ਨਿਊਜ਼ ਡੈਸਕ: ਹਰਿਆਣਾ ਦੇ ਯੂਟਿਊਬਰ ਅਰਮਾਨ ਮਲਿਕ ਦੀ ਪਤਨੀ ਅਤੇ ਬਿੱਗ ਬੌਸ OTT ਸੀਜ਼ਨ 3 ‘ਚ ਨਜ਼ਰ ਆਈ ਪਾਇਲ ਮਲਿਕ ਨੇ ਪਟਿਆਲਾ ਸਥਿਤ ਕਾਲੀ ਮਾਤਾ ਮੰਦਰ ‘ਚ ਪਹੁੰਚ ਕੇ ਮੁਆਫੀ ਮੰਗੀ। ਪਾਇਲ ਨੇ ਹਾਲ ਹੀ ‘ਚ ਮਾਂ ਕਾਲੀ ਦੇ ਰੂਪ ‘ਚ ਇੱਕ ਵੀਡੀਓ ਬਣਾਇਆ ਸੀ, ਜਿਸ ‘ਤੇ ਸ਼ਿਵ ਸੈਨਾ ਹਿੰਦ ਨੇ ਸਖ਼ਤ ਇਤਰਾਜ਼ ਜਤਾਇਆ ਸੀ। ਸ਼ਿਵ ਸੈਨਾ ਹਿੰਦ ਨੇ 20 ਜੁਲਾਈ ਨੂੰ ਮੋਹਾਲੀ ਦੇ ਜ਼ੀਰਕਪੁਰ ‘ਚ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ।
ਸ਼ਿਵ ਸੈਨਾ ਹਿੰਦ ਦੇ ਰਾਸ਼ਟਰੀ ਮਹਾਸਕੱਤਰ ਦੀਪਾਂਸ਼ੂ ਸੂਦ ਨੇ ਕਿਹਾ ਸੀ ਕਿ ਪਾਇਲ ਨੇ ਮਾਂ ਕਾਲੀ ਦੇ ਸਵਰੂਪ ਨੂੰ ਅਪਮਾਨਜਨਕ ਤਰੀਕੇ ਨਾਲ ਪੇਸ਼ ਕੀਤਾ, ਜਿਸ ਨਾਲ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ।
ਇਸ ਦੇ ਬਾਅਦ ਮੰਗਲਵਾਰ ਨੂੰ ਪਾਇਲ ਆਪਣੇ ਪਤੀ ਅਰਮਾਨ ਮਲਿਕ ਨਾਲ ਕਾਲੀ ਮਾਤਾ ਮੰਦਰ ਪਹੁੰਚੀ। ਮੁਆਫੀ ਮੰਗਦਿਆਂ ਪਾਇਲ ਨੇ ਕਿਹਾ ਕਿ ਉਨ੍ਹਾਂ ਦਾ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਕੋਈ ਇਰਾਦਾ ਨਹੀਂ ਸੀ। ਉਨ੍ਹਾਂ ਨੇ ਵਾਅਦਾ ਕੀਤਾ ਕਿ ਭਵਿੱਖ ‘ਚ ਅਜਿਹੀ ਗਲਤੀ ਨਹੀਂ ਦੁਹਰਾਉਣਗੇ।
ਪਾਇਲ ਨੇ ਕਿਹਾ, “ਮੇਰੀ ਧੀ ਮਾਂ ਕਾਲੀ ਦੀ ਭਗਤ ਹੈ। ਉਹ ਸਾਰਾ ਸਮਾਂ ਮਾਂ ਕਾਲੀ ਦਾ ਨਾਮ ਜਪਦੀ ਰਹਿੰਦੀ ਹੈ। ਮੈਂ ਸੋਚਿਆ ਕਿ ਮੈਂ ਆਪਣੀ ਧੀ ਲਈ ਮਾਂ ਕਾਲੀ ਦਾ ਰੂਪ ਬਣਾਵਾਂ। ਸ਼ਾਇਦ ਮੇਰੇ ਤੋਂ ਵੱਡੀ ਗਲਤੀ ਹੋ ਗਈ। ਮੈਂ ਸਾਰੇ ਲੋਕਾਂ ਅਤੇ ਸੰਗਠਨਾਂ ਤੋਂ ਹੱਥ ਜੋੜ ਕੇ ਮੁਆਫੀ ਮੰਗਦੀ ਹਾਂ।”
ਪਾਇਲ ਨੇ ਅੱਗੇ ਦੱਸਿਆ ਕਿ ਉਨ੍ਹਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਸੀ ਅਤੇ ਉਨ੍ਹਾਂ ਨੇ ਵੀਡੀਓ ਨੂੰ 3 ਮਹੀਨੇ ਪਹਿਲਾਂ ਹੀ ਹਟਾ ਦਿੱਤਾ ਸੀ। ਪਰ ਕੁਝ ਲੋਕਾਂ ਨੇ ਇਸ ਵੀਡੀਓ ਨੂੰ ਸਾਂਭ ਕੇ ਅੱਗੇ ਸ਼ੇਅਰ ਕੀਤਾ।
ਸ਼ਿਵ ਸੈਨਾ ਹਿੰਦ ਦੇ ਰਾਸ਼ਟਰੀ ਮਹਾਸਕੱਤਰ ਦੀਪਾਂਸ਼ੂ ਸੂਦ ਨੇ ਮੋਹਾਲੀ ਦੇ ਥਾਣਾ ਢਕੋਲੀ ‘ਚ ਸ਼ਿਕਾਇਤ ਦਰਜ ਕਰਵਾਈ ਸੀ। ਸ਼ਿਕਾਇਤ ‘ਚ ਲਿਖਿਆ ਗਿਆ ਸੀ ਕਿ ਪਾਇਲ ਮਲਿਕ ਨੇ ਮਾਂ ਕਾਲੀ ਦੇ ਸਵਰੂਪ ਨੂੰ ਅਸੰਵੇਦਨਸ਼ੀਲ ਅਤੇ ਅਪਮਾਨਜਨਕ ਤਰੀਕੇ ਨਾਲ ਪੇਸ਼ ਕੀਤਾ, ਜਿਸ ਨਾਲ ਸਨਾਤਨ ਧਰਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ। ਸੂਦ ਨੇ ਆਈਟੀ ਐਕਟ ਦੀਆਂ ਧਾਰਾਵਾਂ ਅਧੀਨ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਸੀ ਅਤੇ ਚੇਤਾਵਨੀ ਦਿੱਤੀ ਸੀ ਕਿ ਜੇ 72 ਘੰਟਿਆਂ ‘ਚ ਕਾਰਵਾਈ ਨਾ ਹੋਈ ਤਾਂ ਸ਼ਿਵ ਸੈਨਾ ਹਿੰਦ ਦੇਸ਼ ਵਿਆਪੀ ਸ਼ਾਂਤੀਪੂਰਨ ਅੰਦੋਲਨ ਸ਼ੁਰੂ ਕਰੇਗੀ।