ਨਿਊਜ਼ ਡੈਸਕ : ਭਾਰਤ ਵਿੱਚ ਫਲਸਤੀਨ ਦੇ ਦੂਤਾਵਾਸ ਨੇ ਗਾਜ਼ਾ ਅਤੇ ਹੋਰ ਪ੍ਰਭਾਵਿਤ ਖੇਤਰਾਂ ਵਿੱਚ ਬਣੇ ਗੰਭੀਰ ਸਿਹਤ ਸੰਕਟ ਨੂੰ ਲੈ ਕੇ ਤੁਰੰਤ ਅੰਤਰਰਾਸ਼ਟਰੀ ਅਤੇ ਭਾਰਤੀ ਮਦਦ ਦੀ ਅਪੀਲ ਕੀਤੀ ਹੈ। ਦੂਤਾਵਾਸ ਨੇ ਇੱਕ ਅਧਿਕਾਰਤ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਕਬਜ਼ੇ ਵਾਲੇ ਫਲਸਤੀਨੀ ਖੇਤਰਾਂ ਦਾ ਸਿਹਤ ਤੰਤਰ ਬਹੁਤ ਗੰਭੀਰ ਹਾਲਾਤਾਂ ਵਿੱਚੋਂ ਲੰਘ ਰਿਹਾ ਹੈ ਅਤੇ ਲਗਭਗ ਠੱਪ ਹੋਣ ਦੀ ਸਥਿਤੀ ਵਿੱਚ ਪਹੁੰਚ ਗਿਆ ਹੈ।
ਬਿਆਨ ਵਿੱਚ ਕਿਹਾ ਗਿਆ ਕਿ ਇਹ ਹਾਲਾਤ ਜਾਰੀ ਯੁੱਧ, ਫੌਜੀ ਕਾਰਵਾਈਆਂ, ਮੈਡੀਕਲ ਢਾਂਚੇ ਨੂੰ ਹੋਏ ਵੱਡੇ ਨੁਕਸਾਨ, ਮਨੁੱਖੀ ਸਹਾਇਤਾ ਤੱਕ ਸੀਮਿਤ ਪਹੁੰਚ ਅਤੇ ਆਰਥਿਕ ਦਬਾਅ ਦਾ ਨਤੀਜਾ ਹਨ। ਦੂਤਾਵਾਸ ਨੇ ਭਾਵੁਕ ਅਪੀਲ ਕਰਦਿਆਂ ਕਿਹਾ ਕਿ ਹਜ਼ਾਰਾਂ ਬੇਗੁਨਾਹ ਲੋਕਾਂ ਦੀਆਂ ਜਾਨਾਂ ਬਚਾਉਣ ਲਈ ਇਹੀ ਸਹੀ ਸਮਾਂ ਹੈ ਅਤੇ ਭਾਰਤ ਤੋਂ ਉਮੀਦ ਜਤਾਈ ਕਿ ਉਹ ਇਸ ਮੁਸ਼ਕਲ ਘੜੀ ਵਿੱਚ ਸਹਿਯੋਗ ਦੇਵੇ।
ਦੂਤਾਵਾਸ ਨੇ ਭਾਰਤ ਦੀ ‘ਆਰੋਗਿਆ ਮੈਤਰੀ’ ਪਹਿਲ ਤਹਿਤ ਮੈਡੀਕਲ ਸਹਾਇਤਾ ਦੀ ਵੀ ਮੰਗ ਕੀਤੀ। ਬਿਆਨ ਮੁਤਾਬਕ ਇਸ ਯੋਜਨਾ ਦਾ ਮਕਸਦ ਕੁਦਰਤੀ ਆਫ਼ਤਾਂ ਜਾਂ ਮਨੁੱਖੀ ਸੰਕਟ ਦਾ ਸਾਹਮਣਾ ਕਰ ਰਹੇ ਵਿਕਾਸਸ਼ੀਲ ਦੇਸ਼ਾਂ ਨੂੰ ਜ਼ਰੂਰੀ ਸਿਹਤ ਸਹਾਇਤਾ ਉਪਲਬਧ ਕਰਵਾਉਣਾ ਹੈ।
