ਕੋਵਿਡ-19 ਦੇ ਪ੍ਰਕੋਪ ਤੋਂ ਰਾਹਤ ਦਿਵਾ ਰਿਹਾ ਹੈ ਪੀ ਏ ਯੂ ਦੀ ਹਰੀ-ਭਰੀ ਖ਼ੂਬਸੂਰਤੀ ਵਾਲਾ ਕੈਂਪਸ

TeamGlobalPunjab
4 Min Read

ਲੁਧਿਆਣਾ : ਅੱਜ ਜਦੋਂ ਸਾਰੀ ਦੁਨੀਆਂ ਕੋਵਿਡ-19 ਦਾ ਪ੍ਰਕੋਪ ਸਹਿ ਰਹੀ ਹੈ ਅਤੇ ਸਰਕਾਰਾਂ ਲੋਕਾਂ ਨੂੰ ਇਸ ਤੋਂ ਬਚਾਉਣ ਲਈ ਯਤਨਸ਼ੀਲ ਹਨ ਤਾਂ ਕਹਿ ਸਕਦੇ ਹਾਂ ਕਿ ਇਹ ਸੰਕਟ ਸਾਡੇ ਜੀਣ ਦੇ ਤਰੀਕਿਆਂ ਨੂੰ ਬਦਲ ਰਿਹਾ ਹੈ ਅਤੇ ਸਾਨੂੰ ਮੁੜ ਕੁਦਰਤ ਵੱਲ ਪਰਤਣ ਦਾ ਰਾਹ ਦੱਸ ਰਿਹਾ ਹੈ। ਠਹਿਰਾਓ ਦੇ ਇਸ ਸਮੇਂ ਵਿੱਚ ਕੁਦਰਤ ਮੁੜ ਮੌਲ਼ ਉੱਠੀ ਹੈ। ਪੰਜਾਬ ਖੇਤੀਬਾੜੀ ਯੂਨੀਵਰਸਟੀ (ਪੀ ਏ ਯੂ) ਕੈਂਪਸ ਇੱਕ ਵਿੱਦਿਅਕ ਅਦਾਰੇ ਦੇ ਨਾਲ ਨਾਲ ਸ਼ਹਿਰ ਵਾਸੀਆਂ ਲਈ ਪਸੰਦੀਦਾ ਸੈਰਗਾਹ ਵੀ ਹੈ ਜਿਸ ਦਾਂ ਕੁਦਰਤੀ ਜਲਵਾ ਅੱਜ-ਕੱਲ੍ਹ ਸਿਖਰਾਂ ਤੇ ਹੈ ਤਾਲਾਬੰਦੀ ਦੌਰਾਨ ਸਾਰੀਆਂ ਸਰਕਾਰੀ ਅਤੇ ਨਿੱਜੀ ਸੰਸਥਾਵਾਂ ਬੰਦ ਰਹੀਆਂ।

 

ਇਸ ਦੌਰਾਨ 494 ਹੈਕਟੇਅਰ ਵਿਚ ਫੈਲਿਆ ਪੀ ਏ ਯੂ ਕੈਂਪਸ ਪਹਿਲਾਂ ਨਾਲੋਂ ਵੱਧ ਹਰਿਆ- ਭਰਿਆ, ਰੰਗੀਨ ਅਤੇ ਮਹਿਕਦਾਰ ਫੁੱਲਾਂ ਦਾ ਘਰ ਬਣਿਆ ਹੋਇਆ ਹੈ। ਏਥੇ ਰੁੱਖਾਂ, ਪੌਦਿਆਂ, ਵੇਲਾਂ, ਝਾੜੀਆਂ, ਗੁਲਾਬਾਂ, ਮੌਸਮੀ ਫੁੱਲਾਂ ਅਤੇ ਅੰਦਰੂਨੀ ਸਜਾਵਟੀ ਬੂਟਿਆਂ ਦੀਆਂ 180 ਤੋਂ ਵਧੇਰੇ ਕਿਸਮਾਂ ਖੂਬਸੂਰਤੀ ਬਖੇਰ ਰਹੀਆਂ ਹਨ। ਇਸ ਬਾਰੇ ਜਾਣਕਾਰੀ ਦਿੰਦਿਆਂ ਲੈਂਡਸਕੇਪਿੰਗ ਮਾਹਿਰ ਡਾ ਆਰ ਕੇ ਦੁਬੇ ਨੇ ਦੱਸਿਆ ਕਿ ਪੀ ਏ ਯੂ ਦੀ ਹਰਿਆਲੀ ਅਤੇ ਖੂਬਸੂਰਤੀ ਡਾ ਮਹਿੰਦਰ ਸਿੰਘ ਰੰਧਾਵਾ ਦਾ ਸੁਪਨਾ ਸੀ।

 

