-ਅਵਤਾਰ ਸਿੰਘ
ਮੌਜੂਦਾ ਰਿਪੋਰਟਾਂ ਅਨੁਸਾਰ ਪੂਰੀ ਦੁਨੀਆਂ ਵਿੱਚ ਕੋਰੋਨਾਵਾਇਰਸ ਦੇ ਮਾਮਲੇ 96 ਲੱਖ ਤੋਂ ਵੱਧ ਦੱਸੇ ਜਾ ਰਹੇ ਹਨ। ਇਸੇ ਤਰ੍ਹਾਂ 4.90 ਲੱਖ ਤੋਂ ਵੱਧ ਮੌਤਾਂ ਹੋਈਆਂ ਹਨ। ਭਾਰਤ ਵਿੱਚ ਇੱਕ ਦਿਨ ‘ਚ 17 ਹਜ਼ਾਰ ਮਾਮਲੇ ਸਾਹਮਣੇ ਆਏ ਹਨ। ਭਾਰਤ ‘ਚ ਕੋਰੋਨਾਵਾਇਰਸ ਦੇ ਮਾਮਲਿਆਂ ਦਾ ਅੰਕੜਾ 4.90 ਲੱਖ ਤੋਂ ਟੱਪ ਗਿਆ ਅਤੇ 15 ਹਜ਼ਾਰ ਤੋਂ ਵੱਧ ਮੌਤਾਂ ਹੋਈਆਂ ਹਨ।
ਪੰਜਾਬ ਵਿੱਚ ਵੀ ਕੁੱਲ ਮਾਮਲੇ 4,669 ਸਾਹਮਣੇ ਆਏ ਅਤੇ 120 ਮੌਤਾਂ ਹੋਈਆਂ ਹਨ। ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਅਤੇ ਕੇਂਦਰ ਸ਼ਾਸ਼ਤ ਪ੍ਰਦੇਸ਼ ਚੰਡੀਗੜ੍ਹ ਵਿੱਚ ਕੋਰੋਨਾਵਾਇਰਸ ਨਾਲ ਹੋਈਆਂ 6 ਮੌਤਾਂ ਤੋਂ ਬਾਅਦ ਵੀਰਵਾਰ ਨੂੰ ਪੀਜੀਆਈ ਵਿੱਚ ਬਿਹਾਰ ਦੇ ਇਕ ਨੌਜਵਾਨ ਦੀ ਮੌਤ ਹੋ ਗਈ। ਪੀਜੀਆਈ ਵਿੱਚ ਕੋਰੋਨਾਵਾਇਰਸ ਦੇ 25 ਮਰੀਜ਼ ਦਾਖਿਲ ਹਨ। ਚੰਡੀਗੜ੍ਹ ਵਿਚ ਕੋਰੋਨਾਵਾਇਰਸ ਦੇ 88 ਮਰੀਜ਼ ਐਕਟਿਵ ਹਨ, ਹੁਣ ਤਕ 423 ਪੀੜਤ ਸਾਹਮਣੇ ਆਏ ਸਨ।
ਇਸ ਵੇਲੇ ਸਭ ਤੋਂ ਵੱਡੀ ਮੁਸ਼ਕਲ ਦੂਜੇ ਰਾਜਾਂ ਤੋਂ ਚੰਡੀਗੜ੍ਹ ਵਿੱਚ ਦਾਖਿਲ ਹੋ ਰਹੇ ਲੋਕਾਂ ਦੀ ਹੈ ਜੋ ਬਿਨਾ ਚੈਕਿੰਗ ਤੋਂ ਸ਼ਹਿਰ ਵਿੱਚ ਆ ਰਹੇ ਹਨ। ਮੋਹਾਲੀ ਅਤੇ ਪੰਚਕੂਲਾ ਤੋਂ ਚੰਡੀਗੜ੍ਹ ਵਿੱਚ ਦਾਖਿਲ ਹੋਣ ਲਈ ਬਣੀਆਂ ਕਈ ਸੰਪਰਕ ਸੜਕਾਂ ਦੇ ਕਾਰਨ ਸ਼ਹਿਰ ਵਿੱਚ ਬਾਹਰ ਤੋਂ ਆਉਣ ਵਾਲੇ ਹਰ ਵਿਅਕਤੀ ਦੀ ਥਰਮਲ ਚੈਕਿੰਗ ਤਾਂ ਸੰਭਵ ਨਹੀਂ ਪਰ ਮੁੱਖ ਸੜਕਾਂ ‘ਤੇ ਬਾਹਰ ਦੇ ਰਾਜਾਂ ਦੇ ਨੰਬਰ ਵਾਲੇ ਵਾਹਨਾਂ ਨੂੰ ਰੋਕ ਕੇ ਚੈਕਿੰਗ ਕੀਤੀ ਜਾ ਰਹੀ ਹੈ।
