ਪਟਨਾ: ਬਿਹਾਰ ਵਿੱਚ ਵਿਧਾਨ ਸਭਾ ਚੋਣਾਂ ਨੇ ਸਿਆਸੀ ਪਾਰਾ ਪੂਰੀ ਤਰ੍ਹਾਂ ਭਖਾਇਆ ਹੋਇਆ ਹੈ। ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਅੱਜ ਆਰਜੇਡੀ ਨੇਤਾ ਤੇਜਸਵੀ ਯਾਦਵ ਨਾਲ ਮਿਲ ਕੇ ਸਕਰਾ ਵਿੱਚ ਵਿਸ਼ਾਲ ਜਨਸਭਾ ਨੂੰ ਸੰਬੋਧਨ ਕੀਤਾ। ਰਾਹੁਲ ਨੇ ਲੋਕਾਂ ਤੋਂ ਪੁੱਛਿਆ, “ਤੁਹਾਡਾ ਮੂਡ ਕਿਹੋ ਜਿਹਾ ਹੈ?” ਉਨ੍ਹਾਂ ਕਿਹਾ ਕਿ ਦੇਸ਼ ‘ਚ ਜਿੱਥੇ ਵੀ ਉਹ ਜਾਂਦੇ ਹਨ, ਉੱਥੇ ਬਿਹਾਰ ਦੇ ਨੌਜਵਾਨ ਮਿਲਦੇ ਹਨ।
ਰਾਹੁਲ ਗਾਂਧੀ ਨੇ ਇਹਨਾਂ ਬਿਹਾਰ ਦੇ ਨੌਜਵਾਨਾਂ ਨੂੰ ਸਵਾਲ ਕਰਦਿਆਂ ਕਿਹਾ, ‘‘ਤੁਸੀਂ ਦਿੱਲੀ ਬਣਾਈ, ਬੈਂਗਲੁਰੂ ਦੀਆਂ ਸੜਕਾਂ ਬਣਾਈਆਂ, ਗੁਜਰਾਤ ਵਿੱਚ ਕੰਮ ਕੀਤਾ, ਖੂਨ-ਪਸੀਨਾ ਵਹਾਇਆ। ਦੁਬਈ ਤੁਹਾਡੀ ਮਿਹਨਤ ਨਾਲ ਬਣਿਆ ਹੈ। ਜੇ ਤੁਸੀਂ ਵੱਖ-ਵੱਖ ਸੂਬਿਆਂ ਦੀ ਮਦਦ ਕਰ ਸਕਦੇ ਹੋ ਤਾਂ ਬਿਹਾਰ ਵਿੱਚ ਇਹ ਕੰਮ ਕਿਉਂ ਨਹੀਂ ਕਰ ਪਾ ਰਹੇ?”
ਰਾਹੁਲ ਗਾਂਧੀ ਨੇ ਕਿਹਾ, “ਅਸੀਂ ਵੋਟ ਚੋਰੀ ਵਿਰੁੱਧ ਹਾਂ। 20 ਦਿਨ ਅਸੀਂ ਬਿਹਾਰ ਦੇ ਪਿੰਡਾਂ ਵਿੱਚ ਘੁੰਮੇ। ਤੁਹਾਡੀ ਊਰਜਾ ਵੇਖੀ। ਤੁਸੀਂ ਕਿਸੇ ਤੋਂ ਘੱਟ ਨਹੀਂ। ਇਹ ਸੂਬਾ ਸਭ ਤੋਂ ਅੱਗੇ ਜਾ ਸਕਦਾ ਹੈ ਅਤੇ ਜਾਣਾ ਵੀ ਚਾਹੀਦਾ। ਨੀਤੀਸ਼ ਜੀ ਦੇ ਚਿਹਰੇ ਦੀ ਵਰਤੋਂ ਹੋ ਰਹੀ ਹੈ। ਨੀਤੀਸ਼ ਜੀ ਰਿਮੋਟ ਕੰਟਰੋਲ ਨਾਲ ਚੱਲਦੇ ਹਨ, ਬੀਜੇਪੀ ਉਨ੍ਹਾਂ ਨੂੰ ਕੰਟਰੋਲ ਕਰ ਰਹੀ ਹੈ।”
