ਚੰਡੀਗੜ੍ਹ (ਦਰਸ਼ਨ ਸਿੰਘ ਖੋਖਰ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰੀ ਰਿਹਾਇਸ਼ ਦੇ ਸਾਹਮਣੇ ਰੋਸ ਪ੍ਰਗਟ ਕਰਦੇ ਹੋਏ ਪੈਰਾ ਓਲੰਪਿਕ ਖਿਡਾਰੀਆਂ ਨੇ ਆਪਣੇ ਤਮਗੇ ਵਾਪਸ ਕਰਨ ਦੀ ਪੇਸ਼ਕਸ਼ ਕਰ ਦਿੱਤੀ। ਇਨ੍ਹਾਂ ਵਿਸ਼ੇਸ਼ ਖਿਡਾਰੀਆਂ ਨੇ ਆਪੋ ਆਪਣੇ ਤਗ਼ਮੇ ਉਤਾਰ ਕੇ ਰੋਸ ਧਰਨੇ ਦੇ ਵਿੱਚ ਰੱਖ ਦਿੱਤੇ ਅਤੇ ਆਪਣੀਆਂ ਖੇਡ ਦੇ ਮੈਦਾਨ ਵਾਲੀਆਂ ਟੀ-ਸ਼ਰਟਾਂ ਵੀ ਉਤਾਰ ਦਿੱਤੀਆਂ।
ਇਹ ਖਿਡਾਰੀ ਹੁਣ ਨੰਗੇ ਧੜ ਰੋਸ ਪ੍ਰਗਟ ਕਰ ਰਹੇ ਹਨ, ਪਰ ਉਨ੍ਹਾਂ ਨੂੰ ਕਿਹਾ ਜਾ ਰਿਹਾ ਹੈ ਕਿ ਮੁੱਖ ਮੰਤਰੀ ਦਫ਼ਤਰ ਦੇ ਅਧਿਕਾਰੀਆਂ ਨਾਲ ਉਨ੍ਹਾਂ ਦੀ ਮੀਟਿੰਗ ਕਰਵਾ ਦਿੰਦੇ ਹਾਂ। ਇਨ੍ਹਾਂ ਖਿਡਾਰੀਆਂ ਦੀ ਮੰਗ ਹੈ ਕਿ ਉਨ੍ਹਾਂ ਨੂੰ ਖਿਡਾਰੀਆਂ ਦੇ ਕੋਟੇ ਵਿੱਚ ਰੱਖ ਕੇ ਨੌਕਰੀਆਂ ਦਿੱਤੀਆਂ ਜਾਣ।
ਇਨ੍ਹਾਂ ਖਿਡਾਰੀਆਂ ‘ਚ ਇਹ ਵੀ ਰੋਸ ਹੈ ਕਿ ਉਨ੍ਹਾਂ ਨੂੰ ਹੈਂਡੀਕੈਪਡ ਕੋਟੇ ਦੇ ਆਧਾਰ ‘ਤੇ ਹੀ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ ਜਦਕਿ ਖਿਡਾਰੀ ਕੋਟੇ ਦੀਆਂ ਨੌਕਰੀਆਂ ਦਾ ਵੀ ਉਨ੍ਹਾਂ ਦਾ ਹੱਕ ਬਣਦਾ ਹੈ। ਇਨ੍ਹਾਂ ਖਿਡਾਰੀਆਂ ਦਾ ਕਹਿਣਾ ਹੈ ਕਿ ਉਹ ਲੜੀਵਾਰ ਧਰਨਾ ਦਿੰਦੇ ਰਹਿਣਗੇ ।