮ ਹਨ। ਪੀਐੱਮ ਦੇ ਦੌਰੇ ਦੇ ਮੱਦੇਨਜ਼ਰ ਸੁਰੱਖਿਆ ਦੇ ਸਖ਼ਤ ਪ੍ਰਬੰਧ ਹਨ। ਦੋਵਾਂ ਥਾਵਾਂ ‘ਤੇ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਦੇ ਦਸ ਹਜ਼ਾਰ ਤੋਂ ਵੱਧ ਮੁਲਾਜ਼ਮ ਤਾਇਨਾਤ ਹਨ। ਦੋਵਾਂ ਥਾਵਾਂ ਨੂੰ ‘ਨੋ ਫਲਾਇੰਗ ਜ਼ੋਨ’ ਐਲਾਨ ਦਿੱਤਾ ਗਿਆ ਹੈ।

ਇਸ ਦੌਰੇ ਤੋਂ ਪਹਿਲਾ ਪੀਐੱਮ ਨੇ ਟਵੀਟ ਕੀਤਾ ਕਿ “ਮੈਂ ਰੇਲਵੇ, ਸਿਹਤ ਸੇਵਾਵਾਂ, ਸੱਭਿਆਚਾਰ, ਕਨੈਕਟੀਵਿਟੀ, ਸਿੱਖਿਆ ਅਤੇ ਹੋਰ ਕਈ ਖੇਤਰਾਂ ਨਾਲ ਸਬੰਧਤ ਵੱਖ-ਵੱਖ ਪ੍ਰੋਗਰਾਮਾਂ ਵਿੱਚ ਹਿੱਸਾ ਲੈਣ ਲਈ ਹਰਿਆਣਾ, ਚੰਡੀਗੜ੍ਹ ਅਤੇ ਪੰਜਾਬ ਦੇ ਲੋਕਾਂ ਵਿਚਾਲੇ ਜਾਣ ਦੀ ਬੇਸਬਰੀ ਨਾਲ ਉਡੀਕ ਕਰ ਰਿਹਾ ਹਾਂ। ਇਨ੍ਹਾਂ ਕੰਮਾਂ ਦਾ ਲੋਕਾਂ ਦੇ ਜੀਵਨ, ਖ਼ਾਸ ਕਰਕੇ ਸਾਡੀ ਯੁਵਾ ਸ਼ਕਤੀ ’ਤੇ ਬਹੁਤ ਸਕਾਰਾਤਮਕ ਅਸਰ ਹੋਵੇਗਾ।”
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਲੰਧਰ ਦੌਰੇ ਨੂੰ ਦੇਖਦਿਆਂ ਕਮਿਸ਼ਨਰੇਟ ਪੁਲਿਸ ਨੇ ਸੁਰੱਖਿਆ ਅਤੇ ਆਵਾਜਾਈ (ਟ੍ਰੈਫਿਕ) ਵਿਵਸਥਾ ਨੂੰ ਲੈ ਕੇ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਪੁਲਿਸ ਕਮਿਸ਼ਨਰ ਸਤਿੰਦਰ ਸਿੰਘ ਦੀ ਅਗਵਾਈ ਹੇਠ ਅਤੇ ਏਡੀਸੀਪੀ ਟ੍ਰੈਫਿਕ ਗੁਰਬਾਜ਼ ਸਿੰਘ ਤੇ ਏਸੀਪੀ ਟ੍ਰੈਫਿਕ ਅਜੇ ਸਿੰਘ ਦੀ ਨਿਗਰਾਨੀ ਵਿੱਚ ਸ਼ਹਿਰ ਦੇ ਦਾਖ਼ਲਾ, ਨਿਕਾਸ ਅਤੇ ਅੰਦਰੂਨੀ ਮਾਰਗਾਂ ‘ਤੇ ਵਿਸ਼ੇਸ਼ ਡਾਇਵਰਸ਼ਨ ਪਲਾਨ ਲਾਗੂ ਕੀਤਾ ਗਿਆ ਹੈ। ਪੁਲਿਸ ਦਾ ਉਦੇਸ਼ ਸੁਰੱਖਿਆ ਪ੍ਰਬੰਧਾਂ ਨੂੰ ਮਜ਼ਬੂਤ ਰੱਖਣ ਦੇ ਨਾਲ-ਨਾਲ ਆਮ ਲੋਕਾਂ ਨੂੰ ਘੱਟ ਤੋਂ ਘੱਟ ਪ੍ਰੇਸ਼ਾਨੀ ਪਹੁੰਚਾਉਣਾ ਹੈ। ਇਸ ਦੇ ਲਈ ਮੁੱਖ ਮਾਰਗਾਂ ‘ਤੇ ਵਾਧੂ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ ਅਤੇ ਟ੍ਰੈਫਿਕ ਨੂੰ ਸੁਚਾਰੂ ਰੱਖਣ ਦੇ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ। ਇਸ ਤੋਂ ਇਲਾਵਾ ਚੰਡੀਗੜ੍ਹ ਟਰੈਫਿਕ ਪੁਲਿਸ ਨੇ ਵੀ ਆਮ ਲੋਕਾਂ ਲਈ ਐਡਵਾਇਜ਼ਰੀ ਜਾਰੀ ਕੀਤੀ ਹੈ।

