ਪੀ ਏ ਯੂ ਦੇ ਵਿਦਿਆਰਥੀ ਕਰੋਨਾ ਵਾਇਰਸ ਤੋਂ ਬਚਾਅ ਲਈ ਬਣਾ ਰਹੇ ਹਨ ਸੁਰੱਖਿਅਤ ਮਾਸਕ

TeamGlobalPunjab
3 Min Read

ਲੁਧਿਆਣਾ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਕਮਿਊਨਿਟੀ ਸਾਇੰਸ ਕਾਲਜ ਦੇ ਐਪਰਿਲ ਅਤੇ ਟੈਕਸਟਾਈਲ ਸਾਇੰਸ ਵਿਭਾਗ ਦੇ ਵਿਦਿਆਰਥੀ ਕਰੋਨਾ ਵਾਇਰਸ ਦੀ ਮਹਾਂਮਾਰੀ ਤੋਂ ਸੁਰੱਖਿਆ ਲਈ ਮਾਸਕ ਤਿਆਰ ਕਰ ਰਹੇ ਹਨ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਾਲਜ ਦੇ ਡੀਨ ਡਾ ਸੰਦੀਪ ਬੈਂਸ ਨੇ ਦੱਸਿਆ ਕਿ ਇਸ ਸੰਕਟ ਦੀ ਘੜੀ ਵਿਚ ਐਪਰਿਲ ਅਤੇ ਟੈਕਸਟਾਈਲ ਸਾਇੰਸ ਵਿਭਾਗ ਦੀ ਟੀਮ ਦੇ ਖੋਜ ਸਹਿਯੋਗੀਆਂ ਅਤੇ ਵਿਦਿਆਰਥੀਆਂ ਨੇ ਲੌਕਡਾਊਨ ਦੌਰਾਨ ਕੁਝ ਹੀ ਦਿਨਾਂ ਵਿਚ ਘਰਾਂ ਤੋਂ ਹੀ 4950 ਮਾਸਕ ਬਣਾਏ ਹਨ ਅਤੇ ਇਸ ਕਾਰਜ ਲਗਾਤਾਰ ਜਾਰੀ ਹੈ। ਇਹ ਮਾਸਕ ਸੂਤੀ ਕੱਪੜੇ ਦੀ ਦੋਹਰੀ ਪਰਤ ਨਾਲ ਬਣੇ ਹਨ ਅਤੇ ਇਨ੍ਹਾਂ ਦੀਆਂ ਦੋ ਵੰਨਗੀਆਂ ਮੌਜੂਦ ਹਨ। ਇਕ ਤਰ੍ਹਾਂ ਦੇ ਮਾਸਕ ਇਲਾਸਟਿਕ ਸਮੇਤ ਅਤੇ ਦੂਜੇ ਤਣੀਆਂ ਸਮੇਤ ਮਿਲ ਸਕਦੇ ਹਨ।

