ਨਵੀਂ ਦਿੱਲੀ: ਦੇਸ਼ ਭਰ ਦੇ ਕਿਸਾਨਾਂ ਲਈ ਵੱਡੀ ਖੁਸ਼ਖਬਰੀ ਹੈ। ਭਾਰਤੀ ਮੌਸਮ ਵਿਭਾਗ (IMD) ਅਗਲੇ ਹਫਤੇ ਤੋਂ ਪੰਚਾਇਤੀ ਪੱਧਰ ‘ਤੇ ਮੌਸਮ ਦੀ ਭਵਿੱਖਬਾਣੀ ਜਾਰੀ ਕਰੇਗਾ। ਆਈਐਮਡੀ ਦੇ ਮੁਖੀ ਮ੍ਰਿਤੁੰਜੇ ਮਹਾਪਾਤਰਾ ਨੇ ਇਸ ਸਬੰਧੀ ਜਾਣਕਾਰੀ ਦਿੱਤੀ। ਮਹਾਪਾਤਰਾ ਨੇ ਕਿਹਾ ਕਿ ਭਾਰਤ ਦੇ ਤਕਨੀਕੀ ਵਿਕਾਸ ਨੇ ਵਿਭਾਗ ਲਈ ਆਪਣੀ ਪੂਰਵ ਅਨੁਮਾਨ ਸਮਰੱਥਾ ਨੂੰ ਬਲਾਕ ਤੋਂ ਪੰਚਾਇਤ ਪੱਧਰ ਤੱਕ ਵਧਾਉਣਾ ਸੰਭਵ ਬਣਾਇਆ ਹੈ। ਇਸ ਕਦਮ ਦਾ ਟੀਚਾ ਪੰਚਾਇਤੀ ਮੌਸਮ ਸੇਵਾ ਰਾਹੀਂ ਦੇਸ਼ ਦੇ ਹਰ ਪਿੰਡ ਵਿੱਚ ਘੱਟੋ-ਘੱਟ 5 ਕਿਸਾਨਾਂ ਨੂੰ ਖ਼ਰਾਬ ਮੌਸਮ ਨਾਲ ਸਬੰਧਤ ਚਿਤਾਵਨੀਆਂ ਪ੍ਰਦਾਨ ਕਰਨਾ ਹੈ, ਜਿਸ ਵਿੱਚ ਵੱਧ ਤੋਂ ਵੱਧ ਅਤੇ ਘੱਟੋ-ਘੱਟ ਤਾਪਮਾਨ, ਨਮੀ ਅਤੇ ਹਵਾ ਦੀ ਗਤੀ ਵਰਗੀ ਜਾਣਕਾਰੀ ਸ਼ਾਮਲ ਹੈ। ਮਹਾਪਾਤਰਾ ਨੇ ਦੱਸਿਆ ਕਿ ਇਹ ਜਾਣਕਾਰੀ ਅੰਗਰੇਜ਼ੀ ਅਤੇ ਹਿੰਦੀ ਤੋਂ ਇਲਾਵਾ 12 ਭਾਰਤੀ ਭਾਸ਼ਾਵਾਂ ਵਿੱਚ ਉਪਲਬਧ ਹੋਵੇਗੀ।
ਪੰਚਾਇਤੀ ਮੌਸਮ ਸੇਵਾ ਦੀ ਸ਼ਰੂਅਿਾਤ ਕੀਤੀ ਜਾਵੇਗੀ, ਜਦੋਂ IMD ਆਪਣੀ 150ਵੀਂ ਵਰ੍ਹੇਗੰਢ ਮਨਾਉਣ ਲਈ ਸਾਲ ਭਰ ਚੱਲਣ ਵਾਲੇ ਜਸ਼ਨਾਂ ਦੀ ਸ਼ੁਰੂਆਤ ਕਰੇਗਾ। ਆਈਐਮਡੀ ਮੁਖੀ ਨੇ ਕਿਹਾ, ‘ਮੌਸਮ ਵਿਭਾਗ ਇਸ ਸਮੇਂ ਬਲਾਕ ਪੱਧਰ ‘ਤੇ ਖੇਤੀਬਾੜੀ ਨਾਲ ਸਬੰਧਤ ਮੌਸਮ ਦੀ ਜਾਣਕਾਰੀ ਅਤੇ ਪੂਰਵ ਅਨੁਮਾਨਾਂ ਦਾ ਪ੍ਰਸਾਰ ਕਰਨ ਵਿੱਚ ਮਦਦ ਕਰ ਰਿਹਾ ਹੈ।’ ਉਨ੍ਹਾਂ ਕਿਹਾ ਕਿ ਹਰ ਮੌਸਮ, ਹਰ ਘਰ ਮੌਸਮ ਪਹਿਲਕਦਮੀ ਤਹਿਤ ਦੇਸ਼ ਭਰ ਵਿੱਚ ਕਿਸੇ ਵੀ ਥਾਂ ‘ਤੇ ਸਥਿਤ ਕੋਈ ਵੀ ਵਿਅਕਤੀ ਆਪਣੇ ਮੋਬਾਈਲ ਫੋਨ ‘ਤੇ ਉਸ ਸਥਾਨ ਦੇ ਮੌਸਮ ਦੀ ਭਵਿੱਖਬਾਣੀ ਪ੍ਰਾਪਤ ਕਰ ਸਕੇਗਾ।