- Advertisement -

ਮੌਜੂਦਾ ਵਾਈਸ ਚਾਂਸਲਰ ਡਾ ਬਲਦੇਵ ਸਿੰਘ ਢਿੱਲੋਂ ਨੇ ਮਨੁੱਖੀ ਜੀਵਨ ਵਿਚ ਕੁਦਰਤ ਦੇ ਮੱਹਤਵ ਨੂੰ ਹਮੇਸ਼ਾ ਉਤਸ਼ਾਹਿਤ ਕੀਤਾ ਹੈ। ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਸਮੇਂ ਉਨਾਂ ਵੱਖ- ਵੱਖ ਕਿਸਮਾਂ ਦੇ 550 ਪੌਦੇ ਲਗਵਾਏ ਸਨ। ਪੇਂਡੂ ਜੀਵਨ ਦਾ ਅਜਾਇਬ ਘਰ, ਡਾ ਮਨਮੋਹਨ ਸਿੰਘ ਆਡੀਟੋਰੀਅਮ, ਬੋਟੈਨਿਕਲ ਗਾਰਡਨ, ਥਾਪਰ ਹਾਲ, ਡਾ ਖੇਮ ਸਿੰਘ ਗਿੱਲ ਕਿਸਾਨ ਸੇਵਾ ਕੇਂਦਰ, ਐਮ ਐਸ ਰੰਧਾਵਾ ਲਾਇਬ੍ਰੇਰੀ, ਹਾਕੀ ਸਟੇਡੀਅਮ ਅਤੇ ਖੇਡ ਮੈਦਾਨਾਂ ਦੀ ਸਜਾਵਟ ਲਈ ਕਈ ਕਿਸਮਾਂ ਦੇ ਬੂਟੇ ਆਕਰਸ਼ਣ ਦਾ ਕੇਂਦਰ ਬਣੇ ਹੋਏ ਹਨ। ਪੀ ਏ ਯੂ ਕੈਂਪਸ ਦੀਆਂ ਸੜਕਾਂ ਦਾ ਨਾਮਕਰਨ ਵੀ ਇਨ੍ਹਾਂ ਸਜਾਵਟੀ ਰੁੱਖਾਂ ਦੇ ਨਾਮ ਉੱਪਰ ਕੀਤਾ ਗਿਆ ਹੈ ਜਿਵੇਂ ਰੈੱਡ ਗੁਲਮੋਹਰ ਮਾਰਗ,ਨੀਲੀ ਗੁਲਮੋਹਰ ਮਾਰਗ, ਅਮਲਤਾਸ ਅਤੇ ਮਹੋਗਨੀ ਮਾਰਗ ਆਦਿ। ਛਾਂ-ਦਾਰ ਦਰੱਖਤਾਂ ਵਿਚ ਨਿੰਮ, ਅੰਬ,ਮੌਲਸਰੀ,ਸਤਪਤੀਆ, ਪਿਲਕਣ,ਧਰੇਕ,ਅਸ਼ੋਕ ਅਤੇ ਸੀਤਾ ਅਸ਼ੋਕ ਗਰਮੀਆਂ ਵਿਚ ਪੈਦਲ ਮੁਸਾਫ਼ਰਾਂ ਉੱਪਰ ਛਾਂ ਕਰਦੇ ਹਨ। ਮੁਰਾਇਆ,ਬੋਗਨਵਿਲਾ,ਹਮੇਲੀਆ, ਕੈਸੀਆ,ਮੋਰਪੰਖ,ਟੇਕੋਮਾ, ਪੀਲ਼ੀ ਕਨੇਰ, ਜੈਸਮੀਨ, ਰਾਤ-ਰਾਣੀ,ਦਿਨ ਕਾ ਰਾਜਾ, ਗਾਰਡੇਨਿਆ,ਫਾਇਕਸ, ਚਾਂਦਨੀ ਆਦਿ ਦੀਆਂ ਝਾੜੀਦਾਰ ਬੂਟਿਆਂ ਨੂੰ ਵੱਖ-ਵੱਖ ਹੋਸਟਲਾਂ, ਵਿਭਾਗਾਂ, ਰਿਹਾਇਸ਼ੀ ਖੇਤਰ ਅਤੇ ਕੈਫੀਟੇਰੀਆ ਕੋਲ ਬਹੁਤ ਸਲੀਕੇ ਨਾਲ ਸਜਾਇਆ ਗਿਆ ਹੈ।

 