ਜ਼ੀਰਕਪੁਰ ਅਤੇ ਮੋਹਾਲੀ ਦੀਆਂ ਪ੍ਰਵੇਸ਼ ਸੜਕਾਂ ਅਤੇ ਪੰਚਕੂਲਾ ਤੋਂ ਚੰਡੀਗੜ੍ਹ ਆਉਣ ਵਾਲ਼ੀਆਂ ਸੜਕਾਂ ਦੀਆਂ ਸਰਹੱਦਾਂ ਉਪਰ ਪੁਲਿਸ ਅਤੇ ਸੀ ਆਰ ਪੀ ਐਫ ਦੇ ਜਵਾਨ ਨਾਕਿਆਂ ਉਪਰ ਤਾਇਨਾਤ ਹਨ। ਉਹ ਬਾਹਰ ਤੋਂ ਆਉਣ ਵਾਲੇ ਵਾਹਨਾ ਨੂੰ ਰੋਕ ਕੇ ਚੈੱਕ ਕਰਦੇ ਹਨ ਤੇ ਉਨ੍ਹਾਂ ਦੀ ਥਰਮਲ ਸਕਰੀਨਿੰਗ ਵੀ ਹੋ ਰਹੀ ਹੈ। ਪਰ ਸੰਪਰਕ ਸੜਕਾਂ ਦੇ ਕਾਰਨ ਹਰ ਬਾਹਰ ਤੋਂ ਆਉਣ ਵਾਲੇ ਦੀ ਚੈਕਿੰਗ ਕਰਨ ਦੀ ਚੰਡੀਗੜ੍ਹ ਪ੍ਰਸ਼ਸ਼ਨ ਦੀ ਯੋਜਨਾ ਪੂਰੀ ਤਰ੍ਹਾਂ ਸਫਲ ਹੋਣ ਦੀ ਸੰਭਾਵਨਾ ਘੱਟ ਹੈ। ਚੰਡੀਗੜ੍ਹ ਦੇ ਪ੍ਰਸ਼ਾਸ਼ਕ ਵਾਰ ਵਾਰ ਕਹਿ ਰਹੇ ਹਨ ਕਿ ਬਾਹਰ ਤੋਂ ਆਉਣ ਦੇ ਮਾਮਲੇ ਵੱਧ ਰਹੇ ਹਨ। ਇਸ ਦੇ ਬਾਵਜੂਦ ਗੁਆਂਢੀ ਰਾਜਾਂ ਤੋਂ ਲੋਕ ਹਰ ਰੋਜ਼ ਚੰਡੀਗੜ੍ਹ ਆਓਂਦੇ ਜਾਂਦੇ ਹਨ। ਕੁਝ ਲੋਕ ਜੋ ਕੇਂਦਰ ਦੇ ਮਹਿਕਮਿਆਂ ਜਾਂ ਪ੍ਰਾਈਵੇਟ ਅਦਾਰਿਆਂ ਵਿਚ ਚੰਡੀਗੜ੍ਹ ਵਿੱਚ ਨੌਕਰੀ ਕਰਦੇ ਹਨ ਤੇ ਹਰ ਹਫਤੇ ਆਪਣੇ ਪਰਿਵਾਰਾਂ ਕੋਲ ਦਿੱਲੀ ਜਾਂ ਦੂਜੇ ਰਾਜਾਂ ਵਿੱਚ ਆਉਂਦੇ ਜਾਂਦੇ ਰਹਿੰਦੇ ਹਨ। ਇਥੋਂ ਤਕ ਕਿ ਪੀ ਜੀ ਆਈ ਵਿੱਚ ਉੱਤਰ ਭਾਰਤ ਤੋਂ ਹਰ ਰੋਜ਼ ਵੱਡੀ ਗਿਣਤੀ ਵਿੱਚ ਲੋਕ ਆਉਂਦੇ ਹਨ।
ਸ਼ਹਿਰ ਦੀਆਂ ਮੁੱਖ ਸਰਹਦਾਂ ਉਤੇ ਸਕੀਰਿਨਿੰਗ ਕਾਰਨ ਟ੍ਰੈਫਿਕ ਜਾਮ ਤੋਂ ਬਚਣ ਲਈ ਲੋਕ ਵਿਚਲੀਆਂ ਸੰਪਰਕ ਸੜਕਾਂ ਤੋਂ ਚੰਡੀਗੜ੍ਹ ਵਿਚ ਦਾਖਿਲ ਹੋ ਜਾਂਦੇ ਹਨ। ਹਾਲਾਂਕਿ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਲੋਕਾਂ ਨੂੰ ਹੀ ਚੰਡੀਗੜ੍ਹ ਵਿੱਚ ਦਾਖਿਲ ਹੋਣ ਦਿੱਤਾ ਜਾਂਦਾ ਜਿਨ੍ਹਾਂ ਨੇ ਵੈਬਸਾਈਟ ਉਪਰ ਰਜਿਸਟਰਡ ਕਰਵਾਇਆ ਹੋਇਆ ਹੈ। ਉਨ੍ਹਾਂ ਸਭ ਨੂੰ ਅਰੋਗਯ ਸੇਤੁ ਐੱਪ ਡਾਉਨਲੋਡ ਕਰਨ, ਵੈਬਸਾਈਟ ‘ਤੇ ਅਰਜ਼ੀ ਦੇਣ ਅਤੇ ਥਰਮਲ ਸਕਰੀਨਿੰਗ ਲਾਜ਼ਮੀ ਕਰਵਾਉਣ ਦੀ ਅਪੀਲ ਕੀਤੀ ਹੈ।