-ਅਵਤਾਰ ਸਿੰਘ
ਇਸ ਵੇਲੇ ਦੇਸ਼ ਦੇ ਲੋਕਾਂ ਨੂੰ ਹਰ ਪਾਸਿਓਂ ਮਾਰ ਪੈ ਰਹੀ ਹੈ। ਕੋਰੋਨਾਵਾਇਰਸ ਕਾਰਨ ਇਕ ਪਾਸੇ ਆਪਣੀ ਜਾਨ ਬਚਾਉਣ ਦੀ ਪਈ ਹੋਈ ਹੈ ਦੂਜੇ ਪਾਸੇ ਮਹਿੰਗਾਈ ਦੀ ਮਾਰ। ਲੌਕਡਾਊਨ ਕਾਰਨ ਸਾਰਾ ਕੁਝ ਠੱਪ ਹੋ ਕੇ ਰਹਿ ਗਿਆ ਹੈ। ਇਸ ਦੀ ਸਭ ਤੋਂ ਵੱਧ ਮਾਰ ਮੱਧ ਵਰਗ ਨੂੰ ਪੈ ਰਹੀ ਹੈ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਲਗਾਤਾਰ ਹੋ ਰਹੇ ਵਾਧੇ ਕਾਰਨ ਕਾਰੋਬਾਰ ਅਤੇ ਲੋਕ ਆਰਥਿਕ ਤੌਰ ਉੱਤੇ ਹੋਰ ਨਪੀੜੇ ਜਾ ਰਹੇ ਹਨ।
ਤੇਲ ਦੀਆਂ ਕੀਮਤਾਂ ਵਿੱਚ ਲਗਾਤਾਰ 9ਵੇਂ ਦਿਨ ਵਾਧਾ ਹੋ ਰਿਹਾ ਹੈ। ਸੋਮਵਾਰ ਨੂੰ ਪੈਟਰੋਲ ਦੀਆਂ ਕੀਮਤਾਂ 57 ਪੈਸੇ ਅਤੇ ਡੀਜ਼ਲ ਦੀਆਂ ਕੀਮਤਾਂ 59 ਪੈਸੇ ਪ੍ਰਤੀ ਲੀਟਰ ਦੇ ਹਿਸਾਬ ਨਾਲ ਵਧ ਗਈਆਂ ਹਨ। ਸਰਕਾਰ ਨੇ ਪੈਟਰੋਲ 5 ਰੁਪਏ ਅਤੇ ਡੀਜ਼ਲ 4 ਰੁਪਏ 87 ਪੈਸੇ ਪ੍ਰਤੀ ਲੀਟਰ ਦੀ ਦਰ ਨਾਲ ਬੀਤੇ 9 ਦਿਨਾਂ ਵਿੱਚ ਵਧਾ ਦਿੱਤੇ ਹਨ।
ਇਸ ਤਰ੍ਹਾਂ ਮੁੰਬਈ ਵਿੱਚ ਪੈਟਰੋਲ ਦੀ ਕੀਮਤ ਇਸ ਵੇਲੇ 83.17 ਰੁਪਏ ਅਤੇ ਡੀਜ਼ਲ ਦੀ 73.21 ਰੁਪਏ ਪ੍ਰਤੀ ਲੀਟਰ ਹੋਈ ਗਈ ਹੈ। ਦਿੱਲੀ ਵਿੱਚ ਪੈਟਰੋਲ 76.26 ਰੁਪਏ ਅਤੇ ਡੀਜ਼ਲ 74.62 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।
ਤੇਲ ਦੀਆਂ ਕੀਮਤਾਂ ਹੁਣ ਉਥੇ ਹੀ ਆ ਗਈਆਂ ਹਨ ਜੋ ਲੌਕਡਾਊਨ ਲਗਣ ਤੋਂ ਪਹਿਲਾਂ ਸਨ। ਦੇਸ਼ ਵਿੱਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਧਣ ਪਿੱਛੇ ਕੱਚੇ ਤੇਲ ਦੀਆਂ ਕੀਮਤਾਂ, ਰਿਫ਼ਾਇਨਰੀ, ਮਾਰਕਟਿੰਗ, ਐਕਸਾਈਜ਼ ਡਿਊਟੀ ਅਤੇ ਕੇਂਦਰ ਤੇ ਰਾਜਾਂ ਦੀਆਂ ਸਰਕਾਰਾਂ ਵੱਲੋਂ ਲਾਇਆ ਜਾਂਦਾ ਵੈਟ ਆਦਿ ਸ਼ਾਮਲ ਹੈ।
