ਅਹਿਮਦਾਬਾਦ ਤੋਂ ਲੰਡਨ ਗੈਟਵਿਕ ਜਾ ਰਹੀ ਏਅਰ ਇੰਡੀਆ ਦੀ ਫਲਾਈਟ AI171, ਜੋ ਬੋਇੰਗ 787-8 ਸੀ, ਉਡਾਣ ਭਰਨ ਤੋਂ ਕੁਝ ਮਿੰਟਾਂ ਬਾਅਦ ਹਾਦਸਾਗ੍ਰਸਤ ਹੋ ਗਈ। ਇਸ ਜਹਾਜ਼ ਵਿੱਚ 242 ਯਾਤਰੀ ਅਤੇ ਚਾਲਕ ਦਲ ਸਵਾਰ ਸਨ। ਨਿਊਜ਼ ਏਜੰਸੀ ANI ਮੁਤਾਬਕ, ਇਸ ਭਿਆਨਕ ਹਾਦਸੇ ਵਿੱਚ ਦੋ ਯਾਤਰੀ ਜਿੰਦਾ ਬਚ ਗਏ ਹਨ। ਇੱਕ ਯਾਤਰੀ ਪੂਰੀ ਤਰ੍ਹਾਂ ਸੁਰੱਖਿਅਤ ਹੈ, ਜਦਕਿ ਦੂਜਾ ਹਸਪਤਾਲ ਵਿੱਚ ਦਾਖਲ ਹੈ ਅਤੇ ਉਸ ਦਾ ਇਲਾਜ ਚੱਲ ਰਿਹਾ ਹੈ। ਇਸ ਤੋਂ ਪਹਿਲਾਂ AP ਨੇ ਕਿਹਾ ਸੀ ਕਿ ਜਹਾਜ਼ ਵਿੱਚ ਸਵਾਰ ਸਾਰਿਆਂ ਦੀ ਮੌਤ ਹੋ ਗਈ।
ਅਹਿਮਦਾਬਾਦ ਦੇ ਪੁਲਿਸ ਕਮਿਸ਼ਨਰ ਜੀਐਸ ਮਲਿਕ ਨੇ ANI ਨਾਲ ਫੋਨ ‘ਤੇ ਗੱਲਬਾਤ ਵਿੱਚ ਦੱਸਿਆ, “ਸਾਨੂੰ ਸੀਟ 11A ‘ਤੇ ਇੱਕ ਜਿੰਦਾ ਵਿਅਕਤੀ ਮਿਲਿਆ। ਉਹ ਹਸਪਤਾਲ ਵਿੱਚ ਹੈ ਅਤੇ ਉਸ ਦਾ ਇਲਾਜ ਹੋ ਰਿਹਾ ਹੈ। ਹਾਲੇ ਮਰਨ ਵਾਲਿਆਂ ਦੀ ਗਿਣਤੀ ਦੀ ਪੁਸ਼ਟੀ ਨਹੀਂ ਹੋ ਸਕੀ, ਕਿਉਂਕਿ ਜਹਾਜ਼ ਰਿਹਾਇਸ਼ੀ ਖੇਤਰ ਵਿੱਚ ਡਿੱਗਿਆ, ਜਿਸ ਨਾਲ ਮੌਤਾਂ ਦੀ ਸੰਖਿਆ ਵਧ ਸਕਦੀ ਹੈ।” ਇਸ ਹਾਦਸੇ ਵਿੱਚ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਭਾਜਪਾ ਪ੍ਰਭਾਰੀ ਵਿਜੈ ਰੂਪਾਣੀ ਦੀ ਮੌਤ ਹੋ ਗਈ, ਜਿਸ ਦੀ ਪੁਸ਼ਟੀ ਕੇਂਦਰੀ ਮੰਤਰੀ ਸੀਆਰ ਪਾਟਿਲ ਨੇ ਕੀਤੀ।
ਕੌਣ ਹੈ ਸੁਰੱਖਿਅਤ ਬਚਿਆ ਯਾਤਰੀ?
ਇਸ ਭਿਆਨਕ ਹਾਦਸੇ ਵਿੱਚ ਜਿੰਦਾ ਬਚਿਆ ਇੱਕ ਯਾਤਰੀ ਰਮੇਸ਼ ਵਿਸ਼ਵਾਸ ਕੁਮਾਰ ਹੈ, ਜੋ ਗੁਜਰਾਤ ਦੇ ਨੇੜੇ ਕੇਂਦਰ ਸ਼ਾਸਿਤ ਪ੍ਰਦੇਸ਼ ਦੀਵ ਦਾ ਵਸਨੀਕ ਹੈ। ਰਮੇਸ਼ ਸੀਟ ਨੰਬਰ 11 ‘ਤੇ ਬੈਠਾ ਸੀ। ਉਸ ਨੇ ਦੱਸਿਆ ਕਿ ਜਹਾਜ਼ ਦੇ ਉਡਾਣ ਭਰਨ ਤੋਂ ਕੁਝ ਮਿੰਟਾਂ ਬਾਅਦ ਇੱਕ ਜ਼ੋਰਦਾਰ ਧਮਾਕਾ ਹੋਇਆ ਅਤੇ ਚਾਰੇ ਪਾਸੇ ਅੱਗ ਦੀਆਂ ਲਪਟਾਂ ਸਨ। ਰਮੇਸ਼ ਨੇ ਕਿਹਾ, “ਹਾਦਸੇ ਤੋਂ ਬਾਅਦ ਸਭ ਕੁਝ ਬਹੁਤ ਤੇਜ਼ੀ ਨਾਲ ਵਾਪਰਿਆ। ਜਦੋਂ ਜਹਾਜ਼ ਥੱਲੇ ਡਿੱਗਣ ਲੱਗਾ, ਮੈਂ ਛਾਲ ਮਾਰ ਦਿੱਤੀ।” ਹਾਦਸੇ ਤੋਂ ਬਾਅਦ ਰਮੇਸ਼ ਲੰਗੜਾਉਂਦਾ ਹੋਇਆ ਸੜਕ ‘ਤੇ ਚੱਲਦਾ ਨਜ਼ਰ ਆਇਆ, ਫਿਰ ਐਂਬੂਲੈਂਸ ਰਾਹੀਂ ਉਸ ਨੂੰ ਹਸਪਤਾਲ ਲਿਜਾਇਆ ਗਿਆ। ਉਸ ਨੇ ਮੀਡੀਆ ਨਾਲ ਆਪਣੀ ਆਪਬੀਤੀ ਸਾਂਝੀ ਕਰਦਿਆਂ ਦੱਸਿਆ ਕਿ ਉਹ ਇਸ ਤਰਾਸਦੀ ਵਿੱਚ ਕਿਵੇਂ ਬਚਿਆ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।