ਤਰਨਤਾਰਨ: ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਲਗਾਤਾਰ ਵਧ ਰਿਹਾ ਹੈ। ਦੋਵੇਂ ਦੇਸ਼ ਇਕ-ਦੂਜੇ ‘ਤੇ ਵਧ ਚੜ੍ਹ ਕੇ ਪਾਬੰਦੀਆਂ ਲਾ ਰਹੇ ਹਨ। ਇਸੇ ਦੌਰਾਨ, ਭਾਰਤ ਵੱਲੋਂ ਆਪਰੇਸ਼ਨ ਸਿੰਦੂਰ ਸ਼ੁਰੂ ਕੀਤਾ ਗਿਆ ਹੈ, ਜਿਸ ਦੇ ਤਹਿਤ ਪਾਕਿਸਤਾਨ ਖਿਲਾਫ ਗਤੀਵਿਧੀਆਂ ਜਾਰੀ ਹਨ। ਸਰਹੱਦੀ ਇਲਾਕਿਆਂ ‘ਚ ਡਰ ਦਾ ਮਾਹੌਲ ਬਣ ਗਿਆ ਹੈ ਅਤੇ ਲੋਕ ਆਪਣੀ ਸੁਰੱਖਿਆ ਲਈ ਘਰ ਛੱਡ ਕੇ ਸੁਰੱਖਿਅਤ ਥਾਵਾਂ ਵੱਲ ਰੁਖ ਕਰ ਰਹੇ ਹਨ।
ਜ਼ਿਲ੍ਹਾ ਤਰਨਤਾਰਨ ਦੇ ਭਾਰਤ-ਪਾਕਿਸਤਾਨ ਸਰਹੱਦ ‘ਤੇ ਸਥਿਤ ਗਿੱਲਪਨ ਪਿੰਡ ਦੇ ਵਾਸੀਆਂ ਨੇ ਪਿੰਡ ਖਾਲੀ ਕਰਨਾ ਸ਼ੁਰੂ ਕਰ ਦਿੱਤਾ ਹੈ। ਲੋਕ ਆਪਣੇ ਘਰੇਲੂ ਸਮਾਨ ਨੂੰ ਟਰੈਕਟਰ-ਟਰਾਲੀਆਂ, ਗੱਡੀਆਂ ਆਦਿ ਰਾਹੀਂ ਲੱਦ ਕੇ ਆਪਣੇ ਪਸ਼ੂਆਂ ਸਮੇਤ ਸੁਰੱਖਿਅਤ ਥਾਵਾਂ ਵੱਲ ਜਾ ਰਹੇ ਹਨ।
ਇਸ ਮੌਕੇ ਪਿੰਡ ਵਾਸੀਆਂ ਨੇ ਦੱਸਿਆ ਕਿ 1965 ਅਤੇ 1971 ਦੀ ਜੰਗ ਹੋਵੇ ਜਾਂ 2016 ਦੀ ਸਰਜੀਕਲ ਸਟਰਾਈਕ, ਹਰ ਵਾਰੀ ਉਹਨਾਂ ਨੂੰ ਆਪਣਾ ਪਿੰਡ ਛੱਡਣਾ ਪਿਆ ਸੀ। ਹਾਲਾਂਕਿ, ਇਸ ਦੌਰਾਨ ਹੋਏ ਆਰਥਿਕ ਨੁਕਸਾਨ ਦੀ ਭਰਪਾਈ ਨਾ ਤਾਂ ਕਿਸੇ ਸਰਕਾਰੀ ਨੁਮਾਇੰਦੇ ਨੇ ਕੀਤੀ ਅਤੇ ਨਾ ਹੀ ਕਿਸੇ ਅਧਿਕਾਰੀ ਨੇ ਉਹਨਾਂ ਦੀ ਸਹਾਇਤਾ ਲਈ ਹੱਥ ਵਧਾਇਆ। ਇਸ ਕਾਰਨ ਹੁਣ ਵੀ ਉਹ ਡਰ ਦੇ ਮਾਹੌਲ ਵਿਚ ਆਪਣਾ ਇਲਾਕਾ ਛੱਡਣ ਲਈ ਮਜਬੂਰ ਹੋ ਰਹੇ ਹਨ।
ਪਿੰਡ ਦੇ ਲੋਕਾਂ ਅਨੁਸਾਰ, ਭਾਰਤ ਵੱਲੋਂ ਪਾਕਿਸਤਾਨ ਉੱਤੇ ਕੀਤੇ ਹਵਾਈ ਹਮਲੇ ਤੋਂ ਬਾਅਦ ਦੋਹਾਂ ਦੇਸ਼ਾਂ ਵਿਚਕਾਰ ਤਣਾਅ ਹੋਰ ਵਧ ਗਿਆ ਹੈ, ਜਿਸ ਕਾਰਨ ਉਹ ਆਪਣਾ ਘਰੇਲੂ ਸਮਾਨ ਸਮੇਤ ਸੁਰੱਖਿਅਤ ਥਾਵਾਂ ਦੀ ਖੋਜ ਕਰ ਰਹੇ ਹਨ।