ਚੰਡੀਗੜ੍ਹ, (ਅਵਤਾਰ ਸਿੰਘ): ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ.ਏ.ਯੂ.) ਨੇ ਜਗਰਾਓਂ ਦੇ ਮਿਸ ਸ਼ਰੁਤੀ ਗੋਇਲ, ਮਾਲਕ ਸਵਾਦਮ ਲਾਭ ਨਾਲ ਇੱਕ ਸੰਧੀ ਉਪਰ ਦਸਤਖਤ ਕੀਤੇ। ਇਹ ਸੰਧੀ ਕੱਦੂ ਦੇ ਮਗਜ਼ ਦੇ ਆਟੇ ਦੀ ਤਕਨੀਕ ਦੇ ਵਪਾਰੀਕਰਨ ਲਈ ਕੀਤੀ ਗਈ ਪੀ.ਏ.ਯੂ. ਵੱਲੋਂ ਡਾ. ਨਵਤੇਜ ਸਿੰਘ ਬੈਂਸ ਅਤੇ ਸਵਾਦਮ ਲਾਭ ਵੱਲੋਂ ਕੁਮਾਰੀ ਸ਼ਰੁਤੀ ਗੋਇਲ ਨੇ ਸਮਝੌਤੇ ਦੀਆਂ ਸ਼ਰਤਾਂ ਉਪਰ ਦਸਤਖਤ ਕੀਤੇ। ਇਸ ਸਮਝੌਤੇ ਅਨੁਸਾਰ ਸਵਾਦਮ ਲਾਭ ਨੂੰ ਭਾਰਤ ਵਿੱਚ ਇਸ ਤਕਨੀਕ ਦੇ ਵਪਾਰੀਕਰਨ ਦੇ ਅਧਿਕਾਰ ਪ੍ਰਾਪਤ ਹੋਏ ਹਨ।
ਜ਼ਿਕਰਯੋਗ ਹੈ ਕਿ ਇਹ ਤਕਨੀਕ ਸਾਂਝੇ ਰੂਪ ਵਿੱਚ ਭੋਜਨ ਅਤੇ ਪੋਸ਼ਣ ਵਿਭਾਗ ਦੇ ਸਹਿਯੋਗੀ ਪ੍ਰੋਫੈਸਰ ਡਾ. ਸੋਨਿਕਾ ਸ਼ਰਮਾ ਅਤੇ ਵਧੀਕ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਵੱਲੋਂ ਵਿਕਸਿਤ ਕੀਤੀ ਗਈ ਹੈ। ਡਾ. ਢੱਟ ਨੇ ਦੱਸਿਆ ਕਿ ਇਸ ਤਕਨੀਕ ਲਈ ਪੀ.ਏ.ਯੂ. ਵੱਲੋਂ ਵਿਕਸਿਤ ਕੀਤੀ ਕੱਦੂਆਂ ਦੀ ਕਿਸਮ ਪੰਜਾਬ ਸਮਰਾਟ ਦੀ ਵਰਤੋਂ ਕੀਤੀ ਗਈ ਜਿਸ ਨਾਲ ਕੱਦੂ ਦੀ ਫ਼ਸਲ ਮੁੱਲ ਵਾਧੇ ਦਾ ਹਿੱਸਾ ਬਣੇਗੀ ਅਤੇ ਕੱਦੂ ਦੀ ਕਾਸ਼ਤ ਨੂੰ ਹੋਰ ਉਤਸ਼ਾਹ ਮਿਲੇਗਾ। ਉਹਨਾਂ ਨੇ ਫ਼ਸਲੀ ਵਿਭਿੰਨਤਾ ਦੇ ਨਜ਼ਰੀਏ ਤੋਂ ਵੀ ਕੱਦੂ ਦੀ ਫ਼ਸਲ ਅਤੇ ਇਸਦੇ ਮਗਜ਼ਾਂ ਦੇ ਲਾਭ ਬਾਰੇ ਗੱਲ ਕੀਤੀ। ਉਹਨਾਂ ਇਹ ਵੀ ਕਿਹਾ ਕਿ ਇਸ ਤਰ੍ਹਾਂ ਤਿਆਰ ਕੀਤਾ ਆਟਾ ਭੋਜਨ ਉਦਯੋਗ ਸੰਬੰਧੀ ਹੋਰ ਮੌਕੇ ਪੈਦਾ ਕਰਨ ਵਿੱਚ ਸਹਾਈ ਹੋਵੇਗਾ। ਡਾ. ਸੋਨਿਕਾ ਸ਼ਰਮਾ ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੱਦੂ ਦੇ ਮਗਜ਼ ਆਮ ਤੌਰ ‘ਤੇ ਘਰਾਂ ਅਤੇ ਵਪਾਰਕ ਥਾਵਾਂ ਤੇ ਸੁੱਟ ਦਿੱਤੇ ਜਾਂਦੇ ਹਨ ਜਦਕਿ ਇਹਨਾਂ ਦੀ ਪੋਸ਼ਣ ਮਹੱਤਤਾ ਬਿਨ ਸਾਲ ਹੈ। ਇਸ ਵਿੱਚ ਨਮੀ ਯੁਕਤ ਪ੍ਰੋਟੀਨ, ਫੈਟ ਫਾਈਬਰ, ਆਇਰਨ, ਜ਼ਿੰਕ ਆਦਿ ਦੇ ਤੱਤ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ।
ਉਹਨਾਂ ਕਿਹਾ ਕਿ ਮਗਜ਼ਾਂ ਤੋਂ ਬਣਿਆ ਆਟਾ ਕਈ ਘਰੇਲੂ ਉਤਪਾਦਾਂ ਜਿਵੇਂ ਪੰਜੀਰੀ, ਮੇਥੀ ਅਤੇ ਕੁਕੀਜ਼ ਬਨਾਉਣ ਵਿੱਚ ਸਹਾਈ ਹੁੰਦੀ ਹੈ। ਅੰਡਜੰਕਟ ਪ੍ਰੋਫੈਸਰ ਡਾ. ਐਸ ਐਸ ਚਾਹਲ ਨੇ ਦੱਸਿਆ ਕਿ ਪੀ.ਏ.ਯੂ. ਨੇ ਹੁਣ ਤੱਕ 59 ਤਕਨੀਕਾਂ ਦੇ ਵਪਾਰੀਕਰਨ ਲਈ 238 ਸੰਧੀਆਂ ਕੀਤੀਆਂ ਹਨ।