ਨਵੀਂ ਦਿੱਲੀ: ਪਤੰਜਲੀ ਇਸ਼ਤਿਹਾਰ ਮਾਮਲੇ ਦੀ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਉਹ ਰਾਮਦੇਵ ਤੇ ਪਤੰਜਲੀ ਆਯੁਰਵੇਦ ਦੇ ਐੱਮਡੀ ਅਚਾਰੀਆ ਬਾਲਕ੍ਰਿਸ਼ਨ ਦੇ ਮੁਆਫ਼ੀ ਹਲਫ਼ਨਾਮੇ ਨੂੰ ਰੱਦ ਕਰਦੀ ਹੈ।
ਜਸਟਿਸ ਹਿਮਾ ਕੋਹਲੀ ਅਤੇ ਜਸਟਿਸ ਅਮਾਨਤੁੱਲਾ ਦੀ ਬੈਂਚ ਨੇ ਪਤੰਜਲੀ ਦੇ ਵਕੀਲ ਵਿਪਿਨ ਸਾਂਘੀ ਅਤੇ ਮੁਕੁਲ ਰੋਹਤਗੀ ਨੂੰ ਕਿਹਾ ਕਿ ਤੁਸੀਂ ਜਾਣਬੁੱਝ ਕੇ ਅਦਾਲਤੀ ਹੁਕਮਾਂ ਦੀ ਉਲੰਘਣਾ ਕੀਤੀ ਹੈ, ਕਾਰਵਾਈ ਲਈ ਤਿਆਰ ਰਹੋ।
ਅਦਾਲਤ ਨੇ ਅੱਗੇ ਕਿਹਾ ਕਿ ਇਸ ਨੂੰ ਹਲਕੇ ਵਿੱਚ ਨਹੀਂ ਲਿਆ ਜਾ ਸਕਦਾ ਕਿਉਂਕਿ ਇਹ ਜਨਤਕ ਸਿਹਤ ਨਾਲ ਜੁੜਿਆ ਇੱਕ ਵੱਡਾ ਮੁੱਦਾ ਹੈ। ਅਦਾਲਤ ਨੇ ਕਿਹਾ, “ਅਸੀਂ ਉਨ੍ਹਾਂ ਐਫਐਮਸੀਜੀਜ਼ ਬਾਰੇ ਵੀ ਚਿੰਤਤ ਹਾਂ ਜੋ ਲੋਕਾਂ ਨੂੰ ਆਪਣੇ ਉਤਪਾਦ ਖਰੀਦਣ ਲਈ ਮਜ਼ਬੂਰ ਕਰ ਰਹੇ ਹਨ, ਜਿਸ ਨਾਲ ਮਾੜੇ ਨਤੀਜੇ ਭੁਗਤਣੇ ਪੈ ਰਹੇ ਹਨ। ਸਿਸਟਮ ਵਿੱਚ ਵੱਡੀਆਂ ਖਾਮੀਆਂ ਹਨ ਅਤੇ ਇਹ ਖਾਮੀਆਂ ਤੁਹਾਡੀ ਕੰਪਨੀ ਦੀ ਕੀਮਤ ‘ਤੇ ਨਹੀਂ ਹਨ, ਸਗੋਂ ਜਨਤਾ ਦੀ ਸਿਹਤ ਦੀ ਕੀਮਤ ‘ਤੇ ਹਨ। ਅਦਾਲਤ ਨੇ ਉੱਤਰਾਖੰਡ ਸਰਕਾਰ ਨੂੰ 1954 ਦੇ ਐਕਟ ਅਤੇ ਨਿਯਮਾਂ ਤਹਿਤ ਪਤੰਜਲੀ ਵਿਰੁੱਧ ਮਿਲੀਆਂ ਸ਼ਿਕਾਇਤਾਂ ‘ਤੇ ਕਾਰਵਾਈ ਕਰਨ ‘ਚ ਚੁੱਪੀ ਬਣਾਈ ਰੱਖਣ ਲਈ ਵੀ ਝਾੜ ਪਾਈ।
ਇਸ ਤੋਂ ਪਹਿਲਾਂ 2 ਅਪਰੈਲ ਨੂੰ ਇਸੇ ਬੈਂਚ ‘ਚ ਹੋਈ ਸੁਣਵਾਈ ਦੌਰਾਨ ਪਤੰਜਲੀ ਵਲੋਂ ਮੁਆਫੀ ਮੰਗੀ ਗਈ ਸੀ। ਉਸ ਦਿਨ ਵੀ ਬੈਂਚ ਨੇ ਪਤੰਜਲੀ ਨੂੰ ਝਾੜਿਆ ਸੀ ਅਤੇ ਕਿਹਾ ਸੀ ਕਿ ਇਹ ਮੁਆਫ਼ੀ ਸਿਰਫ਼ ਖਾਨਾਪੂਰਤੀ ਲਈ ਹੈ। ਤੁਹਾਡੇ ਅੰਦਰ ਮੁਆਫ਼ੀ ਦੀ ਭਾਵਨਾ ਨਹੀਂ ਹੈ।
ਦਰਅਸਲ, ਯੋਗ ਗੁਰੂ ਰਾਮਦੇਵ ਨੇ ਇਸ ਮਾਮਲੇ ‘ਚ ਪਹਿਲਾਂ ਹੀ ਮੁਆਫੀ ਮੰਗ ਲਈ ਸੀ ਤੇ ਅਦਾਲਤ ‘ਚ ਕਿਹਾ ਸੀ ਕਿ ਉਹ ਇਨ੍ਹਾਂ ਇਸ਼ਤਿਹਾਰਾਂ ‘ਤੇ ਪਾਬੰਦੀ ਲਾਉਣਗੇ। ਇਸ ਤੋਂ ਬਾਅਦ ਵੀ ਇਹ ਇਸ਼ਤਿਹਾਰ ਜਾਰੀ ਰਹੇ, ਜਿਸ ‘ਤੇ ਅਦਾਲਤ ਨੇ ਸਖ਼ਤ ਰੁਖ਼ ਅਖਤਿਆਰ ਕੀਤਾ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਮੁਆਫ਼ੀ ਕਾਗਜ਼ ‘ਤੇ ਹੈ। ਤੁਸੀਂ ਉਸ ਤੋਂ ਬਾਅਦ ਚੀਜ਼ਾਂ ਨੂੰ ਜਾਰੀ ਰੱਖਿਆ। ਅਸੀਂ ਹੁਣ ਤੁਹਾਡੀ ਮਾਫੀ ਨੂੰ ਰੱਦ ਕਰਦੇ ਹਾਂ ਤੇ ਅਗਲੀ ਕਾਰਵਾਈ ਲਈ ਤਿਆਰ ਰਹੋ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।