ਵਿਸ਼ਵ ਸਿਹਤ ਸੰਗਠਨ (WHO) ਦੇ ਅੰਕੜਿਆਂ ਦਾ ਹਵਾਲਾ ਦਿੰਦਿਆਂ ਦੂਤਾਵਾਸ ਨੇ ਕਿਹਾ ਕਿ ਗਾਜ਼ਾ ਵਿੱਚ 36 ਹਸਪਤਾਲਾਂ ਵਿੱਚੋਂ ਕੇਵਲ 19 ਅੰਸ਼ਿਕ ਤੌਰ ’ਤੇ ਚੱਲ ਰਹੇ ਹਨ। ਹਸਪਤਾਲਾਂ ਵਿੱਚ ਦਵਾਈਆਂ, ਮੈਡੀਕਲ ਸਾਜ਼ੋ-ਸਾਮਾਨ, ਡਾਇਲਿਸਿਸ ਸਮੱਗਰੀ, ਖੂਨ ਦੀਆਂ ਯੂਨਿਟਾਂ ਅਤੇ ਜਨਰੇਟਰਾਂ ਲਈ ਈਂਧਨ ਦੀ ਕਮੀ ਦਰਜ ਕੀਤੀ ਗਈ ਹੈ।
ਦੂਤਾਵਾਸ ਨੇ ਦਾਅਵਾ ਕੀਤਾ ਕਿ ਲੰਬੇ ਸਮੇਂ ਤੋਂ ਚੱਲ ਰਹੇ ਸੰਘਰਸ਼ ਕਾਰਨ ਸਿਹਤ ਪ੍ਰਣਾਲੀ ਬੇਮਿਸਾਲ ਸੰਕਟ ਵਿੱਚ ਹੈ ਅਤੇ ਕਈ ਮਰੀਜ਼ਾਂ ਨੂੰ ਇਲਾਜ ਲਈ ਹੋਰ ਥਾਵਾਂ ’ਤੇ ਭੇਜਣ ਦੀ ਲੋੜ ਹੈ। ਨਾਲ ਹੀ ਚਮੜੀ ਸੰਬੰਧੀ ਬਿਮਾਰੀਆਂ, ਸੰਕਰਮਣ ਅਤੇ ਮਲਬੇ ਹੇਠਾਂ ਦੱਬੀਆਂ ਲਾਸ਼ਾਂ ਨੂੰ ਵੀ ਚਿੰਤਾ ਦਾ ਕਾਰਨ ਦੱਸਿਆ ਗਿਆ।
ਬਿਆਨ ਵਿੱਚ ਕਿਹਾ ਗਿਆ ਕਿ ਇਹ ਸੰਕਟ ਹੁਣ ਵੈਸਟ ਬੈਂਕ ਅਤੇ ਪੂਰਬੀ ਯਰੂਸ਼ਲਮ ਤੱਕ ਵੀ ਫੈਲ ਰਿਹਾ ਹੈ। ਆਰਥਿਕ ਦਬਾਅ ਅਤੇ ਫੰਡਾਂ ਦੀ ਘਾਟ ਕਾਰਨ ਸਿਹਤ ਸੇਵਾਵਾਂ ਪ੍ਰਭਾਵਿਤ ਹੋ ਰਹੀਆਂ ਹਨ। ਦੂਤਾਵਾਸ ਅਨੁਸਾਰ ਦਵਾਈਆਂ ਦੀ ਕਮੀ ਕਾਰਨ ਹਜ਼ਾਰਾਂ ਸਰਜਰੀਆਂ ਟਾਲਣੀਆਂ ਪਈਆਂ ਹਨ ਅਤੇ ਕਈ ਜ਼ਰੂਰੀ ਦਵਾਈਆਂ ਦਾ ਸਟਾਕ ਵੀ ਖਤਮ ਹੋ ਚੁੱਕਾ ਹੈ।

