ਪਠਾਨਕੋਟ ਦੇ ਨੌਜਵਾਨ ਨੂੰ ਕਿਸੇ ਦੀ ਮਦਦ ਕਰਨੀ ਪਈ ਭਾਰੀ! ਸਾਊਦੀ ਅਰਬ ’ਚ ਸੁਣਾਈ ਗਈ ਫਾਂਸੀ ਦੀ ਸਜ਼ਾ; ਪਰਿਵਾਰ ਨੇ ਦੱਸੀ ਪੂਰੀ ਕਹਾਣੀ

Global Team
4 Min Read

ਨਿਊਜ਼ ਡੈਸਕ: ਸਾਊਦੀ ਅਰਬ ਵਿੱਚ ਨਸ਼ੀਲੇ ਪਦਾਰਥ ਦੀ ਕਥਿਤ ਬਰਾਮਦਗੀ ਦੇ ਮਾਮਲੇ ਵਿੱਚ ਪਠਾਨਕੋਟ ਦੇ ਸੁਜਾਨਪੁਰ ਵਾਸੀ ਟਰੱਕ ਚਾਲਕ ਬਲਜਿੰਦਰ ਸਿੰਘ ਨੂੰ ਫਾਂਸੀ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਪਰਿਵਾਰ ਨੇ ਭਾਰਤ ਅਤੇ ਪੰਜਾਬ ਸਰਕਾਰ ਤੋਂ ਤੁਰੰਤ ਦਖ਼ਲ ਦੀ ਮੰਗ ਕੀਤੀ ਹੈ। ਪਰਿਵਾਰ ਦਾ ਦੋਸ਼ ਹੈ ਕਿ ਬਲਜਿੰਦਰ ਸਿੰਘ ਨੂੰ ਸਾਜ਼ਿਸ਼ ਤਹਿਤ ਇਸ ਮਾਮਲੇ ਵਿੱਚ ਫਸਾਇਆ ਗਿਆ ਅਤੇ ਉਸ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਸੀ ਕਿ ਜਿਸ ਪੈਕੇਟ ਨੂੰ ਉਹ ਦਵਾਈ ਸਮਝ ਕੇ ਲੈ ਕੇ ਜਾ ਰਿਹਾ ਸੀ, ਉਸ ਵਿੱਚ ਨਸ਼ੀਲਾ ਪਦਾਰਥ ਮੌਜੂਦ ਸੀ।

ਪਰਿਵਾਰ ਮੁਤਾਬਕ ਬਲਜਿੰਦਰ ਸਿੰਘ ਪਿਛਲੇ ਕਰੀਬ 10 ਸਾਲਾਂ ਤੋਂ ਦੁਬਈ ਵਿੱਚ ਟਰੱਕ ਚਾਲਕ ਵਜੋਂ ਕੰਮ ਕਰ ਰਿਹਾ ਸੀ। ਉਹ ਨਿਯਮਿਤ ਤੌਰ ’ਤੇ ਮਾਲ ਲੈ ਕੇ ਸਾਊਦੀ ਅਰਬ ਜਾਂਦਾ ਸੀ।

ਪਰਿਵਾਰ ਦਾ ਕਹਿਣਾ ਹੈ ਕਿ ਕਰੀਬ ਤਿੰਨ ਸਾਲ ਪਹਿਲਾਂ ਦੁਬਈ ਵਿੱਚ ਕੰਮ ਕਰਨ ਵਾਲੇ ਇੱਕ ਜਾਣਕਾਰ ਨੇ ਉਸ ਨਾਲ ਸੰਪਰਕ ਕੀਤਾ। ਉਸ ਨੇ ਆਪਣੇ ਬਿਮਾਰ ਬਜ਼ੁਰਗ ਪਿਤਾ ਲਈ ਦਵਾਈਆਂ ਦਾ ਇੱਕ ਪੈਕੇਟ ਸਾਊਦੀ ਅਰਬ ਪਹੁੰਚਾਉਣ ਵਿੱਚ ਮਦਦ ਮੰਗੀ।

