ਦੀਵਾਲੀ ਦੀ ਰਾਤ ਹਰਿਆਣੇ ਵਿੱਚ ਵੱਡੇ ਪੱਧਰ ‘ਤੇ ਆਤਿਸ਼ਬਾਜ਼ੀ ਹੋਈ। ਸਰਕਾਰ ਨੇ ਪਟਾਕਿਆਂ ਲਈ ਸਿਰਫ਼ ਦੋ ਘੰਟੇ ਲਈ ਐਡਵਾਈਜ਼ਰੀ ਜਾਰੀ ਕੀਤੀ ਸੀ ਪਰ ਸ਼ਾਮ 7 ਵਜੇ ਤੋਂ ਰਾਤ 12 ਵਜੇ ਤੱਕ ਪਟਾਕੇ ਚਲਾਏ ਗਏ। ਇਸ ਨਾਲ ਪ੍ਰਦੂਸ਼ਣ ਦੀ ਸਥਿਤੀ ਹੋਰ ਵਿਗੜ ਗਈ ਹੈ।
ਹਰਿਆਣਾ ਗੈਸ ਚੈਂਬਰ ਬਣ ਗਿਆ ਹੈ। ਹਿਸਾਰ ਅਤੇ ਕੁਰੂਕਸ਼ੇਤਰ ‘ਚ ਸਥਿਤੀ ਸਭ ਤੋਂ ਖਰਾਬ ਹੈ। ਇੱਥੇ ਪਾਰਟੀਕੁਲੇਟ ਮੈਟਰ (PM) 2.5 ਅਤੇ PM 10-500 ਨੂੰ ਪਾਰ ਕਰ ਗਿਆ ਹੈ। ਇਹ ਇੰਨਾ ਖ਼ਤਰਨਾਕ ਹੈ ਕਿ ਇੱਕ ਸਿਹਤਮੰਦ ਵਿਅਕਤੀ ਵੀ ਘਰ ਤੋਂ ਬਾਹਰ ਨਿਕਲਣ ਤੋਂ ਬਾਅਦ ਬਿਮਾਰ ਹੋ ਸਕਦਾ ਹੈ।
ਇਸ ਤੋਂ ਇਲਾਵਾ ਹਰਿਆਣਾ ਦੇ 10 ਸ਼ਹਿਰਾਂ ਅੰਬਾਲਾ, ਫਰੀਦਾਬਾਦ, ਗੁਰੂਗ੍ਰਾਮ, ਜੀਂਦ, ਪੰਚਕੂਲਾ, ਰੋਹਤਕ, ਯਮੁਨਾਨਗਰ, ਹਿਸਾਰ ਅਤੇ ਕੁਰੂਕਸ਼ੇਤਰ ਵਿੱਚ AQI 500 ਨੂੰ ਪਾਰ ਕਰ ਗਿਆ ਹੈ।
ਦੀਵਾਲੀ ਦੀ ਰਾਤ ਸਿਰਸਾ ਦੇ ਪਿੰਡ ਫਰਮਾਈ ਕਲਾਂ ਵਿੱਚ ਵੀ ਪਰਾਲੀ ਸਾੜਨ ਦੀ ਘਟਨਾ ਸਾਹਮਣੇ ਆਈ ਹੈ। ਇਸ ਤੋਂ ਪਹਿਲਾਂ ਸੁਪਰੀਮ ਕੋਰਟ ਦੀ ਫਟਕਾਰ ਤੋਂ ਬਾਅਦ ਹਰਿਆਣਾ ਸਰਕਾਰ ਨੇ ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਰੋਕਣ ‘ਚ ਨਾਕਾਮ ਰਹਿਣ ‘ਤੇ 26 ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਸੀ।
11 ਅਧਿਕਾਰੀਆਂ ਨੂੰ ਚਾਰਜਸ਼ੀਟ ਕੀਤਾ ਗਿਆ ਜਦੋਂ ਕਿ 383 ਅਧਿਕਾਰੀਆਂ ਨੂੰ ਨੋਟਿਸ ਜਾਰੀ ਕੀਤੇ ਗਏ। ਇਸ ਤੋਂ ਇਲਾਵਾ ਹੁਣ ਤੱਕ 186 ਕਿਸਾਨਾਂ ਵਿਰੁੱਧ ਐਫਆਈਆਰ ਦਰਜ ਕੀਤੀ ਗਈ ਹੈ ਜਦਕਿ 34 ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।