ਵਾਸ਼ਿੰਗਟਨ : ਕੋਰੋਨਾ ਕਾਲ ਦੌਰਾਨ ਹਰ ਰੋਜ਼ ਆ ਰਹੇ ਨਵੇਂ ਵੇਰੀਐਂਟ ਦੇ ਖਤਰੇ ਵਿਚਾਲੇ ਫਾਈਜ਼ਰ ਤੇ ਮੋਡਰਨਾ ਦੀ ਵੈਕਸੀਨ ਨੂੰ ਲੈ ਕੇ ਇਕ ਚੰਗੀ ਖਬਰ ਆਈ ਹੈ। ਇਕ ਤਾਜ਼ਾ ਜਾਂਚ ‘ਚ ਸਾਹਮਣੇ ਆਇਆ ਹੈ ਕਿ ਫਾਈਜ਼ਰ ਤੇ ਮੋਡਰਨਾ ਦੀ mRNA ਤਕਨੀਕ ‘ਤੇ ਆਧਾਰਿਤ ਕੋਰੋਨਾ ਵੈਕਸੀਨ ਵਾਇਰਸ ਦੇ ਖ਼ਿਲਾਫ਼ ਜੀਵਨ ਭਰ ਸੁਰੱਖਿਆ ਦੇ ਸਕਦੀ ਹੈ। ਇਸ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ, ਇਨ੍ਹਾਂ ਦੋਵੇਂ ਵੈਕਸੀਨ ਦੀ ਦੋ ਡੋਜ਼ ਨਾਲ ਵਾਇਰਸ ਦੇ ਖ਼ਿਲਾਫ਼ ਬਹੁਤ ਮਜ਼ਬੂਤ ਤੇ ਲਗਾਤਾਰ ਬਿਮਾਰੀ ਰੋਕਣ ਦੀ ਸਮਰੱਥਾ ਮਿਲਦੀ ਹੈ।
ਇਸ ਤੋਂ ਇਲਾਵਾ ਜਾਂਚ ਦੌਰਾਨ ਕੋਰੋਨਾ ਵਾਇਰਸ ਦੇ ਦੋ ਵੇਰੀਐਂਟ ਖ਼ਿਲਾਫ਼ ਇਸ ਵੈਕਸੀਨ ਨੇ ਉੱਚ ਪੱਧਰ ਦੀ ਐਂਟੀਬਾਡੀ ਵੀ ਪੈਦਾ ਕੀਤੀ। ਇਸ ਜਾਂਚ ਨਾਲ ਹੁਣ ਇਹ ਸਿੱਟਾ ਨਿਕਲ ਰਿਹਾ ਹੈ ਕਿ ਫਾਈਜ਼ਰ ਅਤੇ ਮੋਡਰਨਾ ਦੀ ਵੈਕਸੀਨ ਲਗਵਾਉਣ ਵਾਲਿਆਂ ਨੂੰ ਕਈ ਸਾਲ ਇਥੋਂ ਤੱਕ ਕਿ ਜੀਵਨ ਭਰ ਇਮਿਊਨਿਟੀ ਮਿਲ ਸਕਦੀ ਹੈ। ਇਹੀ ਨਹੀਂ ਇਸ ਵੈਕਸੀਨ ਨੂੰ ਲਗਵਾਉਣ ਵਾਲੇ ਲੋਕਾਂ ਨੂੰ ਬੂਸਟਰ ਡੋਜ਼ ਦੀ ਵੀ ਜ਼ਰੂਰਤ ਨਹੀਂ ਰਹੇਗੀ।
ਵਾਸ਼ਿੰਗਟਨ ਯੂਨੀਵਰਸਿਟੀ ਦੇ ਮਾਹਰ ਡਾ.ਅਲੀ ਨੇ ਕਿਹਾ ਇਸ ਵੈਕਸੀਨ ਨਾਲ ਸਾਨੂੰ ਕਿੰਨੇ ਸਮੇਂ ਤੱਕ ਇਮਿਊਨਿਟੀ ਮਿਲਦੀ ਹੈ, ਇਸ ਨੂੰ ਲੈ ਕੇ ਚੰਗੇ ਸੰਕੇਤ ਹਨ। ਇਸ ਜਾਂਚ ਦੌਰਾਨ 14 ਲੋਕਾਂ ਨੂੰ ਭਰਤੀ ਕੀਤਾ ਗਿਆ ਸੀ, ਜਿਨ੍ਹਾਂ ‘ਚੋਂ ਅੱਠ ਲੋਕ ਪਹਿਲਾਂ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋ ਚੁੱਕੇ ਸਨ।
ਡਾ.ਅਲੀ ਨੇ ਕਿਹਾ ਕਿ ਵੈਕਸੀਨ ਲੱਗਣ ਤੋਂ ਬਾਅਦ ਵੀ ਇਸ ਦੀ ਪ੍ਰਤੀਕਿਰਿਆ ਛੇ ਮਹੀਨੇ ਬਾਅਦ ਚੰਗੀ ਰਹਿੰਦੀ ਹੈ। ਜਾਂਚ ‘ਚ ਫਾਈਜ਼ਰ ਅਤੇ ਮੋਡਰਨਾ ਦੀ ਵੈਕਸੀਨ ਬ੍ਰਿਟੇਨ ਅਤੇ ਦੱਖਣ ਅਫ਼ਰੀਕਾ ਵਿੱਚ ਮਿਲੇ ਨਵੇਂ ਵੇਰੀਐਂਟ ਖ਼ਿਲਾਫ਼ ਅਸਰਦਾਰ ਮਿਲੀ ਹੈ।