ਕੈਪਟਨ ਦੇ ਇਸ਼ਾਰੇ ‘ਤੇ ਪੰਜਾਬ ਖਿਲਾਫ ਕੇਂਦਰ ਸਰਕਾਰ ਚੁੱਕ ਰਹੀ ਹੈ ਵੱਡੇ ਕਦਮ: ਪ੍ਰਗਟ ਸਿੰਘ

TeamGlobalPunjab
3 Min Read

ਚੰਡੀਗੜ੍ਹ: ਕੇਂਦਰ ਸਰਕਾਰ ਵਲੋਂ ਪੰਜਾਬ ‘ਚ ਵਧਾਏ ਗਏ ਅਧਿਕਾਰ ਖੇਤਰ ‘ਤੇ ਸਿਆਸਤ ਸ਼ੁਰੂ ਹੋ ਚੁੱਕੀ ਹੈ। ਪਰਗਟ ਸਿੰਘ ਨੇ ਇਸ ਮੁੱਦੇ ‘ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਘੇਰਿਆ ਹੈ, ਉਨ੍ਹਾਂ ਕਿਹਾ ਇਸਦੇ ਪਿੱਛੇ ਕੈਪਟਨ ਦਾ ਹੱਥ ਹੈ।

ਕੈਬਨਿਟ ਮੰਤਰੀ ਪਰਗਟ ਸਿੰਘ ਨੇ ਕਿਹਾ ਕਿ ਕੇਂਦਰ ਵੱਲੋਂ ਅੱਧੇ ਪੰਜਾਬ ‘ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਅਸੀਂ ਇਸ ਕੋਸ਼ਿਸ਼ ਨੂੰ ਕਾਮਯਾਬ ਨਹੀਂ ਹੋਣ ਦਵਾਂਗੇ।

ਉਨ੍ਹਾਂ ਨੇ ਕਿਹਾ ਕਿ ਮੈਂ ਤਾਂ ਹਮੇਸ਼ਾ ਕਹਿੰਦਾ ਸੀ ਕਿ ਕੈਪਟਨ ਬੀਜੇਪੀ ਦੇ ਨਾਲ ਹੀ ਹਨ। ਉਨ੍ਹਾਂ ਕਿਹਾ ਕੈਪਟਨ ਜਦੋਂ ਪਹਿਲਾਂ ਦਿੱਲੀ ਗਏ ਸਨ ਉਦੋਂ ਝੋਨੇ ਦੀ ਖਰੀਦ 10 ਦਿਨ ਲੇਟ ਕਰਵਾ ਦਿੱਤੀ ਤੇ ਹੁਣ ਫਿਰ ਜਦੋਂ ਗਏ ਤਾਂ ਬੀਐੱਸਐੱਫ ਦਾ ਅਧਿਕਾਰ ਵਧਾ ਆਏ।

ਪਰਗਟ ਸਿੰਘ ਨੇ ਕੈਪਟਨ ਨੂੰ ਨਸੀਹਤ ਦਿੰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਜੀ, ਇੱਦਾਂ ਨਾ ਕਰੋ। ਅਸੀਂ ਤੁਹਾਨੂੰ ਵੱਡੇ ਲੀਡਰ ਦੇ ਸਤਿਕਾਰ ਵਜੋਂ ਵੇਖਦੇ ਹਾਂ, ਪਰ ਇਸ ਸਮੇਂ ਬੀਜੇਪੀ ਨਾਲ ਰਲ ਕੇ ਪੰਜਾਬ ਪ੍ਰਤੀ ਇਸ ਤਰ੍ਹਾਂ ਦੀਆਂ ਗੱਲਾਂ ਨਾ ਕਰੋ।’ ਉਨ੍ਹਾਂ ਕਿਹਾ ਕਿ ਕੈਪਟਨ ਕੇਂਦਰ ਨਾਲ ਰਲ ਕੇ ਪੰਜਾਬ ਵਿੱਚ ਗਵਰਨਰ ਰਾਜ ਲਗਵਾਉਣਾ ਚਾਹੁੰਦੇ ਹਨ।

ਦੱਸਣਯੋਗ ਹੈ ਕਿ, ਸਾਬਕਾ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਕਿਹਾ ਸੀ ਕਿ ਸਾਡੇ ਜਵਾਨ ਕਸ਼ਮੀਰ ਵਿੱਚ ਮਾਰੇ ਜਾ ਰਹੇ ਹਨ। ਪਾਕਿਸਤਾਨ ਸਮਰਥਿਤ ਅੱਤਵਾਦੀਆਂ ਵਲੋਂ ਹਥਿਆਰ ਅਤੇ ਨਸ਼ੀਲੀਆਂ ਦਵਾਈਆਂ ਪੰਜਾਬ ਵਿੱਚ ਧੱਕੀਆਂ ਜਾ ਰਹੀਆਂ ਹਨ। ਬੀਐਸਐਫ ਦੀ ਵਧੀ ਹੋਈ ਮੌਜੂਦਗੀ ਅਤੇ ਸ਼ਕਤੀਆਂ ਹੀ ਸਾਨੂੰ ਮਜ਼ਬੂਤ ਬਣਾਉਣਗੀਆਂ।

ਕੈਪਟਨ ਨੇ ਇੱਕ ਹੋਰ ਟਵੀਟ ‘ਚ ਕਿਹਾ ਸੀ ਕਿ, ਪਾਕਿਸਤਾਨ ਵਿਚਾਰ ਰਾਸ਼ਟਰੀ ਸੁਰੱਖਿਆ ਦੇ ਮੁੱਦਿਆਂ ‘ਤੇ ਸਾਡੇ ਸਟੈਂਡ ਨੂੰ ਨਿਰਧਾਰਿਤ ਨਹੀਂ ਕਰ ਸਕਦੇ। ਇਹ ਮੈਂ ਉਸ ਵੇਲੇ ਵੀ ਕਿਹਾ ਸੀ ਜਦੋਂ ਮੈਂ 2016 ਵਿੱਚ ਇੱਕ ਸਰਜੀਕਲ ਸਟ੍ਰਾਈਕ ਵਿੱਚ ਸ਼ਾਮਿਲ ਸੀ। ਜਦੋਂ ਭਾਰਤ ਦੀ ਸੁਰੱਖਿਆ ਦਾਅ ‘ਤੇ ਹੋਵੇ, ਉਦੋਂ ਸਾਨੂੰ ਰਾਜਨੀਤੀ ਤੋਂ ਉੱਪਰ ਉੱਠਣਾ ਚਾਹੀਦਾ ਹੈ।

Share This Article
Leave a Comment