ਉਨ੍ਹਾਂ ਦੱਸਿਆ ਕਿ ਮਾਸਕ ਪਹਿਨਣਾ ਲਾਜ਼ਮੀ ਹੋਣ ਤੋਂ ਬਾਅਦ ਨਾ ਸਿਰਫ ਸਿਹਤ ਸੁਰੱਖਿਆ ਲਈ ਲੱਗੇ ਕਰਮਚਾਰੀਆਂ ਬਲਕਿ ਆਮ ਲੋਕਾਂ ਲਈ ਵੀ ਮਾਸਕ ਪਹਿਨਣਾ ਜ਼ਰੂਰੀ ਹੋ ਗਿਆ ਹੈ। ਲਿਹਾਜ਼ਾ ਬਜ਼ਾਰ ਵਿਚ ਮਾਸਕ ਦੀ ਥੁੜ ਦੀ ਸਥਿਤੀ ਪੈਦਾ ਹੋਈ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਯੂਨੀਵਰਸਿਟੀ ਦੇ ਮੁਲਾਜ਼ਮਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਪਹਿਲਾਂ ਹੀ ਬਣਾਏ ਗਏ ਮਾਸਕ ਲੌਕਡਾਉਨ ਤੋਂ ਇਕ ਦਿਨ ਪਹਿਲਾਂ ਹੀ ਸਟਾਫ ਨੂੰ ਮੁਹਈਆ ਕਰਵਾਏ ਗਏ ਸਨ। ਡਾ ਬੈਂਸ ਨੇ ਇਹ ਵੀ ਦੱਸਿਆ ਕਿ 2011 ਵਿਚ ਵਿਭਾਗ ਦੇ ਖੋਜ ਵਿਗਿਆਨੀਆਂ ਮਿਸ ਰਾਜਦੀਪ ਅਤੇ ਮਿਸ ਮਨੀਸ਼ਾ ਵਲੋਂ ਆਲ ਇੰਡੀਆ ਕੋਆਰਡੀਨੇਟਡ ਖੋਜ ਪ੍ਰਾਜੈਕਟ ਤਹਿਤ ਫ਼ਾਰਮ ਕਰਮਚਾਰੀਆਂ ਦੀ ਸੁਰੱਖਿਆ ਲਈ ਮਾਸਕ ਅਤੇ ਹੋਰ ਵਸਤਰ ਡਿਜ਼ਾਈਨ ਕੀਤੇ ਗਏ ਸਨ। ਇਹ ਨਿੱਜੀ ਸੁਰੱਖਿਆ ਉਪਕਰਣ ਪੁਰਾਣੇ ਕੱਪੜਿਆਂ ਤੋਂ ਬਣਾ ਕੇ ਕਿਸੇ ਵੀ ਤਰ੍ਹਾਂ ਦੀ ਸੱਟ, ਇਨਫੈਕਸ਼ਨ ਜਾਂ ਹੋਰ ਸੰਕਟ ਵੇਲੇ ਮਨੁੱਖੀ ਸੁਰੱਖਿਆ ਲਈ ਇਸਤੇਮਾਲ ਕੀਤੇ ਜਾ ਸਕਦੇ ਹਨ। ਨਿੱਜੀ ਸੁਰੱਖਿਆ ਉਪਕਰਣਾਂ ਵਿਚ ਦਸਤਾਨੇ, ਮਾਸਕ, ਗਾਊਨ, ਚਿਹਰੇ ਦੇ ਬਚਾਅ ਲਈ ਪਰਦਾ, ਅੱਖਾਂ ਅਤੇ ਸਿਰ ਢੱਕਣ ਵਾਲੇ ਕੱਪੜੇ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ ਪੀ ਏ ਯੂ ਦੇ ਫਾਰਮ ਕਰਮਚਾਰੀ ਇਨ੍ਹਾਂ ਵਸਤਰਾਂ ਦੀ ਵਰਤੋਂ ਭਿੰਡੀ, ਸੋਆਬੀਨ, ਗੰਨੇ ਆਦਿ ਦੀ ਖੇਤੀ ਲਈ ਕਰਦੇ ਰਹੇ ਹਨ।

ਇਸ ਤੋਂ ਇਲਾਵਾ ਬੇਰਾਂ ਦੀਆਂ ਕੰਡਿਆਲੀਆਂ ਟਹਿਣੀਆਂ ਤੋਂ ਬਚਣ ਲਈ ਅਤੇ ਕਣਕ ਦੀ ਵਾਢੀ ਸਮੇਂ ਵੀ ਇਨ੍ਹਾਂ ਵਸਤਰਾਂ ਦੀ ਵਰਤੋਂ ਹੁੰਦੀ ਰਹੀ ਹੈ। ਕਿਸਾਨਾਂ ਦੀ ਮੰਗ ਅਨੁਸਾਰ ਕਿਸਾਨ ਮੇਲਿਆਂ ਉੱਪਰ ਇਨ੍ਹਾਂ ਸੁਰੱਖਿਆ ਵਸਤਰਾਂ ਦੀ ਵਿਕਰੀ ਵੀ ਹੁੰਦੀ ਰਹੀ ਹੈ।

- Advertisement -

ਪੀ ਏ ਯੂ ਦੇ ਵਾਈਸ ਚਾਂਸਲਰ ਡਾ ਬਲਦੇਵ ਸਿੰਘ ਢਿੱਲੋਂ ਨੇ ਐਪਰਿਲ ਅਤੇ ਟੈਕਸਟਾਈਲ ਵਿਭਾਗ ਦੇ ਇਸ ਕਦਮ ਦੀ ਪ੍ਰਸ਼ੰਸਾ ਕਰਦਿਆਂ ਇਨ੍ਹਾਂ ਮਾਸਕਾਂ ਨੂੰ ਅੱਜ ਦੇ ਸਮੇਂ ਦੀ ਲੋੜ ਇਨ੍ਹਾਂ ਮਾਸਕਾਂ ਨੂੰ ਫਾਰਮ ਸਟਾਫ, ਸੁਰੱਖਿਆ ਅਮਲੇ ਲਈ ਮੁਹਈਆ ਕਰਾਉਣ ਦੀ ਲੋੜ ਉੱਪਰ ਜ਼ੋਰ ਦਿੱਤਾ।

Share this Article
Leave a comment