ਕਈ ਤਰ੍ਹਾਂ ਦੇ ਟੈਕਸ ਤੋਂ ਬਾਅਦ ਤੇਲ ਦੀਆਂ ਰਿਟੇਲ ਕੀਮਤਾਂ ਵਧਦੀਆਂ ਹਨ ਜਿਸ ਲਈ ਆਮ ਲੋਕਾਂ ਨੂੰ ਰੋਜ਼ ਦੀਆਂ ਜ਼ਰੂਰਤਾਂ ਲਈ ਇਹ ਕੀਮਤ ਤਾਰਨੀ ਪੈਂਦੀ ਹੈ।
ਐਕਸਾਈਜ਼ ਡਿਊਟੀ ਉਹ ਟੈਕਸ ਹੁੰਦਾ ਹੈ ਜਿਹੜਾ ਸਰਕਾਰ ਵੱਲੋਂ ਦੇਸ਼ ਵਿੱਚ ਤਿਆਰ ਹੁੰਦੇ ਮਾਲ ਉੱਤੇ ਲਗਾਇਆ ਜਾਂਦਾ ਹੈ ਤੇ ਇਹ ਟੈਕਸ ਕੰਪਨੀਆਂ ਅਦਾ ਕਰਦੀਆਂ ਹਨ। ਵੈਟ ਸਮਾਨ ਉੱਤੇ ਵੱਖ-ਵੱਖ ਤਰ੍ਹਾਂ ਨਾਲ ਵਸੂਲਿਆ ਜਾਂਦਾ ਹੈ।
ਸਰਕਾਰ ਦੀ ਮੁੱਖ ਆਮਦਨੀ ਦੇ ਸੋਮੇ ਆਬਕਾਰੀ ਡਿਊਟੀ ਤੇ ਵੈਟ ਹਨ। ਐਕਸਾਈਜ਼ ਡਿਊਟੀ ਕੇਂਦਰ ਸਰਕਾਰ ਵੱਲੋਂ ਅਤੇ ਵੈਟ ਸੂਬਾ ਸਰਕਾਰ ਵੱਲੋਂ ਵਸੂਲਿਆ ਜਾਂਦਾ ਹੈ। ਜਦ ਕੱਚੇ ਤੇਲ ਦੀਆਂ ਕੀਮਤਾਂ ਘੱਟ ਹੁੰਦੀਆਂ ਪਰ ਟੈਕਸ ਵੱਧ ਹੁੰਦੇ ਤਾਂ ਤੇਲ ਦੀਆਂ ਰਿਟੇਲ ਕੀਮਤਾਂ ਵਿੱਚ ਵਾਧੇ ਦੇ ਆਸਾਰ ਹੁੰਦੇ, ਮੌਜੂਦਾ ਸਮੇਂ ਵਿੱਚ ਵੀ ਇਹੀ ਕੁਝ ਵਾਪਰ ਰਿਹਾ ਹੈ।
30 ਜਨਵਰੀ 2020 ਨੂੰ ਕੱਚੇ ਤੇਲ ਦੀਆਂ ਲਗਭਗ 4300 ਰੁਪਏ (57 ਡਾਲਰ) ਪ੍ਰਤੀ ਬੈਰਲ ਸਨ ਅਤੇ ਮੌਜੂਦਾ ਸਮੇਂ ਵਿੱਚ ਇਹ ਕੀਮਤ 3000 ਰੁਪਏ (40 ਡਾਲਰ) ਦੇ ਕਰੀਬ ਹੈ। ਇਸ ਤਰ੍ਹਾਂ ਵਾਧੂ ਟੈਕਸ ਦਰਾਂ ਕਾਰਨ ਹੀ ਤੇਲ ਦੀਆਂ ਰਿਟੇਲ ਕੀਮਤਾਂ ਵਧੀਆਂ ਹਨ।
ਤੇਲ ਦੀਆਂ ਰਿਟੇਲ ਕੀਮਤਾਂ ਵਿੱਚ 70 ਪ੍ਰਤੀਸ਼ਤ ਟੈਕਸ ਸ਼ਾਮਿਲ ਹਨ। ਕਰੰਸੀ ਦਾ ਤੇਲ ਦੀਆਂ ਕੀਮਤਾਂ ਉਪਰ ਕਾਫੀ ਅਸਰ ਪੈਂਦਾ ਹੈ। ਅਗਰ ਭਾਰਤੀ ਰੁਪਇਆ ਅਮਰੀਕੀ ਡਾਲਰ ਨਾਲੋਂ ਮਜ਼ਬੂਤ ਹੋਵੇਗਾ ਤਾਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਉਪਰ ਬਹੁਤਾ ਅਸਰ ਨਹੀਂ ਪਵੇਗਾ।
