ਪਾਕਿਸਤਾਨ ਨੇ ਸ਼ਹੀਦ ਭਗਤ ਸਿੰਘ ਨੂੰ ਐਲਾਨਿਆ ਅੱਤਵਾਦੀ, ਸਨਮਾਨ ਦੇਣ ਦੀ ਯੋਜਨਾ ਰੱਦ

Global Team
3 Min Read

ਨਿਊਜ਼ ਡੈਸਕ: ਭਾਰਤ ਦੀ ਅਜ਼ਾਦੀ ਲਈ ਸੰਘਰਸ਼ ਕਰਨ ਵਾਲੇ ਤੇ ਆਪਣੀ ਜਾਨ ਕੁਰਬਾਨ ਕਰਨ ਵਾਲੇ ਭਗਤ ਸਿੰਘ ਦੇ ਨਾਮ ’ਤੇ ਲਾਹੌਰ ਸ਼ਹਿਰ ਦੇ ਸ਼ਾਦਮਾਨ ਚੌਕ ਦਾ ਨਾਮ ਬਦਲਣ ਦੀ ਯੋਜਨਾ ਰੱਦ ਕਰ ਦਿੱਤੀ ਗਈ ਹੈ। ਪਾਕਿਸਤਾਨ ਦੀ ਪੰਜਾਬ ਸਰਕਾਰ ਨੇ ਭਾਰਤ ਦੇ ਬਹਾਦਰ ਅਤੇ ਕ੍ਰਾਂਤੀਕਾਰੀ ਪੁੱਤਰ ਭਗਤ ਸਿੰਘ ਨੂੰ ਅੱਤਵਾਦੀ ਐਲਾਨ ਦਿੱਤਾ ਹੈ। ਪਾਕਿਸਤਾਨ ਦੀ ਪੰਜਾਬ ਸਰਕਾਰ ਨੇ ਲਾਹੌਰ ਦੇ ਸ਼ਾਦਮਾਨ ਚੌਂਕ ਦਾ ਨਾਮ ਬਦਲਣ ਅਤੇ ਉਸ ਦੇ ਸਨਮਾਨ ਵਿੱਚ ਬੁੱਤ ਲਗਾਉਣ ਦਾ ਵਿਰੋਧ ਕੀਤਾ। ਲਾਹੌਰ ਪ੍ਰਸ਼ਾਸਨ ਨੇ ਅਦਾਲਤ ਦੀ ਮਾਣਹਾਨੀ ਦੀ ਪਟੀਸ਼ਨ ਦੇ ਜਵਾਬ ਵਿੱਚ ਇੱਕ ਰਿਪੋਰਟ ਪੇਸ਼ ਕੀਤੀ, ਜਿਸ ਵਿੱਚ ਭਗਤ ਸਿੰਘ ਨੂੰ ਇੱਕ ਅਪਰਾਧੀ ਅਤੇ ਅੱਜ ਦੇ ਮਾਪਦੰਡਾਂ ਅਨੁਸਾਰ, ਇੱਕ ਅੱਤਵਾਦੀ ਦੱਸਿਆ ਗਿਆ ਸੀ।

ਸਹਾਇਕ ਐਡਵੋਕੇਟ ਜਨਰਲ ਅਸਗਰ ਲੇਘਾਰੀ ਵੱਲੋਂ ਸ਼ੁੱਕਰਵਾਰ ਨੂੰ ਲਾਹੌਰ ਹਾਈ ਕੋਰਟ ਵਿੱਚ ਦਿੱਤੇ ਗਏ ਲਿਖਤੀ ਜਵਾਬ ’ਚ ਆਜ਼ਾਦੀ ਘੁਲਾਟੀਏ ’ਤੇ ਗੰਭੀਰ ਦੋਸ਼ ਲਾਏ ਗਏ ਹਨ।

