ਲਾਹੌਰ: ਸ੍ਰੀ ਕਰਤਾਰਪੁਰ ਸਾਹਿਬ ਵਿਖੇ ਫੋਟੋਸ਼ੂਟ ਕਰਵਾਉਣ ਵਾਲੀ ਪਾਕਿਸਤਾਨੀ ਮਾਡਲ ਸਵਾਲਾ ਲਾਲਾ ਨੇ ਸਿੱਖ ਭਾਈਚਾਰੇ ਤੋਂ ਮੁਆਫੀ ਮੁਆਫੀ ਮੰਗੀ ਹੈ। ਉਸ ਨੇ ਇੰਸਟਾਗ੍ਰਾਮ ਅਕਾਊਂਟ ‘ਤੇ ‘ਸੌਰੀ’ ਦੀ ਫੋਟੋ ਪੋਸਟ ਕਰਕੇ ਮੁਆਫੀ ਮੰਗੀ ਹੈ। ਮਾਡਲ ਸਵਾਲਾ ਨੇ ਕਿਹਾ ਕਿ ਉਹ ਕਰਤਾਰਪੁਰ ਸਾਹਿਬ ਦੇ ਇਤਿਹਾਸ ਅਤੇ ਸਿੱਖ ਧਰਮ ਬਾਰੇ ਜਾਣਨ ਲਈ ਗਈ ਸੀ। ਜੇਕਰ ਉਸ ਦੀ ਫੋਟੋ ਤੋਂ ਕਿਸੇ ਨੂੰ ਠੇਸ ਪਹੁੰਚੀ ਹੈ ਤਾਂ ਉਹ ਮੁਆਫੀ ਮੰਗਦੀ ਹੈ।
ਉਸਨੇ ਲਿਖਿਆ ਕਿ ਇਹ ਤਸਵੀਰਾਂ ਕਿਸੇ ਫੋਟੋਸ਼ੂਟ ਦਾ ਹਿੱਸਾ ਨਹੀਂ ਸੀ। ਉਹ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦੀ ਸੀ। ਮੈਂ ਉੱਥੇ ਲੋਕਾਂ ਨੂੰ ਫੋਟੋਆਂ ਖਿਚਵਾਉਂਦੇ ਦੇਖਿਆ, ਜਿਨ੍ਹਾਂ ਵਿੱਚ ਬਹੁਤ ਸਾਰੇ ਸਿੱਖ ਵੀ ਸ਼ਾਮਲ ਸਨ, ਇਸ ਲਈ ਮੈਂ ਵੀ ਫੋਟੋ ਖਿੱਚਵਾ ਲਈਆਂ। ਇਹ ਤਸਵੀਰਾਂ ਵੀ ਉਸ ਥਾਂ ਦੀਆਂ ਨਹੀਂ ਹਨ ਜਿੱਥੇ ਲੋਕ ਮੱਥਾ ਟੇਕਦੇ ਹਨ। ਉਸ ਨੇ ਸਮੁੱਚੀ ਸਿੱਖ ਕੌਮ ਤੋਂ ਮੁਆਫੀ ਮੰਗਦਿਆਂ ਕਿਹਾ ਕਿ ਉਹ ਭਵਿੱਖ ਵਿੱਚ ਇਸ ਦਾ ਖਿਆਲ ਰਖੇਗੀ।
ਉੱਥੇ ਹੀ ਬੀਤੇ ਦਿਨੀਂ ਕਲੋਥਿੰਗ ਸਟੋਰ ਨੇ ਤਸਵੀਰਾਂ ਡਿਲੀਟ ਕਰ ਦਿੱਤੀਆਂ ਸਨ ਤੇ ਪੋਸਟ ਕਰਕੇ ਸਫਾਈ ਵੀ ਦਿੱਤੀ ਸੀ ਪਰ ਸਟੋਰ ਦੇ ਪੇਜ ਨੂੰ ਡੀ-ਐਕਟੀਵੇਟ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਪੋਸਟ ਕਰਕੇ ਲਿਖਿਆ, ‘ਸਾਡੇ ਵਲੋਂ ਪੋਸਟ ਕੀਤੀਆਂ ਗਈਆਂ ਤਸਵੀਰਾਂ ਮੰਨਤ ਕਲੋਥਿੰਗ ਵਲੋਂ ਕੀਤੇ ਗਏ ਕਿਸੇ ਵੀ ਸ਼ੂਟ ਦਾ ਹਿੱਸਾ ਨਹੀਂ ਹਨ। ਇਹ ਤਸਵੀਰਾਂ ਸਾਨੂੰ ਇੱਕ ਥਰਡ ਪਾਰਟੀ (ਬਲੌਗਰ) ਵਲੋਂ ਦਿੱਤੀਆਂ ਗਈਆਂ ਸਨ ਜਿਸ ਵਿੱਚ ਉਹਨਾਂ ਨੇ ਸਾਡਾ ਪਹਿਰਾਵਾ ਪਾਇਆ ਹੋਇਆ ਸੀ। ਇਹ ਤਸਵੀਰਾਂ ਕਿਵੇਂ ਅਤੇ ਕਿੱਥੇ ਲਈਆਂ ਗਈਆਂ ਸਨ, ਇਹ ਫੈਸਲਾ ਕਰਨ ਵਿੱਚ ਮੰਨਤ ਦੀ ਬਿਲਕੁਲ ਕੋਈ ਭੂਮਿਕਾ ਨਹੀਂ ਹੈ। ਹਾਲਾਂਕਿ, ਅਸੀਂ ਆਪਣੀ ਗਲਤੀ ਨੂੰ ਸਵੀਕਾਰ ਕਰਦੇ ਹਾਂ ਕਿ ਸਾਨੂੰ ਇਹ ਤਸਵੀਰਾਂ ਪੋਸਟ ਨਹੀਂ ਕਰਨੀਆਂ ਚਾਹੀਦੀਆਂ ਸਨ ਅਤੇ ਅਸੀਂ ਹਰ ਉਸ ਵਿਅਕਤੀ ਤੋਂ ਮੁਆਫੀ ਮੰਗਦੇ ਹਾਂ ਜਿਸ ਨੂੰ ਇਸ ਨਾਲ ਦੁੱਖ ਪਹੁੰਚਿਆਂ ਹੈ।’