ਪਾਣੀਪਤ ਵਿੱਚ ਖੜ੍ਹੇ ਟਰੱਕ ਨਾਲ ਟਕਰਾਈ ਟੈਕਸੀ, ਅਮਰੀਕਾ ਤੋਂ ਅੰਮ੍ਰਿਤਸਰ ਜਾ ਰਹੇ NRI ਜੋੜੇ ਦੀ ਦਰਦਨਾਕ ਮੌਤ

Global Team
2 Min Read

ਹਰਿਆਣਾ : ਪਾਣੀਪਤ ਵਿੱਚ ਸੜਕ ਦੇ ਵਿਚਕਾਰ (ਮਿਡਲ ਲੇਨ) ਖੜ੍ਹੇ ਟਰੱਕ ਵਿੱਚ ਤੇਜ਼ ਰਫ਼ਤਾਰ ਟੈਕਸੀ ਪਿੱਛੋਂ ਜਾ ਵੱਜੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਟੈਕਸੀ ਦੇ ਪਰਖੱਚੇ ਉੱਡ ਗਏ ਅਤੇ ਉਸ ਵਿੱਚ ਸਵਾਰ ਐਨ.ਆਰ.ਆਈ ਪਤੀ-ਪਤਨੀ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਮ੍ਰਿਤਕਾਂ ਦੀ ਪਛਾਣ ਰਣਜੀਤ ਸਿੰਘ ਸੰਧੂ (63) ਅਤੇ ਉਨ੍ਹਾਂ ਦੀ ਪਤਨੀ ਸਤਿੰਦਰ ਕੌਰ (61) ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ, ਇਹ ਜੋੜਾ ਅਮਰੀਕਾ ਵਿੱਚ ਟਰਾਂਸਪੋਰਟ ਦਾ ਵੱਡਾ ਕਾਰੋਬਾਰ ਚਲਾਉਂਦਾ ਸੀ। ਉਹ ਅਮਰੀਕਾ ਤੋਂ ਦਿੱਲੀ ਏਅਰਪੋਰਟ ਪਹੁੰਚੇ ਸਨ ਅਤੇ ਉੱਥੋਂ ਅੰਮ੍ਰਿਤਸਰ ਜਾਣ ਲਈ ਉਨ੍ਹਾਂ ਨੇ ਟੈਕਸੀ ਕਿਰਾਏ ‘ਤੇ ਲਈ ਸੀ। ਸਵੇਰੇ ਕਰੀਬ 5:40 ਵਜੇ ਜਦੋਂ ਉਨ੍ਹਾਂ ਦੀ ਟੈਕਸੀ ਪਾਣੀਪਤ ਪਹੁੰਚੀ, ਤਾਂ ਤੜਕੇ ਧੁੰਦ ਕਾਰਨ ਡਰਾਈਵਰ ਨੂੰ ਸੜਕ ਦੇ ਵਿਚਕਾਰ ਖੜ੍ਹਾ ਟਰੱਕ ਦਿਖਾਈ ਨਹੀਂ ਦਿੱਤਾ ਅਤੇ ਇਹ ਭਿਆਨਕ ਹਾਦਸਾ ਵਾਪਰ ਗਿਆ।

ਘਟਨਾ ਤੋਂ ਬਾਅਦ ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਲਿਆ। ਪੁਲਿਸ ਨੇ ਪਾਣੀਪਤ ਦੇ ਸਿਵਲ ਹਸਪਤਾਲ ਵਿੱਚ ਲਾਸ਼ਾਂ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤਾ ਹੈ। ਅਣਪਛਾਤੇ ਟਰੱਕ ਡਰਾਈਵਰ ਖਿਲਾਫ ਲਾਪਰਵਾਹੀ ਨਾਲ ਵਾਹਨ ਖੜ੍ਹਾ ਕਰਨ ਅਤੇ ਗੈਰ-ਇਰਾਦਤਨ ਹੱਤਿਆ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਟਰੱਕ ਨੰਬਰ ਦੇ ਆਧਾਰ ‘ਤੇ ਮਾਲਕ ਅਤੇ ਫਰਾਰ ਡਰਾਈਵਰ ਦੀ ਭਾਲ ਕਰ ਰਹੀ ਹੈ। ਇਸ ਹਾਦਸੇ ਵਿੱਚ ਟੈਕਸੀ ਡਰਾਈਵਰ ਦੀ ਜਾਨ ਚਮਤਕਾਰੀ ਢੰਗ ਨਾਲ ਬਚ ਗਈ।

ਮਿਲੀ ਜਾਣਕਾਰੀ ਅਨੁਸਾਰ ਇਸ ਜੋੜੇ ਦੇ ਇਕਲੌਤੇ ਪੁੱਤਰ ਦੀ ਮਹਿਜ਼ 6 ਸਾਲ ਪਹਿਲਾਂ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਹੁਣ ਇਸ ਹਾਦਸੇ ਤੋਂ ਬਾਅਦ ਅਮਰੀਕਾ ਵਿੱਚ ਉਨ੍ਹਾਂ ਦੀ ਸਿਰਫ਼ ਇੱਕ ਧੀ ਰਹਿ ਗਈ ਹੈ, ਜਿਸ ਦੇ ਸਿਰ ਤੋਂ ਮਾਪਿਆਂ ਦਾ ਸਾਇਆ ਹਮੇਸ਼ਾ ਲਈ ਉੱਠ ਗਿਆ ਹੈ।

 

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

Share This Article
Leave a Comment