ਲਾਹੌਰ ਮੈਟਰੋਪੌਲੀਟਨ ਕਾਰਪੋਰੇਸ਼ਨ ਨੇ ਭਗਤ ਸਿੰਘ ਮੈਮੋਰੀਅਲ ਫਾਊਂਡੇਸ਼ਨ ਪਾਕਿਸਤਾਨ ਦੇ ਚੇਅਰਮੈਨ ਇਮਤਿਆਜ਼ ਰਸ਼ੀਦ ਕੁਰੈਸ਼ੀ ਵੱਲੋਂ ਲਾਹੌਰ ਹਾਈ ਕੋਰਟ ’ਚ ਦਾਇਰ ਮਾਣਹਾਨੀ ਪਟੀਸ਼ਨ ਦੇ ਜਵਾਬ ਵਿੱਚ ਕਿਹਾ, ‘ਸ਼ਾਦਮਾਨ ਚੌਕ ਦਾ ਨਾਮ ਬਦਲ ਕੇ ਭਗਤ ਸਿੰਘ ਦੇ ਨਾਮ ’ਤੇ ਰੱਖਣ ਅਤੇ ਉਥੇ ਉਨ੍ਹਾਂ ਦਾ ਬੁੱਤ ਲਾਉਣ ਦੀ ਪ੍ਰਸਤਾਵਿਤ ਯੋਜਨਾ ਨੂੰ (ਸੇਵਾਮੁਕਤ) ਫ਼ੌਜੀ ਅਧਿਕਾਰੀ ਤਾਰਿਕ ਮਜੀਦ ਵੱਲੋਂ ਦਿੱਤੀ ਗਈ ਰਾਏ ਦੇ ਮੱਦੇਨਜ਼ਰ ਰੱਦ ਕਰ ਦਿੱਤਾ ਗਿਆ ਹੈ।’

ਇਸ ਵਿਚ ਕਿਹਾ ਗਿਆ ਹੈ ਕਿ ਸ਼ਾਦਮਾਨ ਚੌਕ ਦਾ ਨਾਮ ਭਗਤ ਸਿੰਘ ਦੇ ਨਾਮ ’ਤੇ ਰੱਖਣ ਲਈ ਬਣਾਈ ਗਈ ਕਮੇਟੀ ਵਿੱਚ ਸ਼ਾਮਲ ਕੀਤੇ ਗਏ ਸੇਵਾਮੁਕਤ ਅਧਿਕਾਰੀ ਮਜੀਦ ਨੇ ਦਾਅਵਾ ਕੀਤਾ, ‘ਭਗਤ ਸਿੰਘ ਕ੍ਰਾਂਤੀਕਾਰੀ ਨਹੀਂ ਬਲਕਿ ਅਪਰਾਧੀ ਸੀ। ਉਸ ਨੇ ਬਰਤਾਨਵੀ ਅਧਿਕਾਰੀ ਦੀ ਹੱਤਿਆ ਕੀਤੀ ਸੀ ਅਤੇ ਇਸ ਅਪਰਾਧ ਲਈ ਉਸ ਨੂੰ ਦੋ ਸਾਥੀਆਂ ਸਮੇਤ ਫਾਂਸੀ ਦਿੱਤੀ ਗਈ ਸੀ।’

ਮਜੀਦ ਅਨੁਸਾਰ, ‘ਭਗਤ ਸਿੰਘ ਮੁਸਲਮਾਨਾਂ ਦੇ ਦੁਸ਼ਮਣ ਧਾਰਮਿਕ ਆਗੂਆਂ ਤੋਂ ਪ੍ਰਭਾਵਿਤ ਸੀ ਅਤੇ ਗੈਰ-ਸਰਕਾਰੀ ਸੰਗਠਨ ‘ਭਗਤ ਸਿੰਘ ਫਾਊਂਡੇਸ਼ਨ’, ਜੋ ਇਸਲਾਮਿਕ ਵਿਚਾਰਧਾਰਾ ਅਤੇ ਪਾਕਿਸਤਾਨੀ ਸੱਭਿਆਚਾਰ ਦੇ ਖ਼ਿਲਾਫ਼ ਕੰਮ ਕਰ ਰਿਹਾ ਹੈ, ’ਤੇ ਪਾਬੰਦੀ ਲਾਈ ਜਾਣੀ ਚਾਹੀਦੀ ਹੈ।’ ਉਨ੍ਹਾਂ ਕਿਹਾ, ‘ਇਸ ਸੰਗਠਨ ਦੇ ਅਧਿਕਾਰੀ, ਜੋ ਖੁਦ ਨੂੰ ਮੁਸਲਮਾਨ ਆਖਦੇ ਹਨ, ਨੂੰ ਪਤਾ ਹੋਣਾ ਚਾਹੀਦਾ ਹੈ ਕਿ ਪਾਕਿਸਤਾਨ ਵਿੱਚ ਇੱਕ ਨਾਸਤਕ ਦੇ ਨਾਮ ’ਤੇ ਕਿਸੇ ਥਾਂ ਦਾ ਨਾਮ ਨਹੀਂ ਰੱਖਿਆ ਜਾ ਸਕਦਾ ਕਿਉਂਕਿ ਇਸਲਾਮ ਵਿੱਚ ਬੁੱਤ ਲਾਉਣ ਦੀ ਮਨਾਹੀ ਹੈ।’

Share This Article
Leave a Comment