ਇਸੇ ਤਰ੍ਹਾਂ ਅੰਦਰੂਨੀ ਸਜਾਵਟੀ ਬੂਟੇ ਜਿਵੇਂ ਡਰਾਕੇਨਾ,ਸਿੰਗੋਨੀਅਮ,ਮਨੀ ਪਲਾਂਟ,ਕਰੋਟਨ,ਜ਼ੇਬਰੀਨਾ,ਬੇਗੋਨਿਆ, ਫਿਲੋਦੇਂਦਰੋਂ,ਸ਼ਿਫੇਰਾ,ਆਦਿ ਸਜਾਵਟ ਵਿਚ ਵਾਧਾ ਕਰ ਰਹੇ ਹਨ ਤਾਂ ਝੁਮਕਾ, ਗੋਲਡਨ ਸ਼ਾਵਰ, ਵਿਸਟੇਰੀਆ ਅਤੇ ਪੀਲ਼ੀ ਕਮੇਲੀ ਆਦਿ ਵੇਲਾਂ ਰੰਗੀਨ ਰੰਗਤ ਬਿਖੇਰ ਰਹੀਆਂ ਹਨ। ਪਾਮ ਅਤੇ ਸਿਸਾਡਸ ਨੇ ਕੈਂਪਸ ਦੀ ਸੁੰਦਰਤਾ ਵਿਚ ਬਹੁਤ ਯੋਗਦਾਨ ਪਾਇਆ ਹੈ। ਸਰਦੀਆਂ ਵਾਲੇ ਸਲਾਨਾ ਪੌਦੇ ਜਿਵੇਂ ਫਲੋਕਸ,ਆਇਸ ਪਲਾਂਟ,ਡਾਗ ਫਲਾਵਰ, ਵਰਬੇਨਾ, ਅਸਟਰ, ਡੇਜ਼ੀ,ਪੈਂਸੀ, ਪੇਟੂਨੀਆ, ਮਾਰੀ ਗੋਲਡ,ਕਲੰਡੂਲਾ, ਸਵੀਟ ਪੀਅ, ਸਵੀਟ ਵਿਲੀਅਮ, ਸਵੀਟ ਅਲਿਸਮ,ਸਥਾਨਕ ਅਤੇ ਦੋਗਲੇ ਗੁਲਾਬ, ਗੁਲਦਾਉਂਦੀ,ਸਜਾਵਟੀ ਪੌਪੀ,ਲਾਰਕਸਪੁਰ ਆਦਿ ਕੈਂਪਸ ਦੇ ਹਰ ਕੋਨੇ ਵਿਚ ਆਪਣੀ ਆਭਾ ਬਿਖੇਰ ਰਹੇ ਹਨ। ਇਨ੍ਹਾਂ ਰੁੱਖਾਂ, ਬੂਟਿਆਂ ਕਾਰਨ ਕੈਂਪਸ ਮੋਰਾਂ, ਗੁਟਾਰਾਂ,ਕਾਵਾਂ, ਮੈਨਾ, ਲਾਲ ਬੁਲਬੁਲ,ਕੋਇਲ ਆਦਿ ਪੰਛੀਆਂ ਦਾ ਟਿਕਾਣਾ ਬਣਿਆ ਹੋਇਆ ਹੈ।

ਇਨ੍ਹਾਂ ਸਭ ਕਿਸਮਾਂ ਦੇ ਪੌਦੇ ਯੂਨੀਵਰਸਿਟੀ ਕੈਂਪਸ ਵਿਚ ਉਗਾਏ ਤਾਂ ਜਾਂਦੇ ਹੀ ਹਨ ਨਾਲ ਹੀ ਪੰਜਾਬ ਅਤੇ ਦੇਸ਼ ਭਰ ਦੇ ਰੁੱਖ ਪ੍ਰੇਮੀਆਂ/ ਖੋਜੀਆਂ ਨੂੰ ਮੁਹਈਆ ਕਰਾਉਣ ਲਈ ਲੈਂਡਸਕੇਪ ਨਰਸਰੀ ਵੀ ਹੈ। ਪੀ ਏ ਯੂ ਕੈਂਪਸ ਸਥਾਨਕ ਲੋਕਾਂ ਲਈ ਸੈਰ ਅਤੇ ਸਾਇਕਲਿੰਗ ਦੀ ਪਸੰਦੀਦਾ ਜਗ੍ਹਾ ਹੈ। ਹਰਿਆਲੀ ਅਤੇ ਖ਼ੁਸ਼ਬੂ ਨਾਲ ਮਨੁੱਖੀ ਮਨ ਨੂੰ ਤਾਜ਼ਗੀ, ਸੁੰਦਰਤਾ ਅਤੇ ਊਰਜਾ ਨਾਲ ਭਰ ਦੇਣ ਵਾਲੀ ਪੀ ਏ ਯੂ ਕੈਂਪਸ ਅੱਜ-ਕੱਲ੍ਹ ਆਕਰਸ਼ਣ ਦਾ ਕੇਂਦਰ ਬਣੀ ਹੋਈ ਹੈ।

Share this Article
Leave a comment