ਇਸਲਾਮਾਬਾਦ : ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਬਿਨਾਂ ਕਿਸੇ ਸਬੂਤ ਦੇ ਕਰਾਚੀ ਦੇ ਸਟਾਕ ਐਕਸਚੇਂਜ਼ ‘ਤੇ ਹੋਏ ਹਮਲੇ ਲਈ ਭਾਰਤ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਇਸ ਦੇ ਨਾਲ ਹੀ ਭਾਰਤ ਨੇ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ।
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਮੰਗਲਵਾਰ ਨੂੰ ਦੇਸ਼ ਦੀ ਸੰਸਦ ‘ਚ ਭਾਰਤ ‘ਤੇ ਉਸ ਨੂੰ ਅਸਥਿਰ ਕਰਨ ਦਾ ਦੋਸ਼ ਲਗਾਇਆ ਹੈ। ਇਮਰਾਨ ਨੇ ਸੰਸਦ ‘ਚ ਦੱਸਿਆ ਕਿ ਭਾਰਤ ਨੇ ਇੱਕ ਵੱਡੀ ਪਲਾਨਿੰਗ ਨਾਲ ਪਾਕਿਸਤਾਨ ਨੂੰ ਅਸਥਿਰ ਕਰਨ ਦਾ ਪਲਾਨ ਬਣਾਇਆ ਸੀ। ਇਮਰਾਨ ਖਾਨ ਨੇ ਕਿਹਾ ਕਿ ਭਾਰਤ ਦਾ ਸਿਰਫ ਇੱਕੋ ਇੱਕ ਟੀਚਾ ਕਰਾਚੀ ਦੇ ਸਟਾਕ ਐਕਸਚੇਂਜ ‘ਤੇ ਮੁੰਬਈ ਤਰ੍ਹਾਂ ਇੱਕ ਵੱਡੇ ਹਮਲੇ ਨੂੰ ਅੰਜਾਮ ਦੇਣਾ ਸੀ। ਉਨ੍ਹਾਂ ਕਿਹਾ ਕਿ ਇਸ ਹਮਲੇ ਪਿੱਛੇ ਭਾਰਤ ਦਾ ਹੱਥ ਹੈ। ਉਨ੍ਹਾਂ ਅੱਗੇ ਕਿਹਾ ਕਿ ਪਾਕਿਸਤਾਨ ਦੀਆਂ ਸੁਰੱਖਿਆ ਏਜੰਸੀਆਂ ਹਾਈ ਅਲਰਟ ‘ਤੇ ਸਨ।
ਪਾਕਿਸਤਾਨੀ ਵਿਦੇਸ਼ ਮੰਤਰੀ ਸ਼ਾਹ ਮੁਹਿਮੂਦ ਕੁਰੈਸ਼ੀ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ ਉਨ੍ਹਾਂ ਵੱਲੋਂ ਪਹਿਲਾਂ ਹੀ ਇਸ ਗੱਲ ਦੀ ਚੇਤਾਵਨੀ ਦਿੱਤੀ ਗਈ ਸੀ ਕਿ ਭਾਰਤ ਪਾਕਿਸਤਾਨ ‘ਚ ਆਪਣੇ ਸਲੀਪਰ ਸੈੱਲ ਐਕਟੀਵੇਟ ਕਰ ਰਿਹਾ ਹੈ। ਕੁਰੈਸ਼ੀ ਨੇ ਦੋਸ਼ ਲਾਇਆ ਕਿ ਬਲੋਚਿਸਤਾਨ ਲਿਬਰੇਸ਼ਨ ਆਰਮੀ (ਬੀ.ਐੱਲ.ਏ.) ਦਾ ਸਬੰਧ ਭਾਰਤ ਨਾਲ ਹੈ ਜਿਸ ਨੇ ਕਰਾਚੀ ਹਮਲੇ ਦੀ ਜ਼ਿੰਮੇਵਾਰੀ ਲਈ ਹੈ।
ਦੱਸ ਦਈਏ ਕਿ ਬੀਤੇ ਸੋਮਵਾਰ ਕਰਾਚੀ ਸ਼ਹਿਰ ‘ਚ ਸਥਿਤ ‘ਪਾਕਿਸਤਾਨ ਸਟਾਕ ਐਕਸਚੇਂਜ਼’ ‘ਤੇ ਹਮਲਾ ਹੋਇਆ ਸੀ। ਜਿਸ ‘ਚ 11 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਹੋਰ ਬਹੁਤ ਸਾਰੇ ਜ਼ਖਮੀ ਹੋ ਗਏ ਸਨ। ਖਬਰਾਂ ਅਨੁਸਾਰ ਅਫਗਾਨਿਸਤਾਨ ਤੋਂ ਬਾਹਰ ਕੰਮ ਕਰਨ ਵਾਲੇ ਅੱਤਵਾਦੀ ਸਮੂਹ ਬਲੋਚਿਸਤਾਨ ਲਿਬਰੇਸ਼ਨ ਆਰਮੀ ( BLA ) ਨੇ ਹਮਲੇ ਦੀ ਜ਼ਿੰਮੇਵਾਰੀ ਲਈ ਸੀ। ਮਿਲੀ ਜਾਣਕਾਰੀ ਅਨੁਸਾਰ ਇਸ ਹਮਲੇ ‘ਚ ਅੱਤਵਾਦੀਆਂ ਨੇ ਚਾਰ ਸੁਰੱਖਿਆ ਗਾਰਡ ਅਤੇ ਇੱਕ ਪੁਲਿਸ ਅਧਿਕਾਰੀ ਨੂੰ ਮਾਰ ਦਿੱਤਾ ਸੀ।