ਅਮਰੀਕਾ: ਮਿਸ਼ੀਗਨ ਦੇ ਟ੍ਰੈਵਰਸ ਸਿਟੀ ਵਿੱਚ ਸ਼ਨੀਵਾਰ ਨੂੰ ਇੱਕ ਵਾਲਮਾਰਟ ਸਟੋਰ ਵਿੱਚ ਘੱਟੋ-ਘੱਟ 11 ਲੋਕਾਂ ‘ਤੇ ਚਾਕੂ ਨਾਲ ਹਮਲਾ ਕੀਤਾ ਗਿਆ, ਜਿਨ੍ਹਾਂ ਵਿੱਚੋਂ ਛੇ ਦੀ ਹਾਲਤ ਗੰਭੀਰ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸ਼ੱਕੀ ਹਮਲਾਵਰ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਗ੍ਰੈਂਡ ਟ੍ਰੈਵਰਸ ਕਾਉਂਟੀ ਸ਼ੈਰਿਫ ਮਾਈਕਲ ਸ਼ੀਆ ਨੇ ਦੱਸਿਆ ਕਿ ਹਮਲੇ ਵਿੱਚ ਘੱਟੋ-ਘੱਟ 11 ਲੋਕ ਜ਼ਖਮੀ ਹੋਏ ਹਨ।
ਮੁਨਸਨ ਹੈਲਥਕੇਅਰ ਹਸਪਤਾਲ ਨੇ ਸੋਸ਼ਲ ਮੀਡੀਆ ਰਾਹੀਂ ਜਾਣਕਾਰੀ ਦਿੱਤੀ ਕਿ ਸਾਰੇ 11 ਜ਼ਖਮੀਆਂ ਦਾ ਉੱਤਰੀ ਮਿਸ਼ੀਗਨ ਦੇ ਉਨ੍ਹਾਂ ਦੇ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ ਅਤੇ ਉਨ੍ਹਾਂ ਸਾਰਿਆਂ ਨੂੰ ਚਾਕੂ ਨਾਲ ਸੱਟਾਂ ਲੱਗੀਆਂ ਹਨ।36 ਸਾਲਾ ਟਿਫਨੀ ਡੀਫਲ, ਜੋ ਟ੍ਰੈਵਰਸ ਸਿਟੀ ਤੋਂ ਲਗਭਗ 25 ਮੀਲ ਦੂਰ ਆਨਰ ਵਿੱਚ ਰਹਿੰਦੀ ਹੈ, ਨੇ ਕਿਹਾ ਕਿ ਜਦੋਂ ਉਹ ਪਾਰਕਿੰਗ ਵਿੱਚ ਸੀ ਤਾਂ ਉਸਨੇ ਆਪਣੇ ਆਲੇ ਦੁਆਲੇ ਹਫੜਾ-ਦਫੜੀ ਦੇਖੀ। “ਇਹ ਸੱਚਮੁੱਚ ਡਰਾਉਣਾ ਸੀ। ਮੈਂ ਅਤੇ ਮੇਰੀ ਭੈਣ ਸੱਚਮੁੱਚ ਡਰ ਗਏ ਸੀ।
ਮਿਸ਼ੀਗਨ ਸਟੇਟ ਪੁਲਿਸ ਨੇ ਕਿਹਾ ਕਿ ਸ਼ੱਕੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਸ਼ੈਰਿਫ਼ ਸ਼ੀਆ ਨੇ ਕਿਹਾ ਕਿ ਸ਼ੱਕੀ ਸ਼ਾਇਦ ਮਿਸ਼ੀਗਨ ਤੋਂ ਹੈ, ਪਰ ਉਸਨੇ ਹੋਰ ਵੇਰਵੇ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਘਟਨਾ ਦੀ ਜਾਂਚ ਜਾਰੀ ਹੈ ਅਤੇ ਅਧਿਕਾਰੀ ਹਮਲੇ ਦੇ ਪਿੱਛੇ ਦੇ ਉਦੇਸ਼ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਦੌਰਾਨ, ਮਿਸ਼ੀਗਨ ਦੀ ਗਵਰਨਰ ਗ੍ਰੇਚੇਨ ਵਿਟਮਰ ਨੇ ਪੀੜਤਾਂ ਪ੍ਰਤੀ ਆਪਣੀ ਡੂੰਘੀ ਸੰਵੇਦਨਾ ਪ੍ਰਗਟ ਕੀਤੀ ਹੈ।
ਵਾਲਮਾਰਟ ਨੇ ਵੀ ਇਸ ਘਟਨਾ ‘ਤੇ ਇੱਕ ਬਿਆਨ ਜਾਰੀ ਕੀਤਾ ਹੈ । ਜਿਸ ਵਿੱਚ ਕਿਹਾ ਗਿਆ ਹੈ ਕਿ ਉਹ ਜਾਂਚ ਵਿੱਚ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨਾਲ ਪੂਰਾ ਸਹਿਯੋਗ ਕਰ ਰਹੇ ਹਨ।ਇਸ ਤਰ੍ਹਾਂ ਦੀ ਹਿੰਸਾ ਅਸਵੀਕਾਰਨਯੋਗ ਹੈ।