ਵਾਸ਼ਿੰਗਟਨ : ਅਮਰੀਕਾ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਨੇ Pfizer ਦੀ ਕੋਰੋਨਾ ਵੈਕਸੀਨ ਦੇ ਇਸਤੇਮਾਲ ਨੂੰ ਹਰੀ ਝੰਡੀ ਦੇ ਦਿੱਤੀ ਹੈ। ਦੇਸ਼ ਵਿੱਚ ਇਸ ਵੈਕਸੀਨ ਦੇ ਇਸਤੇਮਾਲ ਲਈ ਵੋਟਿੰਗ ਰਾਹੀਂ ਫ਼ੈਸਲਾ ਲਿਆ ਗਿਆ। 22 ਲੋਕਾਂ ਦੀ ਬਣੀ ਇਕ ਵਿਸ਼ੇਸ਼ ਕਮੇਟੀ ਨੇ ਵੈਕਸੀਨ ਦੇ ਇਸਤੇਮਾਲ ਵਿੱਚ 17 ਵੋਟਾਂ ਪਈਆਂ ਜਦਕਿ ਵਿਰੋਧ ਵਿੱਚ ਚਾਰ ਵੋਟਾਂ ਹੋਈਆਂ, ਇਸ ਤੋਂ ਇਲਾਵਾ ਇਕ ਮੈਂਬਰ ਇਸ ਵੋਟਿੰਗ ਪ੍ਰਕਿਰਿਆ ਤੋਂ ਦੂਰ ਰਿਹਾ ਸੀ।
ਦੱਸ ਦਈਏ ਕਿ ਅਮਰੀਕਾ ਤੋਂ ਪਹਿਲਾਂ ਬ੍ਰਿਟੇਨ, ਕੈਨੇਡਾ, ਬਹਿਰੀਨ ਅਤੇ ਸਾਊਦੀ ਅਰਬ ‘ਚ ਇਸ ਵੈਕਸੀਨ ਦੇ ਇਸਤੇਮਾਲ ਨੂੰ ਹਰੀ ਝੰਡੀ ਮਿਲ ਗਈ ਹੈ। ਇਹ ਕੰਪਨੀ ਪੂਰੀ ਦੁਨੀਆ ‘ਚ ਪਹਿਲੀ ਅਜਿਹੀ ਫਾਰਮਾ ਕੰਪਨੀ ਬਣ ਗਈ ਹੈ, ਜੋ ਤੀਸਰੇ ਫੇਜ਼ ਦੇ ਕਲਿਨਿਕਲ ਟ੍ਰਾਇਲ ਤੋਂ ਬਾਅਦ ਵੱਡੇ ਪੈਮਾਨੇ ‘ਤੇ ਵੈਕਸੀਨ ਦਾ ਉਤਪਾਦਨ ਕਰ ਰਹੀ ਹੈ।
ਅਮਰੀਕਾ ‘ਚ ਫਾਈਜ਼ਰ ਵੈਕਸੀਨ ਨੂੰ ਮਨਜ਼ੂਰੀ ਮਿਲਣ ਤੋਂ ਕੁਝ ਦਿਨ ਬਾਅਦ ਹੀ ਮਾਡਰਨਾ ਦੀ ਵੈਕਸੀਨ ਨੂੰ ਵੀ ਇਸਤੇਮਾਲ ਦੀ ਮਨਜ਼ੂਰੀ ਮਿਲ ਸਕਦੀ ਹੈ, ਕਿਉਂਕਿ ਫਾਈਜ਼ਰ ਅਤੇ ਮਾਡਰਨਾ ਵਿੱਚ ਇੱਕ ਤਰ੍ਹਾਂ ਦੀ ਤਕਨੀਕ ਦਾ ਹੀ ਇਸਤੇਮਾਲ ਕੀਤਾ ਗਿਆ ਹੈ। ਕਲਿਨਿਕਲ ਟਰਾਇਲ ਵਿਚ ਮਾਡਰਨਾ ਨਾਮ ਦੀ ਵੈਕਸੀਨ ਦੇ ਨਤੀਜੇ ਉਤਸ਼ਾਹ ਵਧਾਉਣ ਵਾਲੇ ਰਹੇ ਹਨ।