ਮੰਦਿਰ ਜਾ ਰਹੇ ਸ਼ਰਧਾਲੂਆਂ ਨਾਲ ਭਰੀ ਪਿਕਅੱਪ ਗੱਡੀ ਪਲਟੀ, ਔਰਤਾਂ-ਬੱਚਿਆਂ ਸਣੇ 15 ਲੋਕ ਜ਼ਖਮੀ

Global Team
2 Min Read

ਚੰਡੀਗੜ੍ਹ, 25 ਮਾਰਚ : ਜਲੰਧਰ ਤੋਂ ਜੀਂਦ ਦੇ ਸ਼ੀਤਲਾ ਮਾਤਾ ਮੰਦਰ ਮੱਥਾ ਟੇਕਣ ਜਾ ਰਹੇ ਸ਼ਰਧਾਲੂਆਂ ਦੀ ਪਿਕਅੱਪ ਗੱਡੀ ਜਾਖਲ ਦੇ ਕਢੈਲ ਚੌਕ ਨੇੜੇ ਪਲਟ ਗਈ। ਜਿਸ ਕਾਰਨ ਮੌਕੇ ‘ਤੇ ਚੀਕ ਚਿਹਾੜਾ ਪੈ ਗਿਆ। ਇਸ ਹਾਦਸੇ ‘ਚ 15 ਲੋਕ ਜ਼ਖਮੀ ਹੋ ਗਏ। ਸਾਹਮਣੇ ਆਈ ਜਾਣਕਾਰੀ ਅਨੁਸਾਰ ਜ਼ਖਮੀਆਂ ਵਿਚ 8 ਔਰਤਾਂ, 6 ਬੱਚੇ ਅਤੇ ਇਕ ਪੁਰਸ਼ ਸ਼ਾਮਲ ਹਨ।

ਹਾਦਸੇ ਤੋਂ ਤੁਰੰਤ ਬਾਅਦ ਸਾਰੇ ਜ਼ਖ਼ਮੀਆਂ ਨੂੰ ਜਾਖਲ ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ ਜਿਥੇ ਕਿ ਇਨ੍ਹਾਂ ਦਾ ਇਲਾਜ ਚਲ ਰਿਹਾ ਹੈ। ਫਿਲਹਾਲ ਹਾਦਸੇ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਪਰ ਦੱਸਿਆ ਜਾ ਰਿਹਾ ਹੈ ਕਿ ਜ਼ਖਮੀ ਹੋਈਆਂ 3 ਔਰਤਾਂ ਦੀਆਂ ਬਾਹਾਂ ‘ਚ ਫਰੈਕਚਰ ਹੋ ਗਿਆ ਹੈ। ਇੱਕ ਬੱਚੇ ਦੇ ਸਿਰ ਵਿੱਚ ਸੱਟ ਹੈ ਅਤੇ ਇਕ ਬੱਚੀ ਦੇ ਹੱਥ ਵਿੱਚ ਫਰੈਕਚਰ ਹੋ ਗਿਆ ਜਿਨ੍ਹਾਂ ਦਾ ਰੋ ਰੋ ਕੇ ਬੁਰਾ ਹਾਲ ਹੈ।

ਹਾਦਸੇ ‘ਚ ਜ਼ਖਮੀ ਵਿਅਕਤੀਆਂ ਨੇ ਹਾਦਸੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਜਲੰਧਰ ਤੋਂ ਰੇਲਗੱਡੀ ਰਾਹੀਂ ਜਾਖਲ ਮੰਡੀ ਰੇਲਵੇ ਸਟੇਸ਼ਨ ਪੁੱਜੇ। ਇੱਥੋਂ ਉਨ੍ਹਾਂ ਨੇ ਕਾਲਵਨ ਪਿੰਡ ਜਾਣ ਲਈ ਪਿਕਅੱਪ ਕਿਰਾਏ ’ਤੇ ਲਿਆ। ਕਡੇਲ ਚੌਕ ਨੇੜੇ ਪਿੱਕਅੱਪ ਦਾ ਪਿਛਲਾ ਹਿੱਸਾ ਇੰਜਣ ਤੋਂ ਵੱਖ ਹੋ ਕੇ ਪਲਟ ਗਿਆ। ਹਾਦਸੇ ਤੋਂ ਤੁਰੰਤ ਬਾਅਦ ਲੋਕ ਉੱਥੇ ਇਕੱਠੇ ਹੋ ਗਏ। ਫਿਰ ਲੋਕਾਂ ਨੇ ਜਾਖਲ ਪੁਲਸ ਅਤੇ ਐਂਬੂਲੈਂਸ ਨੂੰ ਸੂਚਨਾ ਦਿੱਤੀ। ਜਿਸ ਤੋਂ ਬਾਅਦ ਮੌਕੇ ‘ਤੇ ਪੁੱਜੀ ਜਾਖਲ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਡਾਕਟਰਾਂ ਦੀ ਟੀਮ ਜ਼ਖ਼ਮੀਆਂ ਦਾ ਇਲਾਜ ਕਰ ਰਹੀ ਹੈ। ਦੱਸ ਦਈਏ ਕਿ ਜੀਂਦ ਦੇ ਕਾਲਵਨ ਵਿੱਚ ਸਥਿਤ ਸ਼ੀਤਲਾ ਮਾਤਾ ਦਾ ਮੰਦਰ ਆਸਥਾ ਦਾ ਇੱਕ ਪ੍ਰਮੁੱਖ ਕੇਂਦਰ ਹੈ। ਇੱਥੇ ਹਰਿਆਣਾ, ਪੰਜਾਬ ਅਤੇ ਦਿੱਲੀ ਸਮੇਤ ਦੇਸ਼ ਦੇ ਵੱਖ ਵੱਖ ਕੋਨਿਆਂ ਤੋਂ ਸ਼ਰਧਾਲੂ ਮੱਥਾ ਟੇਕਣ ਆਉਂਦੇ ਹਨ।

 

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ। 

Share This Article
Leave a Comment