ਆਬੂ ਧਾਬੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਸਵਾਮੀਨਾਰਾਇਣ ਸੰਪਰਦਾ ਦੇ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਮੰਤਰਾਂ ਦੇ ਜਾਪ ਦੇ ਵਿਚਕਾਰ ਆਬੂ ਧਾਬੀ ਦੇ ਪਹਿਲੇ ਹਿੰਦੂ ਮੰਦਿਰ ਦਾ ਉਦਘਾਟਨ ਕੀਤਾ। ਹਲਕੇ ਗੁਲਾਬੀ ਰੰਗ ਦਾ ਸਿਲਕ ਕੁੜਤਾ-ਪਜਾਮਾ, ਸਲੀਵਲੇਸ ਜੈਕੇਟ ਅਤੇ ਪਟਕਾ ਪਹਿਨੇ ਪ੍ਰਧਾਨ ਮੰਤਰੀ ਨੇ ਮੰਦਿਰ ਦੇ ਉਦਘਾਟਨ ਸਮਾਰੋਹ ਵਿੱਚ ਪੂਜਾ ਰਸਮਾਂ ਵਿੱਚ ਹਿੱਸਾ ਲਿਆ।
ਪ੍ਰਧਾਨ ਮੰਤਰੀ ਨੇ ‘ਗਲੋਬਲ ਆਰਤੀ’ ਵਿੱਚ ਵੀ ਹਿੱਸਾ ਲਿਆ ਜੋ ਬੋਚਾਸਨ ਸਥਿਤ ਸ਼੍ਰੀ ਅਕਸ਼ਰ ਪੁਰਸ਼ੋਤਮ ਸਵਾਮੀਨਾਰਾਇਣ ਸੰਸਥਾ (ਬੀਏਪੀਐਸ) ਦੁਆਰਾ ਵਿਸ਼ਵ ਭਰ ਵਿੱਚ ਸਵਾਮੀਨਾਰਾਇਣ ਸੰਪਰਦਾ ਦੇ 1200 ਤੋਂ ਵੱਧ ਮੰਦਿਰਾਂ ਵਿੱਚ ਇੱਕੋ ਸਮੇਂ ਆਯੋਜਿਤ ਕੀਤੀ ਗਈ ਸੀ। ਇਸ ਤੋਂ ਪਹਿਲਾਂ ਮੋਦੀ ਵੱਖ-ਵੱਖ ਭਾਈਚਾਰਿਆਂ ਦੇ ਲੋਕਾਂ ਨੂੰ ਮਿਲੇ ਜਿਨ੍ਹਾਂ ਨੇ ਇੱਥੇ ਪਹਿਲੇ ਹਿੰਦੂ ਮੰਦਿਰ ਦੇ ਨਿਰਮਾਣ ‘ਚ ਯੋਗਦਾਨ ਦਿੱਤਾ ਸੀ। ਦੁਬਈ-ਅਬੂ ਧਾਬੀ ਸ਼ੇਖ ਜ਼ਾਇਦ ਹਾਈਵੇਅ ‘ਤੇ ਅਲ ਰਹਿਬਾ ਨੇੜੇ 27 ਏਕੜ ਦੇ ਖੇਤਰ ‘ਚ ਕਰੀਬ 700 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਮੰਦਿਰ ਦੇ ਉਦਘਾਟਨ ਦੀ ਪ੍ਰਕਿਰਿਆ ਸ਼ੁਰੂ ਕਰਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਮੰਦਿਰ ‘ਚ ਨਕਲੀ ਤੌਰ ‘ਤੇ ਬਣਾਈਆਂ ਗੰਗਾ ਅਤੇ ਯਮੁਨਾ ਨਦੀਆਂ ਦਾ ਜਲ ਵੀ ਚੜ੍ਹਾਇਆ।
ਬੀਏਪੀਐਸ ਦੇ ਅੰਤਰਰਾਸ਼ਟਰੀ ਸਬੰਧਾਂ ਦੇ ਮੁਖੀ ਸਵਾਮੀ ਬ੍ਰਹਮਵਿਹਾਰੀਦਾਸ ਨੇ ਦੱਸਿਆ, “ਇੱਥੇ ਆਰਕੀਟੈਕਚਰਲ ਵਿਧੀਆਂ ਨੂੰ ਵਿਗਿਆਨਕ ਤਕਨੀਕਾਂ ਨਾਲ ਜੋੜਿਆ ਗਿਆ ਹੈ। ਤਾਪਮਾਨ, ਦਬਾਅ ਅਤੇ ਗਤੀ (ਭੂਚਾਲ ਦੀ ਗਤੀਵਿਧੀ) ਨੂੰ ਮਾਪਣ ਲਈ ਮੰਦਿਰ ਦੇ ਹਰ ਪੱਧਰ ‘ਤੇ 300 ਤੋਂ ਵੱਧ ਉੱਚ-ਤਕਨੀਕੀ ਸੈਂਸਰ ਲਗਾਏ ਗਏ ਹਨ। ਸੈਂਸਰ ਖੋਜ ਲਈ ਲਾਈਵ ਡਾਟਾ ਪ੍ਰਦਾਨ ਕਰਨਗੇ। ਜੇਕਰ ਇਲਾਕੇ ‘ਚ ਕੋਈ ਭੂਚਾਲ ਆਉਂਦਾ ਹੈ ਤਾਂ ਮੰਦਿਰ ਇਸ ਦਾ ਪਤਾ ਲਗਾ ਲਵੇਗਾ ਅਤੇ ਅਸੀਂ ਅਧਿਐਨ ਕਰ ਸਕਦੇ ਹਾਂ।” ਮੰਦਿਰ ਦੇ ਨਿਰਮਾਣ ‘ਚ ਕਿਸੇ ਵੀ ਧਾਤ ਦੀ ਵਰਤੋਂ ਨਹੀਂ ਕੀਤੀ ਗਈ ਹੈ ਅਤੇ ਨੀਂਹ ਨੂੰ ਭਰਨ ਲਈ ਕੰਕਰੀਟ ਦੇ ਮਿਸ਼ਰਣ ‘ਚ 55 ਫੀਸਦੀ ਸੀਮਿੰਟ ਦੀ ਬਜਾਏ ਫਲਾਈ ਐਸ਼ ਦੀ ਵਰਤੋਂ ਕੀਤੀ ਗਈ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।