ਉਨ੍ਹਾਂ ਕਿਹਾ, ‘ਅਗਲੇ ਸੱਤ ਦਿਨਾਂ ਲਈ ਮੌਸਮ ਦੀ ਭਵਿੱਖਬਾਣੀ ਜਾਣਨ ਲਈ, ਆਪਣੇ ਮੋਬਾਈਲ ਫੋਨ ਦੀ ਸਕਰੀਨ ‘ਤੇ ਕਿਤੇ ਵੀ ਟਚ ਕਰੋ ਜਾਂ ਆਪਣਾ ਪਿੰਨਕੋਡ ਦਰਜ ਕਰੋ। ਵੱਧ ਤੋਂ ਵੱਧ ਅਤੇ ਘੱਟੋ-ਘੱਟ ਤਾਪਮਾਨ, ਨਮੀ, ਹਵਾ ਦੀ ਗਤੀ ਆਦਿ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਇਹ ਖਰਾਬ ਮੌਸਮ ਦੀ ਚਿਤਾਵਨੀ ਵੀ ਦੇਵੇਗਾ।
ਮੌਸਮ ਵਿਭਾਗ ਮੀਂਹ ਨਾਲ ਪ੍ਰਭਾਵਿਤ ਖੇਤਰਾਂ ਵਿੱਚ ਖੇਤੀਬਾੜੀ ‘ਤੇ ਨਿਰਭਰ ਛੋਟੇ ਕਿਸਾਨਾਂ ਨੂੰ ਹੋਣ ਵਾਲੇ ਨੁਕਸਾਨ ਨੂੰ ਘਟਾਉਣ ਨੂੰ ਪਹਿਲ ਦੇ ਰਿਹਾ ਹੈ। ਇੱਕ ਸੁਤੰਤਰ ਅਧਿਐਨ ਦਾ ਹਵਾਲਾ ਦਿੰਦੇ ਹੋਏ ਮਹਾਪਾਤਰਾ ਨੇ ਕਿਹਾ ਕਿ ਜੇਕਰ ਮੀਂਹ ਵਾਲੇ ਖੇਤਰਾਂ ਵਿੱਚ ਛੋਟੇ ਕਿਸਾਨ ਮੌਸਮ ਦੀ ਭਵਿੱਖਬਾਣੀ ਨੂੰ ਧਿਆਨ ਵਿੱਚ ਰੱਖਦੇ ਹਨ ਅਤੇ ਉਸ ਅਨੁਸਾਰ ਖੇਤੀਬਾੜੀ ਦਾ ਕੰਮ ਕਰਦੇ ਹਨ, ਤਾਂ ਉਨ੍ਹਾਂ ਨੂੰ 12,500 ਰੁਪਏ ਦਾ ਮੁਨਾਫਾ ਮਿਲੇਗਾ। ਉਨ੍ਹਾਂ ਕਿਹਾ, ‘ਅਸੀਂ 3 ਕਰੋੜ ਕਿਸਾਨਾਂ ਤੱਕ ਪਹੁੰਚ ਕੀਤੀ ਹੈ ਅਤੇ 13,300 ਕਰੋੜ ਰੁਪਏ ਦੇ ਲਾਭ ਦਿੱਤੇ ਗਏ ਹਨ। ਕਲਪਨਾ ਕਰੋ ਕਿ ਜੇਕਰ ਅਸੀਂ ਦੇਸ਼ ਦੇ ਸਾਰੇ 10 ਕਰੋੜ ਕਿਸਾਨਾਂ ਤੱਕ ਪਹੁੰਚ ਕਰਦੇ ਹਾਂ ਤਾਂ ਜੀਡੀਪੀ ਦਾ ਕੀ ਲਾਭ ਹੋਵੇਗਾ।