ਰਾਹੁਲ ਨੇ ਪੀਐਮ ਮੋਦੀ ‘ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ, “ਨਰਿੰਦਰ ਮੋਦੀ ਨੂੰ ਛਠ ਪੂਜਾ ਨਾਲ ਕੋਈ ਲੈਣਾ-ਦੇਣਾ ਨਹੀਂ। ਉਨ੍ਹਾਂ ਨੂੰ ਸਿਰਫ਼ ਤੁਹਾਡਾ ਵੋਟ ਚਾਹੀਦਾ ਹੈ। ਵੋਟ ਲਈ ਤੁਸੀਂ ਉਨ੍ਹਾਂ ਤੋਂ ਕੋਈ ਵੀ ਡਰਾਮਾ ਕਰਵਾ ਲਓ, ਉਹ ਕਰ ਦੇਣਗੇ। ਵੋਟ ਲਈ ਸਟੇਜ ‘ਤੇ ਆ ਕੇ ਨੱਚਣ ਲਈ ਵੀ ਕਹਿ ਦਿਓ, ਨੱਚ ਲੈਣਗੇ।”
ਬਿਹਾਰ ਚੋਣਾ ‘ਚ ਇੰਡੀਆ ਗਠਜੋੜ ਦੇ ਮੁੱਖ ਮੰਤਰੀ ਉਮੀਦਵਾਰ ਤੇਜਸਵੀ ਯਾਦਵ ਨੇ ਸਭਾ ਨੂੰ ਸੰਬੋਧਨ ਕਰਦਿਆਂ ਕਿਹਾ, “20 ਸਾਲ ਪੁਰਾਣੀ ਸਰਕਾਰ ਨੂੰ ਬਦਲਣ ਦਾ ਵਕ਼ਤ ਆ ਗਿਆ ਹੈ। ਕਿਸਾਨ ਭਰਾ ਜਾਣਦੇ ਹਨ ਕਿ ਇੱਕੋ ਬ੍ਰਾਂਡ ਦਾ ਬੀਜ ਖੇਤ ਵਿੱਚ ਪਾਉਣ ਨਾਲ ਫ਼ਸਲ ਖ਼ਰਾਬ ਹੋ ਜਾਂਦੀ ਹੈ। ਹੁਣ ਨਵੇਂ ਬ੍ਰਾਂਡ ਦਾ ਬੀਜ ਪਾਉਣ ਦਾ ਸਮਾਂ ਹੈ। ਨੀਤੀਸ਼ ਕੁਮਾਰ 20 ਸਾਲ ਤੋਂ ਬਿਹਾਰ ਦੇ ਮੁੱਖ ਮੰਤਰੀ ਹਨ।”
ਉਨ੍ਹਾਂ ਕਿਹਾ ਕਿ ਅਸੀਂ ਬੇਰੁਜ਼ਗਾਰੀ ਅਤੇ ਮਹਿੰਗਾਈ ਨੂੰ ਖ਼ਤਮ ਕਰਨਾ ਚਾਹੁੰਦੇ ਹਾਂ। ਬਿਹਾਰ ਸਭ ਤੋਂ ਗ਼ਰੀਬ ਸੂਬਾ ਹੈ ਅਤੇ ਇੱਥੋਂ ਪਲਾਇਨ ਸਭ ਤੋਂ ਵੱਧ ਹੈ। “ਤੁਸੀਂ ਤੇਜਸਵੀ ਨੂੰ ਇੱਕ ਮੌਕਾ ਦਿਓ, ਮੈਂ ਬਿਹਾਰ ਬਦਲ ਕੇ ਵਿਖਾਵਾਂਗਾ।”
ਤੇਜਸਵੀ ਨੇ ਅੱਗੇ ਕਿਹਾ, “ਪਿਛਲੀ ਵਾਰ ਵੀ ਅਸੀਂ ਸਕਰਾ ਜਿੱਤ ਗਏ ਸੀ ਪਰ ਗਿਣਤੀ ਵਿੱਚ ਧਾਂਦਲੀ ਹੋਈ। ਇਸ ਵਾਰ ਅਸੀਂ ਅਜਿਹਾ ਨਹੀਂ ਹੋਣ ਦੇਵਾਂਗੇ। ਪੀਐੱਮ ਮੋਦੀ ਗੁਜਰਾਤ ਵਿੱਚ ਫ਼ੈਕਟਰੀਆਂ ਲਗਾਉਣਗੇ ਅਤੇ ਵੋਟ ਬਿਹਾਰ ਵਾਸੀਆਂ ਤੋਂ ਲੈਣਗੇ – ਹੁਣ ਇਹ ਨਹੀਂ ਚੱਲੇਗਾ। ਤੇਜਸਵੀ ਦੀ ਉਮਰ ਕੱਚੀ ਹੈ ਪਰ ਇਰਾਦੇ ਪੱਕੇ ਹਨ।”