14 ਮਾਰਚ ਨੂੰ ਪੈਟਰੋਲ ਅਤੇ ਡੀਜ਼ਲ ਉਪਰ 3 ਰੁਪਏ ਪ੍ਰਤੀ ਲੀਟਰ ਆਬਕਾਰੀ ਡਿਊਟੀ ਵਧੀ। ਇਸ ਤੋਂ ਬਾਅਦ 6 ਮਈ ਨੂੰ ਪੈਟਰੋਲ ‘ਤੇ 10 ਰੁਪਏ ਅਤੇ ਡੀਜ਼ਲ ‘ਤੇ 13 ਰੁਪਏ ਪ੍ਰਤੀ ਲੀਟਰ ਟੈਕਸ ਵਿਚ ਵਾਧਾ ਕੀਤਾ ਗਿਆ।
ਇਹ ਸਿਲਸਿਲਾ ਇਥੇ ਹੀ ਨਹੀਂ ਰੁਕਿਆ 7 ਜੂਨ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ 60 ਪੈਸਾ ਪ੍ਰਤੀ ਲੀਟਰ, 8 ਜੂਨ ਨੂੰ 60 ਪੈਸੇ, 9 ਜੂਨ ਨੂੰ ਪੈਟਰੋਲ 52 ਪੈਸੇ ਅਤੇ ਡੀਜ਼ਲ 55 ਪੈਸੇ ਪ੍ਰਤੀ ਲੀਟਰ, 10 ਜੂਨ ਨੂੰ ਪੈਟਰੋਲ 40 ਪੈਸੇ ਅਤੇ ਡੀਜ਼ਲ 45 ਪੈਸੇ, 11 ਜੂਨ ਨੂੰ 60 ਪੈਸੇ ਅਤੇ 12 ਜੂਨ ਨੂੰ ਪੈਟਰੋਲ 57 ਪੈਸੇ ਅਤੇ ਡੀਜ਼ਲ 59 ਪੈਸੇ ਪ੍ਰਤੀ ਲੀਟਰ ਵਧਾ ਦਿੱਤਾ। 15 ਰਾਜਾਂ ਅਤੇ ਕੇਂਦਰ ਸ਼ਾਸਤ ਸੂਬੇ ਦਿੱਲੀ, ਮਹਾਰਾਸ਼ਟਰ, ਪੱਛਮੀ ਬੰਗਾਲ, ਰਾਜਸਥਾਨ, ਕਰਨਾਟਕ, ਉੱਤਰ ਪ੍ਰਦੇਸ਼ ਅਤੇ ਹਰਿਆਣਾ ਨੇ ਪੈਟਰੋਲ-ਡੀਜ਼ਲ ਉੱਤੇ ਵੈਟ ਵਿੱਚ ਵਾਧਾ ਕਰ ਦਿੱਤਾ ਹੈ।
ਤੇਲ ਦੀਆਂ ਕੀਮਤਾਂ ਵਧਣ ਨਾਲ ਮਹਿਗਾਈ ਤਾਂ ਵਧੇਗੀ ਹੀ। ਪੈਟਰੋਲ ਦੀਆਂ ਕੀਮਤਾਂ ਦਾ ਵਪਾਰਕ ਤੌਰ ‘ਤੇ ਅਸਰ ਨਹੀਂ ਹੈ ਪਰ ਡੀਜ਼ਲ ਦੀ ਕੀਮਤ ਵਧਣ ਦਾ ਕਾਫੀ ਅਸਰ ਪੈਂਦਾ ਹੈ। ਢੋਅ-ਢੁਆਈ ਲਈ ਆਵਾਜਾਈ ਦੇ ਸਾਧਨਾਂ ਵਾਸਤੇ ਡੀਜ਼ਲ ਦੀ ਵਰਤੋਂ ਕਰਦੀਆਂ ਹਨ ਇਸ ਦਾ ਸਿੱਧਾ ਅਸਰ ਗਾਹਕ ਯਾਨੀ ਆਮ ਆਦਮੀ ਦੀ ਜੇਬ ਉੱਤੇ ਪੈਂਦਾ ਹੈ। ਇਸ ਤਰ੍ਹਾਂ ਆਮ ਲੋਕਾਂ ਨੂੰ ਦੂਹਰੀ ਮਾਰ ਝੱਲਣੀ ਪੈ ਰਹੀ ਹੈ।