ਪਿਤਾ ਨੇ ਦੱਸਿਆ ਕਿਵੇਂ ਪੈਕੇਟ ਲੈ ਕੇ ਜਾਣ ਲਈ ਰਾਜ਼ੀ ਹੋਇਆ

ਬਲਜਿੰਦਰ ਸਿੰਘ ਦੇ ਪਿਤਾ ਜਸਵਿੰਦਰ ਸਿੰਘ ਮੁਤਾਬਕ, ਉਨ੍ਹਾਂ ਦੇ ਪੁੱਤਰ ਨੇ ਪਹਿਲਾਂ ਦੋ ਵਾਰ ਅਣਜਾਣ ਸਮਾਨ ਲਿਜਾਣ ਤੋਂ ਇਨਕਾਰ ਕਰ ਦਿੱਤਾ ਸੀ। ਪਰ ਉਸ ਵਿਅਕਤੀ ਨੇ ਆਪਣੇ ਬਿਮਾਰ ਪਿਤਾ ਦੀ ਵੀਡੀਓ ਦਿਖਾ ਕੇ ਮਦਦ ਦੀ ਅਪੀਲ ਕੀਤੀ।

ਪਰਿਵਾਰ ਅਨੁਸਾਰ ਇਸ ਤੋਂ ਬਾਅਦ ਬਲਜਿੰਦਰ ਸਿੰਘ ਭਾਵੁਕ ਹੋ ਗਿਆ ਅਤੇ ਮਨੁੱਖਤਾ ਦੇ ਨਾਤੇ ਦਵਾਈਆਂ ਦਾ ਪੈਕੇਟ ਆਪਣੇ ਟਰੱਕ ਵਿੱਚ ਰੱਖਣ ਲਈ ਤਿਆਰ ਹੋ ਗਿਆ।

ਸਰਹੱਦ ’ਤੇ ਜਾਂਚ ਦੌਰਾਨ ਪੈਕੇਟ ਤੋਂ ਨਸ਼ੀਲਾ ਪਦਾਰਥ ਮਿਲਣ ਦਾ ਦਾਅਵਾ

ਪਰਿਵਾਰ ਦਾ ਕਹਿਣਾ ਹੈ ਕਿ ਦੁਬਈ-ਸਾਊਦੀ ਅਰਬ ਸਰਹੱਦ ’ਤੇ ਟਰੱਕ ਦੀ ਜਾਂਚ ਦੌਰਾਨ ਇਹ ਪੈਕੇਟ ਸ਼ੱਕੀ ਪਾਇਆ ਗਿਆ। ਤਲਾਸ਼ੀ ਦੌਰਾਨ ਦਵਾਈਆਂ ਦੇ ਡੱਬੇ ਵਿੱਚੋਂ ਕਥਿਤ ਤੌਰ ’ਤੇ ਨਸ਼ੀਲਾ ਪਦਾਰਥ ਬਰਾਮਦ ਹੋਣ ਤੋਂ ਬਾਅਦ ਸਾਊਦੀ ਪੁਲਿਸ ਨੇ ਬਲਜਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ।

ਪਰਿਵਾਰ ਮੁਤਾਬਕ ਕਰੀਬ ਤਿੰਨ ਸਾਲ ਚੱਲੇ ਮਾਮਲੇ ਤੋਂ ਬਾਅਦ ਹੁਣ ਸਾਊਦੀ ਅਰਬ ਦੀ ਅਦਾਲਤ ਨੇ ਉਸ ਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ।

