ਓਟਾਵਾ : ਹੁਣ ਕੈਨੇਡਾ ਵਿਚ 12 ਤੋਂ 15 ਸਾਲ ਤੱਕ ਦੇ ਬੱਚਿਆਂ ਨੂੰ ਵੈਕਸੀਨ ਲਗਾਉਣ ਦਾ ਰਾਹ ਹੋਰ ਪੱਧਰਾ ਹੋ ਗਿਆ ਹੈ। ਨੈਸ਼ਨਲ ਐਡਵਾਈਜ਼ਰੀ ਕਮੇਟੀ ਆਨ ਇਮਿਊਨਾਈਜ਼ੇਸ਼ਨ (NACI) ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਕਿ ਫਾਈਜ਼ਰ-ਬਾਇਓਐਨਟੈਕ ਵੈਕਸੀਨ ਕਿਸ਼ੋਰਾਂ ਨੂੰ ਦੇਣਾ ਸੇਫ ਵੀ ਹੈ ਤੇ ਅਸਰਦਾਰ ਵੀ ਹੈ। ਇਸ ਬਾਰੇ ਕੈਨੇਡਾ ਦੀ ਮੁੱਖ ਮੈਡੀਕਲ ਅਫ਼ਸਰ ਡਾ. ਥੈਰੇਸਾ ਟਾਮ ਨੇ ਜਾਣਕਾਰੀ ਦਿੱਤੀ।
NACI recommends that a complete series of two-doses of the Pfizer-BioNTech COVID-19 vaccine can be offered to individuals 12 to 18 years of age who are eligible to receive the vaccine.https://t.co/dKpr9a0vHG pic.twitter.com/5GrCEiokKZ
— Canada's CPHO (@CPHO_Canada) May 18, 2021
ਹੈਲਥ ਕੈਨੇਡਾ ਵੱਲੋਂ 5 ਮਈ ਨੂੰ 12 ਤੋਂ 15 ਸਾਲਾਂ ਦੇ ਬੱਚਿਆਂ ਨੂੰ ਫਾਈਜ਼ਰ ਵੈਕਸੀਨ ਦੇਣ ਦੀ ਮਨਜ਼ੂਰੀ ਦਿੱਤੀ ਗਈ ਸੀ। ਇਹ ਮਨਜੂ਼ਰੀ ਉਸ ਸਮੇਂ ਦਿੱਤੀ ਗਈ ਸੀ ਜਦੋਂ ਕੰਪਨੀ ਨੇ ਮੁਕੰਮਲ ਕੀਤੇ ਇੱਕ ਕਲੀਨਿਕਲ ਟ੍ਰਾਇਲ ਵਿੱਚ ਇਹ ਪਾਇਆ ਕਿ ਕੋਵਿਡ-19 ਤੋਂ ਇਸ ਉਮਰ ਵਰਗ ਦੇ ਬੱਚਿਆਂ ਨੂੰ ਬਚਾਉਣ ਲਈ ਇਹ ਵੈਕਸੀਨ ਦੇਣਾ ਸੇਫ ਤੇ 100 % ਕਾਰਗਰ ਹੈ।
NACI ਦੀ ਚੇਅਰਪਰਸਨ ਡਾ. ਕੈਰੋਲੀਨ ਕੁਆਕ ਥਾਨ੍ਹ ਨੇ ਦੱਸਿਆ ਕਿ ਐਨ ਏ ਸੀ ਦੀ ਸਿਫਾਰਿਸ਼ ਉੱਤੇ ਫਾਈਜ਼ਰ ਬਾਇਓਐਨਟੈਕ ਕੋਵਿਡ-19 ਵੈਕਸੀਨ 12 ਤੋਂ 18 ਸਾਲ ਉਮਰ ਵਰਗ ਦੇ ਬੱਚਿਆਂ ਨੂੰ ਦਿੱਤੇ ਜਾਣ ਦੀ ਸਾਡੇ ਵੱਲੋਂ ਸਿਫਾਰਿਸ਼ ਕੀਤੀ ਜਾ ਰਹੀ ਹੈ।
ਐਨ ਏ ਸੀ ਆਈ ਵੱਲੋਂ ਇਸ ਫੈਸਲੇ ਨੂੰ ਮਨਜ਼ੂਰੀ ਉਸ ਸਮੇਂ ਦੇਣ ਦਾ ਫੈਸਲਾ ਕੀਤਾ ਗਿਆ ਜਦੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇਹ ਐਲਾਨ ਕੀਤਾ ਗਿਆ ਕਿ ਉਨ੍ਹਾਂ ਨੂੰ ਜੂਨ ਤੋਂ ਜੁਲਾਈ ਤੱਕ ਫਾਈਜ਼ਰ ਦੀ ਕੋਵਿਡ-19 ਵੈਕਸੀਨ ਦੀਆਂ 21 ਮਿਲੀਅਨ ਡੋਜ਼ਾਂ ਮਿਲਣ ਵਾਲੀਆਂ ਹਨ।
ਐਨਏਸੀਆਈ ਵੱਲੋਂ ਇਹ ਸਲਾਹ ਉਸ ਸਮੇਂ ਆਈ ਜਦੋਂ ਬਹੁਤੇ ਪ੍ਰੋਵਿੰਸਾਂ ਵੱਲੋਂ ਇਸ ਉਮਰ ਵਰਗ ਦੇ ਕਿਸ਼ੋਰਾਂ ਨੂੰ ਪਹਿਲਾਂ ਹੀ ਆਪਣੇ ਵੈਕਸੀਨੇਸ਼ਨ ਪਲੈਨ ਵਿੱਚ ਸ਼ਾਮਲ ਕਰ ਲਿਆ ਗਿਆ ਹੈ। ਕਈ ਹੋਰ ਪ੍ਰੋਵਿੰਸਾਂ ਵੱਲੋਂ ਵੀ ਇਸ ਉਮਰ ਵਰਗ ਦੇ ਬੱਚਿਆਂ ਨੂੰ ਆਪਣੇ ਵੈਕਸੀਨੇਸ਼ਨ ਪਲੈਨ ਵਿੱਚ ਸ਼ਾਮਲ ਕਰਨ ਦੀ ਯੋਜਨਾ ਹੈ।