ਟੋਰਾਂਟੋ: ਕੈਨੇਡਾ ‘ਚ ਅਗਲੀਆਂ ਫੈਡਰਲ ਚੋਣਾਂ ਦਾ ਐਲਾਨ ਹੋ ਗਿਆ ਹੈ ਅਤੇ 20 ਸਤੰਬਰ ਨੂੰ ਵੋਟਾਂ ਪੈਣਗੀਆਂ। ਚੋਣਾਂ ਦਾ ਐਲਾਨ ਹੁੰਦਿਆਂ ਹੀ ਚੋਣ ਮੈਦਾਨ ‘ਚ ਉਤਰਣ ਲਈ ਸਿਆਸੀ ਪਾਰਟੀਆਂ ਪੱਬਾਂ ਭਾਰ ਹੋ ਗਈਆਂ ਹਨ, ਹਲਾਂਕਿ ਸਿਆਸੀ ਪਾਰਟੀਆਂ ਵੱਲੋਂ ਐਲਾਨ ਤੋਂ ਪਹਿਲਾਂ ਹੀ ਚੋਣ ਪ੍ਰਚਾਰ ਦੀ ਤਿਆਰੀ ਕਰ ਲਈ ਗਈ ਸੀ।
ਵਿਰੋਧੀ ਧਿਰ ਦੇ ਆਗੂ ਏਰਿਨ ਓ ਟੂਲ ਨੇ ਵੀ ਆਪਣੀ ਚੋਣ ਮੁਹਿੰਮ ਵਿੱਢ ਦਿੱਤੀ ਹੈ ਅਤੇ ਬ੍ਰਿਟਿਸ਼ ਕੋਲੰਬੀਆ ‘ਚ ਇਸਦਾ ਅਗਾਜ਼ ਕੀਤਾ।
ਉਧਰ ਦੂਜੇ ਪਾਸੇ ਐਨ.ਡੀ.ਪੀ ਆਗੂ ਜਗਮੀਤ ਸਿੰਘ ਨੇ ਵੀ ਆਪਣੀ ਰਸਮੀ ਚੋਣ ਪ੍ਰਚਾਰ ਦੀ ਮੁਹਿੰਮ ਦੀ ਸ਼ੁਰੂਆਤ ਕਰ ਦਿੱਤੀ ਹੈ। ਜਿਸ ਦੇ ਵਿੱਚ ਉਹਨਾਂ ਨੇ ਕੈਨੇਡਾ ਦੇ ਵੱਖ-ਵੱਖ ਮੁੱਦਿਆਂ ‘ਤੇ ਵਿਚਾਰ ਚਰਚਾ ਕੀਤੀ ਅਤੇ ਆਪਣੇ ਚੋਣ ਏਜੰਡੇ ਬਾਰੇ ਜਾਣਕਾਰੀ ਵੀ ਦਿੱਤੀ।
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਿਫ਼ਾਰਸ਼ ’ਤੇ ਗਵਰਨਰ ਜਨਰਲ ਮੈਰੀ ਸਾਈਮਨ ਵੱਲੋਂ ਐਤਵਾਰ ਨੂੰ ਸੰਸਦ ਭੰਗ ਕਰ ਦਿੱਤੀ ਗਈ ਅਤੇ ਰੀਡੋਅ ਹਾਲ ਦੇ ਬਾਹਰ ਕੈਨੇਡਾ ਵਾਸੀਆਂ ਨੂੰ ਸੰਬੋਨ ਕਰਦਿਆਂ ਉਨ੍ਹਾਂ ਨੇ ਕਿਹਾ ਕਿ 1945 ਤੋਂ ਬਾਅਦ ਪਹਿਲੀ ਵਾਰ ਕੈਨੇਡਾ ਬੇਹੱਦ ਅਹਿਮ ਦੌਰ ‘ਚੋਂ ਲੰਘ ਰਿਹਾ ਹੈ।
ਦੱਸਣਯੋਗ ਹੈ ਕਿ ਇਸ ਵੇਲੇ ਜਸਟਿਨ ਟਰੂਡੋ 338 ਮੈਂਬਰੀ ਪਾਰਲੀਮੈਂਟ ਸਦਨ ‘ਚ 155 ਮੈਂਬਰਾਂ ਨਾਲ ਘੱਟ-ਗਿਣਤੀ ਸਰਕਾਰ ਚਲਾ ਰਹੇ ਸਨ। ਇਸ ਸਮੇਂ ਕੰਜ਼ਰਵੇਟਿਵ ਕੋਲ 119, ਬਲਾਕ ਕਿਊਬੇਕ ਕੋਲ 32 ,ਐੱਨ.ਡੀ.ਪੀ. ਕੋਲ 24, ਗ੍ਰੀਨ ਪਾਰਟੀ ਕੋਲ 2 ਅਤੇ 4 ਆਜ਼ਾਦ ਮੈਂਬਰ ਸਨ।