ਪਰਿਵਾਰ ਨੇ ਨਸ਼ਿਆਂ ਨਾਲ ਸਬੰਧ ਤੋਂ ਕੀਤਾ ਇਨਕਾਰ

ਬਲਜਿੰਦਰ ਸਿੰਘ ਦੇ ਪਰਿਵਾਰ ਨੇ ਉਸ ’ਤੇ ਲੱਗੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ਾਂ ਨੂੰ ਰੱਦ ਕੀਤਾ ਹੈ। ਪਰਿਵਾਰ ਦਾ ਕਹਿਣਾ ਹੈ ਕਿ ਬਲਜਿੰਦਰ ਅੰਮ੍ਰਿਤਧਾਰੀ ਸਿੱਖ ਹੈ ਅਤੇ ਨਿਤਨੇਮ ਕਰਦਾ ਹੈ। ਉਨ੍ਹਾਂ ਮੁਤਾਬਕ ਉਸ ਦਾ ਨਸ਼ਿਆਂ ਦੇ ਕਾਰੋਬਾਰ ਜਾਂ ਕਿਸੇ ਅਪਰਾਧਿਕ ਗਤੀਵਿਧੀ ਨਾਲ ਕੋਈ ਸਬੰਧ ਨਹੀਂ ਰਿਹਾ।

ਪਰਿਵਾਰ ਦਾ ਦਾਅਵਾ ਹੈ ਕਿ ਬਲਜਿੰਦਰ ਨੂੰ ਪੈਕੇਟ ਵਿੱਚ ਮੌਜੂਦ ਸਮਾਨ ਬਾਰੇ ਕੋਈ ਜਾਣਕਾਰੀ ਨਹੀਂ ਸੀ।

ਪਤਨੀ ਤੇ ਦੋ ਬੱਚੇ ਕਰ ਰਹੇ ਵਾਪਸੀ ਦੀ ਉਡੀਕ

ਬਲਜਿੰਦਰ ਸਿੰਘ ਦੀ ਮਾਤਾ ਗੁਰਮੀਤ ਕੌਰ ਅਤੇ ਪਿਤਾ ਜਸਵਿੰਦਰ ਸਿੰਘ ਬਜ਼ੁਰਗ ਹਨ। ਪਰਿਵਾਰ ਮੁਤਾਬਕ ਬਲਜਿੰਦਰ ਹੀ ਘਰ ਦਾ ਮੁੱਖ ਕਮਾਉਣ ਵਾਲਾ ਮੈਂਬਰ ਸੀ।

ਉਸ ਦੀ ਪਤਨੀ ਅਤੇ ਦੋ ਬੱਚੇ ਉਸ ਦੀ ਵਾਪਸੀ ਦੀ ਉਡੀਕ ਕਰ ਰਹੇ ਹਨ। ਫਾਂਸੀ ਦੀ ਸਜ਼ਾ ਦੀ ਖ਼ਬਰ ਮਿਲਣ ਤੋਂ ਬਾਅਦ ਪਰਿਵਾਰ ਵਿੱਚ ਗਮ ਦਾ ਮਾਹੌਲ ਹੈ।

ਵਿਦੇਸ਼ ਮੰਤਰਾਲੇ ਰਾਹੀਂ ਦਖ਼ਲ ਦੀ ਮੰਗ

ਪਰਿਵਾਰ ਨੇ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਅਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਸਾਊਦੀ ਅਰਬ ਸਰਕਾਰ ਨਾਲ ਕੂਟਨੀਤਕ ਅਤੇ ਕਾਨੂੰਨੀ ਪੱਧਰ ’ਤੇ ਗੱਲਬਾਤ ਕੀਤੀ ਜਾਵੇ।

ਪਰਿਵਾਰ ਨੇ ਬਲਜਿੰਦਰ ਸਿੰਘ ਦੀ ਫਾਂਸੀ ਦੀ ਸਜ਼ਾ ’ਤੇ ਰਾਹਤ ਦਿਵਾਉਣ ਅਤੇ ਉਸ ਨੂੰ ਸੁਰੱਖਿਅਤ ਭਾਰਤ ਵਾਪਸ ਲਿਆਉਣ ਲਈ ਹਰ ਸੰਭਵ ਯਤਨ ਕਰਨ ਦੀ ਮੰਗ ਕੀਤੀ ਹੈ।

Share This Article
Leave a Comment